07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਹੁਤ ਸਾਲ ਪਹਿਲਾਂ ਵਾਤਾਵਰਨ ਵਿਗਾੜਾਂ ਸੰਬੰਧੀ ਭਗਤ ਪੂਰਨ ਸਿੰਘ ਨੇ ਕੀਤਾ ਸੀ ਸੁਚੇਤ

Ad Position 21
repet_subhas-goyals [Copy P29]
ਅਜੀਤ ਡੈਸਕ 28-03-2026

ਮਹਾਨ ਸਮਾਜ ਸੇਵਕ ਭਗਤ ਪੂਰਨ ਸਿੰਘ, ਜਿਨ੍ਹਾਂ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਾਪਤ ਕੀਤਾ ਪਿੰਗਲਵਾੜਾ ਸਮਾਜ ਸੇਵਕਾਂ ਲਈ ਇਕ ਚਾਨਣ ਮੁਨਾਰਾ ਬਣਿਆ ਹੋਇਆ ਹੈ, ਨੇ 1927 ਵਿਚ ਵਾਤਾਵਰਨ ਵਿਚ ਆ ਰਹੇ ਵਿਗਾੜ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਆਪਣਾ ਕਾਰਜ ਸ਼ੁਰੂ ਕੀਤਾ ਸੀ। ਭਗਤ ਜੀ ਨੇ ਆਪਣੀਆਂ ਵੱਖ-ਵੱਖ ਲਿਖਤਾਂ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਅਖ਼ਬਾਰ 'ਯੰਗ ਇੰਡੀਆ' ਵਿਚ ਇਹ ਪੜ੍ਹਿਆ ਸੀ ਕਿ ਲੋਕਾਂ ਵਿਚ ਖੱਦਰ ਪ੍ਰਤੀ ਰੁਝਾਨ ਘਟ ਰਿਹਾ ਹੈ ਅਤੇ ਉਨ੍ਹਾਂ ਦਾ ਰੁਖ਼ ਸਨਅਤੀ ਕੱਪੜਿਆਂ ਵੱਲ ਹੋ ਰਿਹਾ ਹੈ। ਇਸ ਕਾਰਨ ਉਨ੍ਹਾਂ ਦੇ ਮਨ ਵਿਚ ਇਕ ਗੱਲ ਬੈਠ ਗਈ ਕਿ ਸਨਅਤੀ ਕੱਪੜੇ ਕਾਰਨ ਪਾਣੀ, ਹਵਾ ਅਤੇ ਆਵਾਜ਼ ਦਾ ਪ੍ਰਦੂਸ਼ਣ ਵਧੇਗਾ, ਜਿਸ ਨਾਲ ਲੋਕ ਬਿਮਾਰ ਹੋਣਗੇ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰਨ ਲਈ ਬੀੜਾ ਚੁੱਕ ਲਿਆ। ਇਸ ਤੋਂ ਬਾਅਦ ਸਾਰੀ ਉਮਰ (1992 ਤੱਕ) ਉਨ੍ਹਾਂ ਨੇ ਖੱਦਰ ਦਾ ਪ੍ਰਚਾਰ ਨਹੀਂ ਛੱਡਿਆ। ਉਨ੍ਹਾਂ ਨੇ ਸਿਰਫ਼ ਵਿਖਿਆਨ ਨਹੀਂ ਦਿੱਤਾ ਸਗੋਂ ਉਸ ਉੱਤੇ ਅਮਲ ਵੀ ਕੀਤਾ। ਖ਼ੁਦ ਖੱਦਰ ਪਹਿਨਦੇ ਸਨ ਅਤੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਵੀ ਉਨ੍ਹਾਂ ਨੇ ਖੱਦਰ ਪਹਿਨਣ ਦਾ ਆਦੇਸ਼ ਦਿੱਤਾ ਹੋਇਆ ਸੀ। ਪਿੰਗਲਵਾੜੇ ਦੇ ਅੰਦਰ ਖਾਦੀ ਸਟੋਰ ਸੀ ਜਿਸ ਵਿਚੋਂ ਹਰ ਮੁਲਾਜ਼ਮ ਨੂੰ ਹਰ ਮਹੀਨੇ ਉਸ ਦੀ ਤਨਖ਼ਾਹ ਵਿਚੋਂ ਪੈਸੇ ਕੱਟ ਕੇ ਕੱਪੜਾ ਦਿੱਤਾ ਜਾਂਦਾ ਸੀ। ਮੈਂ ਖ਼ੁਦ ਇਸ ਪ੍ਰਕਿਰਿਆ ਵਿਚੋਂ ਗੁਜ਼ਰਿਆ ਹਾਂ। 1976 ਵਿਚ ਮੈਂ ਭਗਤ ਜੀ ਦੇ ਸੰਪਰਕ ਵਿਚ ਆਇਆ ਅਤੇ 1980 ਤੱਕ ਉਨ੍ਹਾਂ ਦੇ ਨਿੱਜੀ ਸਟਾਫ਼ ਵਿਚ ਕੰਮ ਕੀਤਾ। ਮੇਰੀ ਉਸ ਸਮੇਂ ਤਨਖ਼ਾਹ 425 ਰੁਪਏ ਸੀ ਅਤੇ ਮੇਰੀ ਤਨਖ਼ਾਹ ਵਿਚੋਂ ਹਰ ਮਹੀਨੇ 42 ਰੁਪਏ ਕੱਟੇ ਜਾਂਦੇ ਸਨ। ਜਦ ਖਾਦੀ ਸਟੋਰ ਵਿਚ 5-4 ਮਹੀਨੇ ਦੇ ਪੈਸੇ ਇਕੱਠੇ ਹੋ ਜਾਂਦੇ ਤਾਂ ਖੱਦਰ ਦੇ ਕਮੀਜ਼ ਪਜਾਮੇ, ਘਰ ਵਾਸਤੇ ਦਰੀਆਂ, ਕੰਬਲ, ਚਾਦਰਾਂ ਆਦਿ ਲੈ ਜਾਂਦਾ ਸਾਂ। ਕਹਿਣ ਤੋਂ ਭਾਵ ਹੈ ਕਿ ਭਗਤ ਜੀ ਨੇ ਜੋ ਕਿਹਾ ਉਹ ਕੀਤਾ ਵੀ।
ਅੱਜ ਉਨ੍ਹਾਂ ਦੇ ਪਿੰਗਲਵਾੜਾ ਰੂਪੀ ਲਗਾਏ ਹੋਏ ਇਸ ਰੁੱਖ ਹੇਠ 1900 ਦੇ ਕਰੀਬ ਮਰੀਜ਼ਾਂ ਦੀ ਸੇਵਾ ਸੰਭਾਲ ਲਈ 1100 ਦੇ ਕਰੀਬ ਮੁਲਾਜ਼ਮ ਲੱਗੇ ਹੋਏ ਹਨ। ਭਗਤ ਜੀ ਦੇ ਨਾਂਅ ਉੱਤੇ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਸਾਹਿਬ ਅਤੇ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਸਾਹਿਬ ਵਿਚ ਭਗਤ ਪੂਰਨ ਸਿੰਘ ਵਾਰਡ ਸਥਾਪਤ ਹਨ ਅਤੇ ਹੁਣ ਪਿੱਛੇ ਜਿਹੇ ਏਮਜ਼ ਮੁਹਾਲੀ ਵਿਖੇ ਵੀ ਭਗਤ ਪੂਰਨ ਸਿੰਘ ਵਾਰਡ ਦੀ ਸਥਾਪਨਾ ਹੋਈ ਹੈ। ਭਗਤ ਜੀ ਦਾ 5 ਅਗਸਤ, 1992 ਨੂੰ ਦਿਹਾਂਤ ਹੋ ਗਿਆ ਅਤੇ ਉਨ੍ਹਾਂ ਦੇ ਪਿੱਛੋਂ ਬੀਬੀ ਇੰਦਰਜੀਤ ਕੌਰ ਨੇ ਇਸ ਸੰਸਥਾ ਦੀ ਕਮਾਨ ਸੰਭਾਲੀ ਹੋਈ ਹੈ ਅਤੇ ਇਸ ਗੱਲ ਦੀ ਤਸੱਲੀ ਹੈ ਕਿ ਬੀਬੀ ਇੰਦਰਜੀਤ ਕੌਰ ਨੇ ਭਗਤ ਜੀ ਦੀਆਂ ਪਾਈਆਂ ਪੈੜਾਂ ਨੂੰ ਹੋਰ ਸੁਗੰਧਿਤ ਕੀਤਾ ਹੈ। ਉਨ੍ਹਾਂ ਵਲੋਂ ਪੰਜਾਬ ਦੇ ਕੁਝ ਸ਼ਹਿਰਾਂ ਪਿੱਛੋਂ ਸੰਗਰੂਰ ਵਿਚ ਵੀ ਪਿੰਗਲਵਾੜਾ ਦੀ ਸ਼ਾਖਾ ਸਥਾਪਤ ਕੀਤੀ ਗਈ ਹੈ, ਇਸ ਸ਼ਾਖਾ ਦੇ ਪ੍ਰਬੰਧਕ ਸ. ਤਰਲੋਚਨ ਸਿੰਘ ਚੀਮਾ ਜਿਨ੍ਹਾਂ ਦੀ ਉਮਰ 102 ਸਾਲ ਹੈ ਅਤੇ ਪੰਜਾਬ ਸਿੰਧ ਬੈਂਕ ਵਿਚੋਂ ਚੀਫ਼ ਮੈਨੇਜਰ ਵਜੋਂ ਸੇਵਾ ਮੁਕਤ ਹੋਏ ਸ. ਹਰਜੀਤ ਸਿੰਘ ਅਰੋੜਾ ਸਹਾਇਕ ਪ੍ਰਬੰਧਕ ਨੇ ਦੱਸਿਆ ਕਿ 22 ਮਾਰਚ, 1997 ਨੂੰ ਇਸ ਸ਼ਾਖਾ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ 25 ਮਾਰਚ, 2001 ਨੂੰ ਇਸ ਸ਼ਾਖਾ ਦੀ ਇਮਾਰਤ ਬਣ ਕੇ ਤਿਆਰ ਹੋ ਗਈ ਸੀ। ਅੱਜ ਇਸ ਸ਼ਾਖਾ ਵਿਚ 290 ਦੇ ਕਰੀਬ ਮਰੀਜ਼ਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਹੈ। ਹਰ ਸਾਲ ਇਸ ਸ਼ਾਖਾ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ ਇਹ ਸਮਾਗਮ 27, 28 ਅਤੇ 29 ਮਾਰਚ ਨੂੰ ਹੋਣਾ ਹੈ ਜਿਸ ਵਿਚ ਵਾਤਾਵਰਨ ਬਾਰੇ ਗੱਲਾਂ ਹੋਣਗੀਆਂ।
ਪਿੰਗਲਵਾੜਾ ਦੇ ਸ਼ਰਧਾਲੂ ਸ. ਸੁਰਿੰਦਰਪਾਲ ਸਿੰਘ ਸਿਦਕੀ ਅਤੇ ਡਾ. ਇਕਬਾਲ ਸਿੰਘ ਸਕਰੌਦੀ ਨੇ ਦੱਸਿਆ ਕਿ ਇਸ ਵਾਰ ਵਾਤਾਵਰਨ ਦਾ ਇਕ ਵਿਸ਼ਾ ਚੁਣਿਆ ਗਿਆ ਹੈ। ਇਸ ਵਿਸ਼ੇ ਅਧੀਨ ਲੋਕਾਂ ਨੂੰ ਡਿਸਪੋਜ਼ੇਬਲ ਭਾਂਡਿਆਂ ਕੱਪ ਪਲੇਟਾਂ ਗਲਾਸਾਂ ਆਦਿ ਬਾਰੇ ਸੁਚੇਤ ਕਰ ਕੇ ਇਨ੍ਹਾਂ ਦੀ ਵਰਤੋਂ ਰੋਕਣ ਲਈ ਸੱਦਾ ਦਿੱਤਾ ਜਾਵੇਗਾ। ਹੋਰ ਵੀ ਚੰਗਾ ਹੋਵੇ ਜੇ ਇਸ ਮੌਕੇ ਭਗਤ ਜੀ ਵਲੋਂ ਸ਼ੁਰੂ ਕੀਤੇ ਖੱਦਰ ਦੇ ਪ੍ਰਚਾਰ ਅਤੇ ਖਾਦੀ ਸਟੋਰ ਨੂੰ ਪੁਨਰ ਸੁਰਜੀਤ ਕਰ ਦਿੱਤਾ ਜਾਵੇ। ਸੰਸਥਾ ਦੇ ਹਰ ਮੈਂਬਰ ਅਤੇ ਹਰ ਮੁਲਾਜ਼ਮ ਖੱਦਰ ਪਹਿਨਣ ਦੀ ਰੁਚੀ ਮੁੜ ਪੈਦਾ ਹੋਣ ਨਾਲ ਵਾਤਾਵਰਨ ਪ੍ਰਤੀ ਭਗਤ ਜੀ ਦੀ ਸੋਚ ਨੂੰ ਸਹੀ ਸ਼ਰਧਾਂਜਲੀ ਹੋਵੇਗੀ।

-ਇੰਚਾਰਜ, ਅਜੀਤ ਉਪ ਦਫ਼ਤਰ, ਸੰਗਰੂਰ।
ਮੋਬਾਈਲ : 98142-82543

Ad Position 22
No active advertisement
ਪਿਛਲੀ ਖ਼ਬਰ ਜਿਸਮ ਫ਼ਰੋਸ਼ੀ ਦੇ ਧੰਦੇ ਲਈ ਕਮਰੇ ਕਿਰਾਏ 'ਤੇ ਦੇਣ ਵਾਲੀ ਔਰਤ ਸਮੇਤ ਚਾਰ ਜਣੇ ਗਿ੍ਫ਼ਤਾਰ ਅਗਲੀ ਖ਼ਬਰ ਖਾੜੀ ਜੰਗ ਨੇ ਸਾਡੀ ਊਰਜਾ ਸਵੈ-ਨਿਰਭਰਤਾ ਦੀ ਪੋਲ ਖੋਲ੍ਹੀ
Ad Position 24