ਉੱਤਰ ਪ੍ਰਦੇਸ਼ ਦੇ ਵੱਡੇ ਤੀਰਥ ਅਸਥਾਨ ਮਥੁਰਾ ਨੇੜੇ ਵ੍ਰਿੰਦਾਵਨ ਵਿਚ ਹੋਇਆ ਕਿਸ਼ਤੀ ਹਾਦਸਾ ਬੇਹੱਦ ਦੁਖਦਾਈ ਹੈ ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਾਲੇ ਕੁਝ ਲਾਪਤਾ ਵੀ ਹਨ। ਵ੍ਰਿੰਦਾਵਨ ਇਕ ਅਜਿਹਾ ਤੀਰਥ ਸਥਾਨ ਹੈ ਜਿੱਥੇ ਲੱਖਾਂ ਹੀ ਲੋਕ ਜਾਂਦੇ ਹਨ। ਇੱਥੇ ਭਗਵਾਨ ਕ੍ਰਿਸ਼ਨ ਜੀ ਨੇ ਆਪਣਾ ਬਚਪਨ ਗੁਜ਼ਾਰਿਆ। ਉਨ੍ਹਾਂ ਦਾ ਜਨਮ ਮਥੁਰਾ ਵਿਚ ਹੋਇਆ। ਵ੍ਰਿੰਦਾਵਨ ਵਿਚ ਸੈਂਕੜੇ ਮੰਦਰ ਹਨ। ਯਮੁਨਾ ਦੇ ਕਿਨਾਰੇ ਵਸਿਆ ਹੋਣ ਕਰਕੇ ਇੱਥੇ ਅਨੇਕਾਂ ਹੀ ਘਾਟ ਹਨ। ਇਥੇ ਭਗਵਾਨ ਕ੍ਰਿਸ਼ਨ ਦੀ ਯਾਦ ਵਿਚ ਬਣਿਆ ਬਾਂਕੇ ਬਿਹਾਰੀ ਮੰਦਰ ਲਗਾਤਾਰ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣਿਆ ਰਹਿੰਦਾ ਹੈ। ਪੰਜਾਬ ਤੋਂ ਵੀ ਕੁਝ ਦਰਜਨ ਸ਼ਰਧਾਲੂ ਇੱਥੇ ਗਏ ਸਨ ਅਤੇ ਲੁਧਿਆਣਾ, ਮੁਕਤਸਰ ਅਤੇ ਜਗਰਾਉਂ ਦੇ 37 ਦੇ ਕਰੀਬ ਸ਼ਰਧਾਲੂ ਯਮੁਨਾ ਵਿਚ ਇਕ ਮੋਟਰ ਬੋਟ 'ਤੇ ਸਵਾਰੀ ਕਰ ਰਹੇ ਸਨ।
ਡੂੰਘੇ ਪਾਣੀ ਵਿਚ ਬਣੇ ਪਾਂਟੂਨ ਪੁਲ ਜਿਸ ਨੂੰ ਹੁਣ ਹਟਾਇਆ ਜਾ ਰਿਹਾ ਸੀ, ਨਾਲ ਸ਼ਰਧਾਲੂਆਂ ਦੀ ਕਿਸ਼ਤੀ ਟਕਰਾ ਗਈ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਪਰ ਨੇੜੇ ਦੇ ਕਿਸ਼ਤੀਆਂ ਵਾਲਿਆਂ ਨੇ ਅਤੇ ਗੋਤਾਖੋਰਾਂ ਨੇ ਇਨ੍ਹਾਂ 'ਚੋਂ ਕਈ ਵਿਅਕਤੀਆਂ ਨੂੰ ਬਚਾਅ ਲਿਆ। ਇਸ ਤੋਂ ਪਹਿਲਾਂ ਵੀ ਦੇਸ਼ ਭਰ ਵਿਚ ਬਹੁਤ ਸਾਰੇ ਧਾਰਮਿਕ ਸਥਾਨਾਂ 'ਤੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੀ ਪੂਰੀ ਸਾਂਭ-ਸੰਭਾਲ ਨਾ ਕੀਤੇ ਜਾਣ ਕਾਰਨ ਅਕਸਰ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਲੋਕ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਤਰ੍ਹਾਂ ਦੇ ਹਰ ਵੱਡੇ ਹਾਦਸੇ ਤੋਂ ਬਾਅਦ ਖ਼ਾਸ ਤੌਰ 'ਤੇ ਮੇਲਿਆਂ ਅਤੇ ਧਾਰਮਿਕ ਸਥਾਨਾਂ 'ਤੇ ਜੁੜੇ ਸ਼ਰਧਾਲੂਆਂ ਸੰਬੰਧੀ ਪੁਖ਼ਤਾ ਪ੍ਰਬੰਧ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਪ੍ਰਬੰਧ ਦਾ ਕੁਝ ਅਸਰ ਵੀ ਹੁੰਦਾ ਹੈ। ਫਿਰ ਵੀ ਸਥਾਨਕ ਪ੍ਰਸ਼ਾਸਨਾਂ ਵਲੋਂ ਇਨ੍ਹਾਂ ਪ੍ਰਬੰਧਾਂ ਵਿਚ ਤਰੁਟੀਆਂ ਰਹਿ ਜਾਣ ਕਾਰਨ ਜਾਂ ਪ੍ਰਬੰਧ ਸੰਭਾਲਣ ਵਾਲਿਆਂ ਦੀ ਲਾਪ੍ਰਵਾਹੀ ਕਾਰਨ ਅਜਿਹੇ ਦੁਖਦਾਈ ਹਾਦਸੇ ਵਾਪਰ ਜਾਂਦੇ ਹਨ। ਅਜਿਹਾ ਕੁਝ ਨਾ ਵਾਪਰੇ, ਇਸ ਦੀ ਜ਼ਿੰਮੇਵਾਰੀ ਸੰਬੰਧਿਤ ਰਾਜਾਂ 'ਤੇ ਵੀ ਆਉਂਦੀ ਹੈ। ਉਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰ ਪੱਖੋਂ ਸੁਚੇਤ ਹੋ ਕੇ ਪ੍ਰਬੰਧ ਕਰਨ ਜਿਨ੍ਹਾਂ ਨਾਲ ਕਿ ਸ਼ਰਧਾਲੂਆਂ ਦੀ ਵੱਡੀ ਤੋਂ ਵੱਡੀ ਗਿਣਤੀ ਨੂੰ ਵੀ ਨਿਯਮਿਤ ਕੀਤਾ ਜਾ ਸਕੇ ਤਾਂ ਕਿ ਅਜਿਹੇ ਹਾਦਸੇ ਨਾ ਵਾਪਰਨ। ਯਮੁਨਾ ਦਰਿਆ ਦੀ ਸੈਰ ਕਰਦਿਆਂ ਜਾਂ ਇਥੋਂ ਇਕ ਤੋਂ ਦੂਜੇ ਸਥਾਨ 'ਤੇ ਦਰਿਆ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਮੋਟਰ ਬੋਟ ਵਿਚ 31 ਸ਼ਰਧਾਲੂ ਸਨ, ਜਿਨ੍ਹਾਂ 'ਚੋਂ ਕਿਸੇ ਨੇ ਵੀ ਲਾਈਫ ਜੈਕੇਟ ਨਹੀਂ ਸੀ ਪਾਈ ਹੋਈ। ਇਹ ਗੱਲ ਯਕੀਨੀ ਹੈ ਕਿ ਜੇਕਰ ਮੋਟਰ ਬੋਟ ਦੇ ਪ੍ਰਬੰਧਕਾਂ ਜਾਂ ਪ੍ਰਸ਼ਾਸਨ ਵਲੋਂ ਬੇੜੀ ਵਿਚ ਬੈਠਣ ਵਾਲਿਆਂ ਲਈ ਲਾਈਫ਼ ਜੈਕੇਟ ਪਾਉਣੀ ਜ਼ਰੂਰੀ ਕੀਤੀ ਹੁੰਦੀ ਤਾਂ ਮਰਨ ਵਾਲਿਆਂ 'ਚੋਂ ਬਹੁਤਿਆਂ ਦਾ ਬਚਾਅ ਹੋਣ ਦੀ ਵੱਡੀ ਸੰਭਾਵਨਾ ਸੀ।
ਇਸ ਸੰਬੰਧੀ ਕੇਂਦਰ ਸਰਕਾਰ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਕਿਸੇ ਵੀ ਧਾਰਮਿਕ ਜਾਂ ਹੋਰ ਤਿਉਹਾਰ 'ਤੇ ਜੇ ਕਿਸੇ ਥਾਂ 'ਤੇ ਵੱਡੇ ਇਕੱਠ ਹੋਣ ਦੀ ਸੰਭਾਵਨਾ ਹੋਵੇ ਤਾਂ ਉਹ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦੀਆਂ ਹਦਾਇਤਾਂ ਦੇਵੇ ਅਤੇ ਸਥਾਨਕ ਸਰਕਾਰਾਂ ਵਲੋਂ ਕੀਤੇ ਪ੍ਰਬੰਧਾਂ ਸੰਬੰਧੀ ਵੀ ਕੇਂਦਰ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਵਲੋਂ ਰਾਬਤਾ ਬਣਾਈ ਰੱਖਣਾ ਜ਼ਰੂਰੀ ਹੋਣਾ ਚਾਹੀਦਾ ਹੈ। ਚਾਹੇ ਪ੍ਰਧਾਨ ਮੰਤਰੀ ਵਲੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਵੀ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਦੇ ਐਲਾਨ ਕੀਤੇ ਗਏ ਹਨ ਪਰ ਅਜਿਹੇ ਹਾਦਸਿਆਂ ਕਾਰਨ ਲੰਮੇ ਸਮੇਂ ਤੱਕ ਸੰਬੰਧਿਤ ਪਰਿਵਾਰਾਂ ਨੂੰ ਵੱਡੀ ਤ੍ਰਾਸਦੀ ਭੋਗਣੀ ਪੈਂਦੀ ਹੈ। ਸਮਾਜ ਦੇ ਸਾਰੇ ਵਰਗਾਂ ਅਤੇ ਪ੍ਰਸ਼ਾਸਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਵਿੱਖ ਵਿਚ ਅਜਿਹਾ ਕੁਝ ਨਾ ਵਾਪਰੇ।
-ਬਰਜਿੰਦਰ ਸਿੰਘ ਹਮਦਰਦ