ਲੱਭੂ ਰਾਮ ਨੇ ਡੱਬ ਵਿਚੋਂ ਬੋਤਲ ਕੱਢ ਕੇ ਢਿਚਕੂੰ-ਢਿਚਕੂੰ ਕਰਦੇ ਮੇਜ਼ 'ਤੇ ਠਾਹ ਦੇਣੀ ਰੱਖਦਿਆਂ ਰੋਬ੍ਹ ਝਾੜਿਆ, 'ਏ ਪਰਮੇਸ਼ਰੀਏ ਕਿੱਥੇ ਮਰ ਗਈ ਤੂੰ? ਕੁਸਕਦੀ ਨਾ ਵਿਸਕਦੀ...।'
'ਤੇਰੇ ਜਣਦਿਆਂ ਦੇ ਸਿਰ 'ਚ, ਤੇ ਤੂੰ ਕਾਹਤੋਂ ਪਹਾੜ ਸਿਰ 'ਤੇ ਚੁੱਕਿਆ ਹੋਇਐ?'
'ਭਲੀਏਮਾਣਸੇ ਜੋ ਮੈਂ ਸਿਰ 'ਤੇ ਚੁੱਕਿਆ ਹੋਇਐ, ਉਹ ਨੀ ਕਿਸੇ ਤੋਂ ਚੁੱਕਿਆ ਜਾਣਾ।'
'ਬਹਿ ਜਾ ਰਮਾਨ ਨਾਲ, ਤੈਨੂੰ ਤਾਂ ਪੋਤੜਿਆਂ ਤੋਂ ਜਾਣਦੀ ਆਂ। ਤੈਂ ਪੀ-ਪੀ ਕੇ ਕਿਰਲੇ ਵਾਂਗ ਧੌਣ ਈ ਅਕੜਾਈ ਰੱਖੀ ਐ, ਸਾਰੀ ਉਮਰ ਕੀਤਾ ਈ ਕੀ ਐ?'
'ਵਾਹ! ਹਰ ਗੱਲ ਨਾਲ ਆਂਹਦੀ ਐ ਅਖੇ ਮੈਂ ਕੀਤਾ ਕੀ ਐ? ਅੱਜ ਮੈਂ ਤੈਨੂੰ ਦੱਸੂੰਗਾ... ਮੈਂ ਕੀਤਾ ਕੀ ਐ?'
'ਢਕਿਆ ਰਹਿ, ਕਦੇ ਨਾਲੀ 'ਚ ਡਿਗ ਪਿਆ, ਕਦੇ ਦੌਣ 'ਚ ਸਿਰ ਫਸਾ ਲਿਆ, ਕਦੇ ਬਾਂਹ ਤੁੜਾ ਲਈ, ਕਦੇ ਗੋਡਾ। ਤੂੰ ਕਿਤੇ 'ਮਰੀਕਾ ਨੂੰ ਲਦੇਨ ਲੱਭ ਕੇ ਦੇਤਾ? ਐਵੇਂ ਲਾਹੌਰ ਦੀ ਜੁੱਤੀ ਵਾਂਗ 'ਤਾਂਹ ਨੂੰ ਚੜ੍ਹੀ ਜਾਨੈਂ।'
'ਗੋਲੀ ਮਾਰ ਲਦੇਨ ਨੂੰ, ਨਾਲੇ 'ਮਰੀਕਾ ਨੂੰ। ਆਪਣਾ ਮੁਲਕ ਜਾਣੀ ਪੰਜਾਬ ਸਾਡੇ ਸਿਰ 'ਤੇ ਚੱਲਦੈ।'
'ਤੇਰੇ ਸਿਰ 'ਤੇ ਚੱਲਦੈ ਵਾਹ! ਇਹਦੇ 'ਚੋਂ ਡਾਲਰ ਡਿਗਦੇ ਆ?'
'ਡਿਗਦੇ ਆ, ਸੁਣ ਜਰਾ, ਅੱਜ ਬੋਹੜ ਥੱਲੇ ਬੈਠਿਆਂ ਆਪਣਾ ਮਾਹਟਰ ਜਗਨ ਨਾਥ ਕਹਿਣ ਲੱਗਾ ਕਿ ਲੱਭੂ ਰਾਮਾ, ਐਤਕੀਂ ਸਰਕਾਰ ਨੇ ਤੇਰੀ ਡਿਊਟੀ ਹੋਰ ਸਖ਼ਤ ਲਾ 'ਤੀ...।'
'ਡੀ.ਸੀ. ਲਾ 'ਤਾ ਤੈਨੂੰ ਸਰਕਾਰ ਨੇ ਕਿਤੇ?'
'ਅਸੀਂ ਐਤਕੀਂ ਸਰਕਾਰ ਨੂੰ ਸਵਾ ਸੱਤ ਸੌ ਕਰੋੜ ਕਮਾ ਕੇ ਦੇਣੈ।'
'ਚਾਰ ਛਿੱਲੜ ਬੁੱਢੇ ਲੰਗੂਰ ਨੂੰ ਸਰਕਾਰੀ ਪੈਨਸ਼ਨ ਲੰਗੇ ਡੰਗ ਮਿਲਦੀ ਐ, ਗੀਜੇ 'ਚ ਟਕਾ ਨੀਂ ... ਧੀ ਦੇ ਵਿਆਹ ਦਾ ਕਰਜ਼ਾ ਨ੍ਹੀਂ ਉਤਰਿਆ। ਜਲੰਧਰ ਟੱਪਿਆ ਨ੍ਹੀਂ, ਸ੍ਰੀਨਗਰ ਦੇ ਬਦਾਮਾਂ ਦੀਆਂ ਗੱਲਾਂ ਕਰਦੈ... 'ਗੂਠਾ ਟੇਕ, ਸੌ ਗਿਣ ਨ੍ਹੀਂ ਸਕਦਾ, ਕਰੋੜਾਂ ਦੇ ਸੁਪਨੇ ਦੇਖਦੈ। ਕੀ ਬੁਝਾਰਤਾਂ ਜਿਹੀਆਂ ਪਾਈ ਜਾਨੈ?'
'ਮਾਹਟਰ ਨੇ ਹੁਣ ਗੱਲ ਖ਼ਾਨੇ ਪਾਈ ਐ ਪਰਮੇਸ਼ਰੀਏ ਪਈ ਆਪਣਾ ਬਚੜੂ...।'
'ਕਿਹੜਾ ਬਚੜੂ?'
'ਆਪਣਾ ਪੈਸੇ-ਟਕੇ ਦਾ ਹਿਸਾਬ ਰੱਖਣ ਵਾਲਾ।'
'ਦਰਵੇਸ਼ ਬੰਦਿਆ। ਬਾਦਸ਼ਾਹਾਂ ਦੀਆਂ ਗੱਲਾਂ ਨੀਂ ਕਰੀ ਦੀਆਂ।'
'ਸੁਣ ਤਾਂ ਲੈ। ਚੰਗਾ-ਭਲਾ ਸੀ, ਜਿੱਦਣ ਦਾ ਮੰਤਰੀ ਬਣਿਐਂ, ਸੁੱਕ ਕੇ ਤੀਲਾ ਹੋ ਗਿਐ। ਪੰਜਾਬ ਦੇ ਫ਼ਿਕਰਾਂ ਨੇ ਦਾੜ੍ਹੀ ਚਿੱਟੀ ਕਰਤੀ.. ਕਹਿੰਦਾ ਖ਼ਜ਼ਾਨਾ ਖ਼ਾਲੀ ਹੋ ਗਿਐ, ਤੇ ਮੈਂ ਮਾਹਟਰ ਨੂੰ ਕਿਹਾ, ਤੂੰ ਉਹਨੂੰ ਸੁਨੇਹਾ ਘੱਲ, ਚਿੰਤਾ ਨਾ ਕਰੇ, ਐਤਕੀਂ ਨੱਕੋ-ਨੱਕ ਭਰ ਦਿਆਂਗੇ।'
'ਨਾ ਵਿਚਲੀ ਗੱਲ ਕੀ ਐ?'
'ਲੈ ਆਪਣਾ ਆ ਗਿਆ ਪਟਵਾਰੀ ਚਮਨ ਲਾਲ। ਇਹ ਤੈਨੂੰ ਦੱਸੂ, ਸਾਰੀ ਖੋਲ੍ਹ ਕੇ।'
'ਪੁੱਤ ਚਮਨ, ਇਹ ਤੇਰੇ ਤਾਏ ਨੂੰ ਕੀ ਹੋ ਗਿਆ। ਅੱਜ ਇਹ ਪਤਝੜ ਵਿਚ ਬਸੰਤ ਵਾਂਗ ਲੁੱਡੀਆਂ ਪਾਉਂਦਾ ਫਿਰਦੈ!'
'ਤਾਈ, ਸਰਕਾਰ ਨੇ ਅਗਲੇ ਸਾਲ ਹੋਰ ਕਿਤੇ ਜ਼ਿਆਦਾ ਸ਼ਰਾਬ ਵੇਚਣ ਦਾ ਫ਼ੈਸਲਾ ਕੀਤੈ, ਪਿਛਲੇ ਸਾਲ ਨਾਲੋਂ ਕਰੋੜਾਂ ਰੁਪਏ ਵੱਧ ਦੀ।'
'ਹਾਏ ਉਇ ਰੱਬਾ! ਇਨ੍ਹਾਂ ਸਰਕਾਰਾਂ ਨੂੰ ਸਾਡੇ ਘਰ ਨ੍ਹੀਂ ਦੀਂਹਦੇ। ਛੱਤ ਡਿਗਣ ਵਾਲੀ ਐ, ਭੜੋਲੇ ਵਿਚ ਦਾਣੇ ਨ੍ਹੀਂ। ਕਾਹਨੂੰ ਇਨ੍ਹਾਂ ਗ਼ਰੀਬੜਿਆਂ ਦੇ ਸਿਰ ਲਿੱਦ ਚੁਕਾਈ ਜਾਂਦੇ ਐ!'
'ਤਾਈ ਸੁੱਖ ਨਾਲ ਐਤਕੀਂ ਤਾਂ ਪੰਜ ਗੁਣਾ ਚੱਕ'ਤਾ ਕੰਮ।'
'ਬੱਸ ਫਿਰ ਜਿਹੜੇ ਪਿੰਡਾਂ ਵਿਚ ਪੰਜ-ਸੱਤ ਜੁਆਕ ਬਚਦੇ ਐ, ਲਾ ਲਏ ਮਗਰ, ਇਹ ਟੁੱਟ ਪੈਣਾ ਤੇਰਾ ਤਾਇਆ ਅੱਗੇ ਤਾਂ ਪੰਜ ਕੋਹ ਸੈਕਲ 'ਤੇ ਡੱਫਣ ਜਾਂਦਾ ਸੀ, ਹੁਣ ਤਾਂ ਪਿੰਡੋਂ ਮੋੜ ਤੋਂ ਫੜ ਲਿਆਉਂਦੈ।'
'ਤਾਈ, ਐਤਕੀਂ ਤਾਂ ਲੱਗਦੈ, ਸਰਕਾਰ ਘਰੇ ਦੇ ਕੇ ਜਾਇਆ ਕਰੂ!'
'ਪੁੱਤ ਚਮਨ, ਹੈਂ ਭਲਾ! ਸਾਡੇ ਸ਼ਰੀਫ਼ਾਂ ਦੇ ਘਰਾਂ ਵਿਚ ਜ਼ਹਿਰ ਕਾਹਨੂੰ ਘੋਲੀ ਜਾਂਦੇ ਆ?'
'ਦੱਸ ਫੇ ਤਾਇਆ ਤੂੰ ਹੀ?'
'ਉਹ ਇਸ ਅਨਪੜ੍ਹ ਟੱਬਰ ਨੂੰ ਕੀ ਸਮਝਾਵਾਂ। ਜੇ ਅਸੀਂ ਨਾ ਪੀਈਏ ਤਾਂ ਮਾਹਟਰਾਂ, ਡਾਕਟਰਾਂ ਨੂੰ ਤਨਖ਼ਾਹ ਕਿੱਥੋਂ ਮਿਲੂ। ਰਿਸ਼ਵਤਾਂ ਕਿਵੇਂ ਚੱਲਣ। ਲਾਲ ਬੱਤੀਆਂ ਵਾਲੀਆਂ ਕਾਰਾਂ ਕਿਵੇਂ ਦੌੜਨ? ਇਹ ਮੰਤਰੀ ਸਾਡੇ ਸਿਰ 'ਤੇ ਟੌਹਰਾਂ ਮਾਰਦੇ ਐ।'
'ਢਕਿਆ ਰਹਿ, ਅਨਪੜ੍ਹ ਦੱਸਦਾ ਸਾਨੂੰ। ਤੂੰ ਕਿਤੇ ਲੈਲਪੁਰ ਕਾਲਜ ਵਿਚ ਪੜ੍ਹਾਉਨੈਂ। ! ਮੈਂ ਪੁੱਛਦੀ ਤਾਂ ਇਹ ਸੀ ਕਿ ਇਨ੍ਹਾਂ ਲਈ ਮਾਂਹ ਵਾਦੀ ਐ ਤੇ ਸਾਡੇ ਲਈ ਸੁਆਦੀ? ਇਹ ਵੱਡੇ ਲੋਕ ਵੀ ਤਾਂ ਡੱਫਦੇ ਹੀ ਹੋਣੇਂ ਆਂ?'
'ਪੈਸੇ ਤਾਂ ਇਹ ਵੀ ਵਟਾਉਂਦੇ ਆ ਪਰ ਇਹ ਵਟਾਉਂਦੇ ਬਾਹਰਲੇ ਮੁਲਕਾਂ ਨੂੰ ਆ। ਮਾਹਟਰ ਦੱਸਦਾ ਸੀ, ਇਹ ਪੀਂਦੇ ਆ ਜੌਨੀ ਵਾਕਰ, ਰੀਗਲ-ਰੂਗਲ ਕੋਈ, ਰੈਲ ਸਲੂਟ ਤੇ ਹੋਰ ਪਤਾ ਨੀਂ ਪੀਟਰ-ਪੂਟਰ।'
'ਤਾਈ, ਐਤਕੀਂ ਤਾਂ ਕਰੋੜ ਬੋਤਲਾਂ ਵਿਕਣਗੀਆਂ ਤੇ ਚਾਹੇ ਕੋਈ ਬੱਚਾ, ਚਾਹੇ ਔਰਤ ਤੇ ਭਾਵੇਂ ਮਰਦ ... ਦਸ-ਪੰਦਰਾਂ ਬੋਤਲਾਂ 'ਕੱਲੇ 'ਕੱਲੇ ਪੰਜਾਬੀ ਦੇ ਹਿੱਸੇ ਆਉਣਗੀਆਂ।'
'ਮੇਲੇ ਬੰਦ ਕਰ ਦਿਓ। ਇਨ੍ਹਾਂ ਲੀਡਰਾਂ ਨੂੰ ਕਹੋ, ਹੁਣ ਠੇਕਿਆਂ ਮੂਹਰੇ ਹੀ ਭਾਸ਼ਣ ਦੇ ਜਾਇਆ ਕਰਨ। ਏਦੂੰ ਵੱਡਾ 'ਕੱਠ ਤਾਂ ਹੋਰ ਕਿਤੇ ਹੁੰਦਾ ਈ ਨੀਂ। ਇਹ ਫਿਰ ਬੱਚਿਆਂ ਤੇ ਤੀਵੀਆਂ ਦੇ ਹਿੱਸੇ ਦੀ ਮਰਦਾਂ ਨੂੰ ਈ ਪੀਣੀ ਪੈਣੀ ਐ? ਭਲਾ ਇਸ ਕੁਲੱਛਣੀ ਬਿਨਾਂ ਸਰਦਾ ਨ੍ਹੀਂ। ਨਾਲੇ ਊਂ ਮਗਰ ਤਾਂ ਬੰਦੇ ਇਹ ਵੋਟਾਂ ਆਲੇ ਦਿਨਾਂ ਵਿਚ ਈ ਲਾ ਲੈਂਦੇ ਆ।'
'ਤਾਈ, ਤਾਇਆ ਬੋਲਦਾ ਤਾਂ ਸੱਚ ਈ ਐ। ਜੇ ਸ਼ਰਾਬ ਪੰਜਾਬ ਵਿਚੋਂ ਵਿਕਣੀ ਬੰਦ ਹੋ ਜੇ ਤਾਂ ਮਹੀਨਿਆਂ ਵਿਚ ਬੁਰਾ ਹਾਲ ਹੋ ਜੂ। ਅੱਛਾ! ਮੈਂ ਚੱਲਦਾਂ, ਤੂੰ ਮਾਰ ਮੱਥਾ ਤਾਏ ਨਾਲ।'
'ਪਰਮੇਸ਼ਰੀਏ, ਹਾਲੇ ਤਾਂ ਤੈਨੂੰ 29 ਕਰੋੜ ਬੋਤਲਾਂ ਪਟਵਾਰੀ ਨੇ ਕਾਗ਼ਤਾਂ ਵਿਚ ਦੱਸੀਆਂ। ਜਿਹੜੀਆਂ ਠੇਕੇਦਾਰਾਂ ਨੇ ਕੈਪਸੂਲ ਤੇ ਟੀਕੇ ਰਲਾ ਕੇ ਇਕ ਦੀਆਂ ਚਾਰ ਵੇਚਣੀਆਂ, ਉਹ ਅਲੱਗ ਨੇ ਤੇ ਜਿਹੜੀ ਰੂੜੀ ਮਾਰਕਾ ... ਉਹਦਾ ਤਾਂ ਹਿਸਾਬ ਈ ਨ੍ਹੀਂ।'
'ਤੈਨੂੰ ਸ਼ਰਮ ਨ੍ਹੀਂ ਆਉਂਦੀ। ਸਰਕਾਰ ਤਾਂ ਤੁਹਾਡੀਆਂ ਜੜ੍ਹਾਂ ਵਿਚ ਅੱਕ ਠੋਕਣ ਲੱਗੀ ਪਈ ਐ ਤੇ ਤੂੰ ਕੱਛਾਂ ਵਜਾਉਂਦਾ ਫਿਰਦੈਂ!'
'ਤੇ ਜਿਹੜੇ ਪੀਂਦੇ ਨੀਂ, ਇਨ੍ਹਾਂ ਨੂੰ ਸਾਡੀ ਮਦਦ ਕਰਨੀ ਚਾਹੀਦੀ ਐ। ਪਈ ਘੱਟੋ-ਘੱਟ ਜਿਹੜੇ ਸਰਕਾਰੀ ਨੌਕਰ ਐ, ਸਾਡੇ ਸਿਰੋਂ ਜੁਆਕ ਪਾਲਦੇ ਐ, ਉਹ ਤਾਂ ਕਿਤੇ ਪੇਟੀਆਂ ਦੋ-ਚਾਰ ਪੇਟੀਆਂ ਘਰ ਛੱਡ ਜਾਇਆ ਕਰਨ।'
'ਤੈਨੂੰ ਤਾਂ ਬਾਘੜ ਬਿੱਲੇ ਨੂੰ ਮੁਰਗੇ ਵੀ ਤਲ ਕੇ ਦੇ ਕੇ ਜਾਣਗੇ!'
'ਮੂੰਹ ਆਲੇ ਜਿੱਡਾ ਬਣਾਉਂਦੀ ਐ, ਅਖੇ ਮੁਰਗੇ ਤਲ ਕੇ ਦੇ ਕੇ ਜਾਣਗੇ। ਮੈਂ ਤਾਂ ਮਾਹਟਰ ਨੂੰ ਕਿਹਾ, ਹੁਣ ਜਿੱਦਣ ਚੰਡੀਗੜ੍ਹ ਨੂੰ ਨਾਹਰੇ-ਨੂਹਰੇ ਲਾਉਣ ਗਏ, ਸਾਨੂੰ ਵੀ ਨਾਲ ਲੈ ਕੇ ਜਾਇਓ।'
'ਤੇਰੀ ਬਲੀ ਦੇਣੀ ਆਂ ਉਥੇ ਮਾਹਟਰਾਂ ਨੇ!'
'ਧੇਲਾ ਨ੍ਹੀਂ ਅਕਲ। ਗੱਲ ਪੂਰੀ ਸੁਣ ਵੀ ਲਿਆ ਕਰ। ਅਸੀਂ ਪਿੰਡ ਦੇ ਤੀਹ-ਪੈਂਤੀ ਜਣੇ ਆਂ। ਰੋਜ਼ ਬੋਤਲ ਨ੍ਹੀਂ ਤਾਂ ਪੌਣੀ ਬੋਤਲ ਕੱਲਾ-ਕੱਲਾ ਪੀਂਦਾ ਹੋਊ। ਅਸੀਂ ਜਾ ਕੇ ਸਰਕਾਰ ਦੇ ਕੰਨ ਖੋਲ੍ਹਾਂਗੇ ਕਿ ਚੰਡੀਗੜ੍ਹ ਸੱਦ ਕੇ ਸਾਨੂੰ ਵੀ ਕੋਈ 'ਵਾਰਡ (ਐਵਾਰਡ) ਵੂਰਡ ਜਿਹੇ, ਮਾਣ-ਸਨਮਾਨ ਦਿਓ। ਪੰਜਾਬ ਤਾਂ ਸਹੁਰੀ ਦਾ ਚਲਦਾ ਸਾਡੇ ਸਿਰ 'ਤੇ ਐ।'
'ਜਾ ਆਈਂ ਚੰਡੀਗੜ੍ਹ, ਡਾਂਗਾਂ ਖਾ ਕੇ ਆਈਂ, ਤੇਰੇ ਗਲ ਵਿਚ ਤਾਂ ਕੈਂਠਾ ਪਾਉਣਗੇ?'
'ਨਾਲੇ ਪਿੰਡ ਦੇ ਚਾਰ ਜਣੇ ਜਿਹੜੇ ਖੇਲਾਂ-ਖੂਲਾਂ ਕਰਾਉਣ ਲਈ ਪੈਸੇ ਮੰਗਣ ਆਉਂਦੇ ਆ, ਹੁਣ ਆਏ ਤਾਂ ਕਹਿ ਦਈਂ, ਪਈ ਸਰਕਾਰ ਸਾਥੋਂ ਪਹਿਲਾਂ ਈ ਬੋਤਲ ਪਿੱਛੇ ਕਈ ਪੈਸੇ ਖੇਲਾਂ ਲਈ ਵੀ ਲੈ ਲੈਂਦੀ ਹੈ, ਪੂਰੇ ਪੰਝੀ ਕਰੋੜ ਦੇਂਦੇ ਆਂ ਅਸੀਂ ਸਾਲ ਵਿਚ। ਅਸੀਂ ਪੈਸੇ ਜਮ੍ਹਾਂ ਕਰਵਾ'ਤੇ ਆ। ਡੀ.ਸੀ. ਤੋਂ ਮੰਗੋ ਜਾ ਕੇ। ਪਰਮੇਸ਼ਰੀਏ ਹੱਦ ਈ ਹੋਈ ਪਈ ਐ, ਸਰਕਾਰ ਹਰ ਕੰਮ ਸਾਡੇ ਸਿਰੋਂ ਕਰਨ 'ਤੇ ਤੁਲੀ ਪਈ ਆ।'
'ਕਿੰਨੀਆਂ ਗੱਲਾਂ ਬਣਾਈ ਜਾਨੈਂ, ਪੈ ਜਾਏ ਤੈਨੂੰ ਦਗਾੜਾ। ਮਰ ਜਾਏਂ ਕਿਤੇ ਖੂਹ-ਖ਼ਾਤੇ ਵਿਚ ਡਿਗ ਕੇ।'
'ਹੱਦ ਕਰਤੀ ਪਰਮੇਸ਼ਰੀਏ ਤੂੰ ਵੀ! ਜੇ ਅਸੀਂ ਮਰ ਗਏ ਤਾਂ ਫਿਰ ਜਿਊਂਦਾ ਕੌਣ ਰਹੂ, ਸਰਕਾਰ ਦੇ ਤਾਂ ਅਸਤ ਪੈ ਜਾਣੇ ਆਂ। ਇਹ ਵੱਡੇ-ਛੋਟੇ ਵਜ਼ੀਰ ਸਾਹਿਬ ਜਿਹੜੇ ਜਹਾਜ਼ਾਂ 'ਚ ਉਡ ਕੇ ਪਿੰਡਾਂ ਵਿਚ ਗੇੜੇ ਮਾਰਦੇ ਆ, ਇਨ੍ਹਾਂ ਨੂੰ ਸਾਡੇ ਪਰ ਲੱਗੇ ਹੋਏ ਆ, ਇਹ ਸਾਨੂੰ ਸਿਆਨਣ ਜਾਂ ਨਾ ਸਿਆਨਣ।'
'ਜਾਨੀ ਆਂ ਮੈਂ ਵੀ, ਫੱਤੋ ਵਾਲੇ ਦੇ ਡੇਰੇ 'ਤੇ, ਵਢਾਉਨੀ ਆਂ ਤੇਰਾ ਫ਼ਾਹਾ। ਕਹਿੰਦੇ ਨੇ ਇਕ ਪੁੜੀ ਦੇਂਦੈ ਸ਼ਰਾਬ 'ਚ ਪਾ ਕੇ ਪੀਣੇ ਨੂੰ ਸਾਧ। ਬੰਦਾ ਮੁੜ ਕੇ ਮੂੰਹ ਨ੍ਹੀਂ ਲਾਉਂਦਾ।'
'ਅਖੇ ਮੂੰਹ ਨ੍ਹੀਂ ਲਾਉਂਦਾ। ਜਾ ਆਈਂ ਤੂੰ ਵੀ ਗੋਰਖ ਦੇ ਟਿੱਲੇ 'ਤੇ। ਕਰ ਆਵੀਂ ਚਿੱਤ ਰਾਜ਼ੀ। ਹਾਅ ਤਾਂ ਤੈਨੂੰ ਦੱਸਣਾ ਈ ਭੁੱਲ ਗਿਆ!'
'ਕੀ?'
'ਇਹ ਡੇਰੇ ਤੇ ਸਾਧ ਵੀ ਪਾਲਟੀਆਂ (ਪਾਰਟੀਆਂ) ਨੂੰ ਨੋਟਾਂ ਦੇ ਥੱਬੇ ਵੋਟਾਂ ਵਿਚ ਪਤਾ ਕਿਉਂ ਦਿੰਦੇ ਆ, ਆਂਹਦੇ ਆ ਹੋਰ ਪੀਣ ਲਾਓ।'
'ਓ। ਰੱਬ ਦਾ ਘਰ ਤਾਂ ਛੱਡ ਦੇਹ ਰੱਬ ਦਿਆ ਬੰਦਿਆ!'
'ਦੇਖ ਹਰ ਘਰ ਵਿਚ ਦੋ-ਚਾਰ ਮਰਦ ਸ਼ਰਾਬ ਪੀਂਦੇ ਆ। ਕਿਸੇ ਦੀ ਮਾਂ ਦੁਹਾਈਆਂ ਪਾਉਣ ਲੱਗੀ ਹੋਈ ਐ, ਕਿਸੇ ਦੀ ਘਰਵਾਲੀ। ਉਹ ਫਿਰ ਇਨ੍ਹਾਂ ਦੀ ਸ਼ਰਾਬ ਛੁਡਾਉਣ ਲਈ ਡੇਰਿਆਂ ਵੱਲ ਭੱਜੀਆਂ ਆਉਂਦੀਆਂ ਨੇ, ਮੁੱਠੀ ਚਾਪੀ ਕਰਨ ਦੇ ਨਾਲ ਨਾਲ ਪੰਜ-ਸੱਤ ਸੌ ਦਾ ਟੂਣਾ-ਟਾਮਣ ਤੇ ਚੜ੍ਹਾਵਾ ਵੀ ਚੜ੍ਹਾਉਂਦੀਆਂ ਹੋਣਗੀਆਂ ਤੇ ਫਿਰ ਅਕਲ ਦੀਏ ਅੰਨ੍ਹੀਏ, ਸਮਝਦੀ ਕਿਉਂ ਨ੍ਹੀਂ... ਇਹ ਡੇਰੇ ਵੀ ਸਾਡੇ ਸਿਰਾਂ 'ਤੇ ਚੱਲਦੇ ਆ।'
'ਓ ਮੇਰਿਆ ਮਾਲਕਾ। ਹੁਣ ਖੁੱਲ੍ਹੀਆਂ ਡਮਾਕ ਦੀਆਂ ਗੱਠਾਂ। ਸਭ ਕੁਰਸੀਆਂ ਬਚਾਉਣ ਦਾ ਰੌਲਾ ਐ, ਨਸ਼ਿਆਂ ਦਾ ਛੇਵਾਂ ਦਰਿਆ ਨੱਕੋ-ਨੱਕ ਭਰਿਆ ਪਿਐ, ਹੁਣ ਇੱਕ ਚਿੱਟੇ ਦਾ ਚੱਲ ਪਿਆ। ਤਾਹੀਓਂ, ਇਨ੍ਹਾਂ ਵਰਜਣਾ ਤਾਂ ਕੀ, ਇਹ ਤਾਂ ਕਹੀ ਜਾਂਦੇ ਆ, ਹੋਰ ਪੀ, ਹੋਰ ਪੀ। ਗੁਰੂਆਂ-ਪੀਰਾਂ ਦੀ ਧਰਤੀ 'ਤੇ ਕਾਫ਼ਰਾਂ ਦਾ ਪਹਿਰੈ!'× ਦੁਹੱਥੜਾ ਮਾਰਦੀ ਪ੍ਰਮੇਸ਼ਰੀ ਅੰਦਰ ਜਾ ਵੜੀ।
ਤੇ ਲੱਭੂ ਰਾਮ 'ਫ਼ਿਕਰ ਨਾ ਕਰ ਸਰਕਾਰੇ, ਕਰ ਦਿਆਂਗੇ ਵਾਰੇ-ਨਿਆਰੇ' ਪਾਈਆ ਇਕੋ ਸਾਹੇ ਸੜ੍ਹਕ ਕੇ ਨਾਅਰੇ ਮਾਰਨ ਲੱਗ ਪਿਆ।
ਸਰਕਾਰਾਂ ਸਾਡੇ ਸਿਰ 'ਤੇ ਈ ਚਲਦੀਆਂ...
ਅਜੀਤ ਡੈਸਕ
12-04-2026