(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਅਸੀਂ ਮੈਡਲੋਬਾਥ ($ed&ow 2ath) ਜਾਣਾ ਏ। ਉੱਥੇ ਹੋਟਲ ਵਿਚ ਇਕ ਵਿਆਹ ਹੈ। ਇਹ ਹੋਟਲ ਮੋਟਰਵੇਅ ਦੇ ਉੱਪਰ ਹੀ ਏ,' ਗੋਰੀ ਬੋਲੀ।
ਟੈਕਸੀ ਹਲਕੀਆਂ-ਹਲਕੀਆਂ ਪਹਾੜੀਆਂ 'ਚੋਂ ਲੰਘਦੀ ਗਈ। ਆਖਰਕਾਰ ਅਸੀਂ ਮੈਡਲੋ ਬਾਥ ਹੋਟਲ ਦੇ ਮੂਹਰੇ ਪਹੁੰਚ ਗਏ। ਮੀਟਰ 'ਤੇ ਭਾੜਾ 150 ਸੀ। ਮੈਂ ਦੁੱਗਣਾ ਕਰਕੇ 300 ਮੰਗਿਆ। ਗੋਰੀ 300 ਦੇ ਕੇ ਬਾਕੀ ਸਵਾਰੀਆਂ ਸਮੇਤ ਗੱਡੀ ਚੋਂ ਉੱਤਰ ਗਈ। ਮੈਂ ਗੱਡੀ ਵਾਪਸ ਮੋੜੀ ਤੇ ਖੁਸ਼ੀ ਵਿਚ ਝੂਮਦਾ ਲਿਓਨੇ (*eona਼) ਤੱਕ ਆ ਗਿਆ। ਜਦ ਕੰਪਿਊਟਰ ਦੇਖਿਆ ਤਾਂ ਇਥੋਂ ਹਵਾਈ ਅੱਡੇ ਦੀ ਜਾਬ ਪੈ ਗਈ। ਜਦ ਸਾਈਡ 'ਤੇ ਨੂੰ ਜਾਬ ਵਾਲੀ ਥਾਂ 'ਤੇ ਗਿਆ ਤਾਂ ਦੇਖਿਆ ਕਿ ਇਕ ਗੋਰਾ ਬਰੀਫਕੇਸ ਲਈ ਖੜ੍ਹਾ ਸੀ। ਮੈਂ ਚੁੱਕਿਆ ਤੇ 160 ਵਿਚ ਏਅਰਪੋਰਟ ਜਾ ਕੇ ਲਾਹ ਦਿੱਤਾ। ਫਿਰ ਗੱਡੀ ਏਅਰਪੋਰਟ ਦੇ ਟੈਕਸੀ ਰੈਂਕ 'ਤੇ ਲਗਾ ਦਿੱਤੀ। ਇਕ ਘੰਟਾ ਇੰਤਜ਼ਾਰ ਤੋਂ ਬਾਅਦ ਇਕ ਸਿਰਫ 30 ਡਾਲਰ ਦੀ ਜਾਬ ਮਿਲੀ। ਇਹ ਜਾਬ ਕਰ ਕੇ ਫਿਰ ਆਪਣੇ ਰੈਂਕ ਪੈਰਾਮੈਟਾ ਆ ਗਿਆ। ਜਦ ਬੰਦਿਆਂ ਨੂੰ 600 ਡਾਲਰ ਦਾ ਗੱਫਾ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਇਵੇਂ ਹੋਇਆ ਸੀ ਮੇਰੇ ਨਾਲ।'
ਹੈਰੀ ਇਹ ਗੱਲ ਕਰ ਕੇ ਹਟਿਆ ਹੀ ਸੀ ਕਿ ਉਸਦੀ ਵਾਰੀ ਆ ਗਈ। ਉਹ ਸਵਾਰੀ ਲੈ ਕੇ ਦੌੜ ਗਿਆ। ਕੈੱਨ ਨੂੰ ਹੈਰੀ ਬਾਰੇ ਹੋਰ ਗੱਲ ਕਰਨ ਦਾ ਮੌਕਾ ਮਿਲ ਗਿਆ।
'ਅਲੀ, ਜੋ ਹੈਰੀ ਦੱਸ ਕੇ ਗਿਆ ਏ ਕੀ ਇਹ ਸੱਚ ਏ? 600 ਡਾਲਰ ਚਾਰ ਕੁ ਘੰਟਿਆਂ ਵਿਚ ਹੀ? ਕੈੱਨ ਨੇ ਅਲੀ ਨਾਲ ਗੱਲ ਕੀਤੀ।
'ਪੈਸੇ ਤਾਂ ਹੈਰੀ ਨੂੰ ਬਣ ਗਏ ਸੀ ਪਰ ਹੋਰ ਜੋ ਕੁਝ ਵਾਪਰਿਆ ਸੀ ਉਹ ਉਸਨੇ ਦੱਸਿਆ ਹੀ ਨਹੀਂ। ਹਰਾਮੀ ਦੀ ਚੰਗੀ ਖਿਚਾਈ ਹੋਈ ਸੀ। ਉਹਦਾ ਤਾਂ ਇਹ ਹਾਲ ਏ ਆਪਣੀਆਂ ਕੱਛ ਵਿਚ ਤੇ ਦੂਜੇ ਦੀਆਂ ਹੱਥ ਵਿਚ।' ਅਲੀ ਦੱਸਣ ਲਈ ਕਾਹਲਾ ਸੀ।
'ਕੀ ਹੋਇਆ ਸੀ ?'
'ਪਤਾ ਲੱਗਾ ਏ ਕਿ ਹੈਰੀ ਟੈਕਸੀ ਵਿਚ ਬੈਠੀ ਗੋਰੀ ਕੁੜੀ ਨਾਲ ਅੱਖ ਮਿਲਾਉਣ ਲੱਗ ਪਿਆ ਸੀ। ਅੱਧਖੜ ਮਾਂ ਮਾੜਾ-ਮਾੜਾ ਸੌਣ ਲੱਗ ਪਈ ਸੀ। ਬੱਚਾ ਬਾਹਰ ਪਹਾੜਾਂ ਦਾ ਨਜ਼ਾਰਾ ਦੇਖ ਰਿਹਾ ਸੀ। ਕੁੜੀ ਇਹਦੇ ਵੱਲ ਘੱਟ ਧਿਆਨ ਦੇ ਰਹੀ ਸੀ। ਹੈਰੀ ਉਸ ਵੱਲ ਆਪਣੇ ਮੂਹਰਲੇ ਸ਼ੀਸ਼ੇ ਵਿਚ ਦੀ ਦੇਖੀ ਜਾ ਰਿਹਾ ਸੀ। ਉਸ ਸਮੇਂ ਤਾਂ ਕੁੜੀ ਨੇ ਆਪਣੀ ਮਾਂ ਨੂੰ ਕੁਝ ਨਹੀਂ ਦੱਸਿਆ। ਬਾਅਦ ਵਿਚ ਘਰ ਜਾ ਕੇ ਲੜਕੀ ਨੇ ਮਾਂ ਨੂੰ ਡਰਾਈਵਰ ਦੇ ਚਾਲਿਆਂ ਬਾਰੇ ਸਭ ਕੁਝ ਦੱਸ ਦਿੱਤਾ। ਟੈਕਸੀ ਦਾ ਨੰਬਰ ਉਸਨੇ ਨੋਟ ਕਰ ਹੀ ਲਿਆ ਸੀ।'
'ਫਿਰ ਕੀ ਹੋਇਆ?'
'ਮਾਂ ਨੇ ਘਰ ਜਾ ਕੇ ਟੈਕਸੀ ਬੇਸ ("ax} 2ase) ਨੂੰ ਫੋਨ ਮਿਲਾਇਆ ਤੇ ਡਰਾਈਵਰ ਦੀ ਹਰਕਤ ਬਾਰੇ ਸਭ ਕੁਝ ਬਿਆਨ ਕਰ ਦਿੱਤਾ। ਮੂਹਰੇ ਤੈਨੂੰ ਪਤਾ ਹੀ ਹੈ ਕੌਣ ਏ। ਐਂਡਰਿਊ ਰਾਬਿਨਸਨ, ਇਨਫੋਰਸਮੈਂਟ ਅਫਸਰ।'
'ਫਿਰ ਕੀ ਬਣਿਆ?'
'ਉਹਨੇ ਹੈਰੀ ਨੂੰ ਫੋਨ ਮਿਲਾਇਆ। ਇਹਨੂੰ ਕੋਈ ਜਵਾਬ ਨਾ ਆਵੇ। ਹੁਣ ਉਹਨੇ ਇਹਨੂੰ ਦਫਤਰ ਵਿਚ ਸੱਦਿਆ ਹੋਇਆ ਏ। ਹੋ ਸਕਦਾ ਚਿਤਾਵਨੀ ਦੇ ਕੇ ਛੱਡ ਦੇਵੇ ਜਾਂ ਕੁਝ ਸ਼ਿਫਟਾਂ ਕੈਂਸਲ ਕਰ ਦੇਵੇ। ਤੈਨੂੰ ਉਹ ਪੂਰੀ ਗੱਲ ਦੱਸ ਕੇ ਨਹੀਂ ਗਿਆ। 600 ਡਾਲਰ ਦੱਸ ਕੇ ਆਪਣਾ ਰੋਅਬ ਝਾੜ ਗਿਐ। ਕੀਤੀ ਕਰਤੂਤ ਦਾ ਕੀ ਬਣਨਾ ਅਜੇ ਪਤਾ ਨਹੀਂ ਬਾਕੀ ਤੂੰ ਦੇਖ ਲੈ ਕੀ ਬਣੂ।'
ਅਲੀ ਨੇ ਸਾਰਾ ਭਾਂਡਾ ਫੋੜ ਦਿੱਤਾ।
'ਅਲੀ, ਤੈਨੂੰ ਪਤਾ ਹੀ ਏ ਇਹ ਦੇਸ਼ ਨੈਤਿਕਤਾ ਅਤੇ ਕਸਟਮਰ ਕੇਅਰ 'ਤੇ ਕਿੰਨਾ ਜ਼ੋਰ ਪਾਉਂਦੇ ਹਨ, ਜਦ ਇਹ ਸਾਨੂੰ ਕੰਮਾਂ 'ਤੇ ਲਗਾਉਂਦੇ ਹਨ। ਅਸੀਂ ਫਿਰ ਵੀ ਕਰਤੂਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਅਸੀਂ ਅਰਧ ਵਿਕਸਿਤ ਸਮਾਜ ਚੋਂ ਆਏ ਹਾਂ। ਸਿਡਨੀ ਦਾ ਸਮਾਜ ਪੂਰਨ ਰੂਪ ਵਿਚ ਵਿਕਸਿਤ ਹੈ। ਇਨ੍ਹਾਂ ਦੇਸ਼ਾਂ ਵਿਚ ਦਾਖਲ ਹੁੰਦੇ ਸਾਰ ਅਸੀਂ ਭੰਬੱਤਰ ਜਾਂਦੇ ਹਾਂ। ਸਾਡੇ ਦਿਮਾਗ ਵਿਚ ਐਸੇ ਖਿਆਲ ਪਾਏ ਗਏ ਹੁੰਦੇ ਹਨ ਕਿ ਗੋਰੀਆਂ ਜਿਹਦੇ ਨਾਲ ਮਰਜ਼ੀ ਤੁਰ ਪੈਂਦੀਆਂ ਹਨ। ਇਧਰ ਆ ਕੇ ਅਸੀਂ ਕਈ ਭੁਲੇਖਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਕੋਝੀਆਂ ਹਰਕਤਾਂ ਕਰ ਬੈਠਦੇ ਹਾਂ। ਗੋਰੇ ਚੁੱਪ-ਚਪੀਤੇ ਵੀ ਸਾਡੇ ਬਾਰੇ ਸਭ ਕੁਝ ਜਾਣਦੇ ਹੁੰਦੇ ਹਨ। ਇਹ ਇਕ-ਦੋ ਚਿਤਾਵਨੀਆਂ ਦੇ ਕੇ ਸਾਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਕਿਤੇ ਜਾ ਕੇ ਸਾਡੇ ਖਿਲਾਫ਼ ਵੱਡਾ ਐਕਸ਼ਨ ਲੈਂਦੇ ਹਨ।'
'ਕੈੱਨ ਤੂੰ ਠੀਕ ਫਰਮਾਇਆ ਏ। ਤੈਨੂੰ ਪਤਾ ਪਿੱਛੇ ਜਿਹੇ ਦੋ ਡਰਾਈਵਰਾਂ ਦੇ ਖਿਲਾਫ਼ ਵੱਡਾ ਐਕਸ਼ਨ ਹੋਇਆ ਸੀ। ਇਕ ਮਿਸਰ ਦਾ ਸੀ ਤੇ ਦੂਜਾ ਬੰਗਲਾਦੇਸ਼ ਦਾ ਸੀ। ਜਦ ਤੁਹਾਡੇ ਖਿਲਾਫ਼ ਕੋਈ ਅਨੁਸ਼ਾਸਨੀ ਕਾਰਵਾਈ ਹੋਈ ਹੁੰਦੀ ਏ ਤਾਂ ਇਸਦਾ ਅਸਰ ਬਹੁਤ ਦੂਰ ਤੱਕ ਪਹੁੰਚਦਾ ਏ। ਕੰਪਿਊਟਰ ਵਿਚ ਤੁਹਾਡਾ ਸਾਰਾ ਡਾਟਾ ਇਕਦਮ ਨਿਕਲ ਆਉਂਦਾ ਏ। ਤੁਸੀਂ ਹੋਰ ਥਾਵਾਂ 'ਤੇ ਜਾ ਕੇ ਵੀ ਨੌਕਰੀ ਨਹੀਂ ਲੱਭ ਸਕਦੇ। ਚੰਗਾ ਹੁਣ ਮੇਰੀ ਵੀ ਵਾਰੀ ਆਉਣ ਲੱਗੀ ਏ, ਜੋ ਕੁਝ ਮੈਂ ਤੈਨੂੰ ਹੈਰੀ ਬਾਰੇ ਦੱਸਿਆ ਏ ਨਾ, ਇਹ ਉਹਨੂੰ ਨਾ ਪੁੱਛੀਂ ਤੇ ਨਾ ਹੀ ਇਹ ਕਿਸੇ ਹੋਰ ਨਾਲ ਸਾਂਝਾ ਕਰੀਂ। ਅੱਲਾ, ਖੈਰ ਕਰੇ।'
'ਚੰਗਾ ਅਲੀ! ਅੱਗੇ ਵਾਸਤੇ ਵੀ ਮਿਲਦਾ ਗਿਲਦਾ ਰਿਹਾ ਕਰੀਂ।'
'ਓਕੇ।'
(ਸਮਾਪਤ)