ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਰਕਾਰ ਦੀ ਨਿਰਾਸ਼ਾ

Ad Position 21
No active advertisement
ਅਜੀਤ ਡੈਸਕ 19-04-2026

ਕੇਂਦਰ ਸਰਕਾਰ ਵਲੋਂ ਸੰਵਿਧਾਨਕ ਸੋਧਾਂ ਲਈ ਲੋਕ ਸਭਾ ਵਿਚ ਪੇਸ਼ ਕੀਤੇ ਗਏ ਤਿੰਨ ਬਿੱਲਾਂ ਦੇ ਪਾਸ ਨਾ ਹੋਣ 'ਤੇ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਕਿਸੇ ਵੀ ਸੰਵਿਧਾਨਕ ਸੋਧ ਲਈ ਪੇਸ਼ ਕੀਤੇ ਬਿੱਲ ਦੇ ਹੱਕ ਵਿਚ ਸੰਸਦ ਦੇ ਦੋ ਤਿਹਾਈ ਮੈਂਬਰਾਂ ਦਾ ਸਹਿਮਤ ਹੋਣਾ ਜ਼ਰੂਰੀ ਹੁੰਦਾ ਹੈ, ਏਨਾ ਸਮਰਥਨ ਲੋਕ ਸਭਾ ਵਿਚ ਜੁਟਾਉਣ ਤੋਂ ਸਰਕਾਰ ਅਸਮਰੱਥ ਰਹੀ। ਇਨ੍ਹਾਂ ਬਿੱਲਾਂ ਨੂੰ ਕਾਹਲੀ ਵਿਚ ਪੇਸ਼ ਕੀਤਾ ਗਿਆ ਸੀ। ਸਰਕਾਰ ਨੇ ਇਹ ਮੁੱਦਾ ਉਸ ਸਮੇਂ ਚੁੱਕਿਆ ਸੀ ਜਦੋਂ ਦੇਸ਼ ਦੇ ਵੱਡੇ ਰਾਜਾਂ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੀਆਂ ਚੋਣਾਂ ਸਿਰ 'ਤੇ ਹਨ। ਇਨ੍ਹਾਂ ਬਿੱਲਾਂ ਲਈ ਸਰਕਾਰ ਨੇ ਜੋ ਤਿਆਰੀ ਕੀਤੀ ਸੀ, ਉਸ ਵਿਚ ਹੋਰ ਪਾਰਟੀਆਂ ਨੂੰ ਸ਼ਾਮਿਲ ਨਹੀਂ ਸੀ ਕੀਤਾ ਗਿਆ ਅਤੇ ਨਾ ਹੀ ਪਹਿਲਾਂ ਵੱਖ-ਵੱਖ ਪੱਧਰ 'ਤੇ ਇਨ੍ਹਾਂ ਸੰਬੰਧੀ ਕੋਈ ਵਿਸਥਾਰਤ ਚਰਚਾ ਹੀ ਕੀਤੀ ਗਈ ਸੀ।
ਇਨ੍ਹਾਂ ਵਿਚ ਸੰਵਿਧਾਨ ਸੋਧ ਬਿੱਲ 2026, ਹੱਦਬੰਦੀ ਬਿੱਲ 2026 ਅਤੇ ਕੇਂਦਰ ਪ੍ਰਸ਼ਾਸਿਤ ਪ੍ਰਬੰਧ ਸੋਧ ਬਿੱਲ 2026 ਸ਼ਾਮਿਲ ਸਨ। ਪਹਿਲੇ ਦੋਹਾਂ ਦਾ ਮਕਸਦ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਵਧਾ ਕੇ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਸੀ। 131ਵੇਂ ਸੰਵਿਧਾਨਕ ਸੋਧ ਬਿੱਲ ਵਿਚ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ 850 ਕਰਨਾ ਸ਼ਾਮਿਲ ਸੀ, ਜਿਸ ਲਈ ਨਵੀਂ ਹੱਦਬੰਦੀ ਦੀ ਜ਼ਰੂਰਤ ਸੀ। ਇਸ ਤਰ੍ਹਾਂ ਸਰਕਾਰ ਦਾ ਮੰਤਵ ਸਾਲ 2029 ਦੀਆਂ ਚੋਣਾਂ ਤੋਂ ਪਹਿਲਾਂ ਔਰਤਾਂ ਦੇ ਰਾਖਵੇਂਕਰਨ ਦੀ ਪ੍ਰਕਿਰਿਆ ਪੂਰੀ ਕਰਨਾ ਸੀ। ਜਿੱਥੋਂ ਤੱਕ ਔਰਤਾਂ ਦੇ ਰਾਖਵੇਂਕਰਨ ਦੇ ਕਾਨੂੰਨ ਦਾ ਸੰਬੰਧ ਹੈ, ਉਸ ਨੂੰ ਸੰਸਦ ਵਲੋਂ ਸਾਲ 2023 ਵਿਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ। ਪਰ ਸਰਕਾਰ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵੇਂ ਹਲਕਿਆਂ ਦੀ ਨਵੀਂ ਹੱਦਬੰਦੀ ਕਰਨਾ ਚਾਹੁੰਦੀ ਸੀ। 50 ਫ਼ੀਸਦੀ ਸੀਟਾਂ ਵਧਾ ਕੇ 2029 ਚੋਣਾਂ ਕਰਵਾਉਣਾ ਸਰਕਾਰ ਦਾ ਮੰਤਵ ਸੀ। ਵਿਰੋਧੀ ਧਿਰ ਦਾ ਇਹ ਕਹਿਣਾ ਸੀ ਕਿ ਰਾਖਵੇਂਕਰਨ ਦਾ ਤਾਂ ਉਹ ਸਮਰਥਨ ਕਰਦੀ ਹੈ ਪਰ ਜਿਸ ਢੰਗ-ਤਰੀਕੇ ਨਾਲ ਕਾਹਲੀ ਨਾਲ ਹਲਕਿਆਂ ਦੀ ਨਵੀਂ ਹੱਦਬੰਦੀ ਸਰਕਾਰ ਕਰਨਾ ਚਾਹੁੰਦੀ ਹੈ, ਉਹ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ, ਇਸ ਵਿਵਸਥਾ ਦੀ ਸਰਕਾਰ ਆਪਣੇ ਤਰੀਕੇ ਨਾਲ ਵਰਤੋਂ ਕਰਨਾ ਚਾਹੁੰਦੀ ਹੈ। ਜਿਥੋਂ ਤੱਕ ਨਵੀਂ ਹੱਦਬੰਦੀ ਦਾ ਸੰਬੰਧ ਹੈ, ਉਹ ਹੁਣ ਕੀਤੀ ਜਾ ਰਹੀ ਮਰਦਮਸ਼ੁਮਾਰੀ ਤੋਂ ਬਾਅਦ ਆਉਣ ਵਾਲੇ ਅੰਕੜਿਆਂ ਦੇ ਆਧਾਰ 'ਤੇ ਹੀ ਕੀਤੀ ਜਾਏ ਤਾਂ ਬਿਹਤਰ ਰਹੇਗਾ। ਉਦੋਂ ਤੱਕ ਸਰਕਾਰ ਸਾਰੀਆਂ ਸੰਬੰਧਿਤ ਧਿਰਾਂ ਨਾਲ ਚਰਚਾ ਕਰਕੇ ਆਮ ਸਹਿਮਤੀ ਵੀ ਬਣਾ ਸਕਦੀ ਹੈ। ਸਾਲ 2011 ਵਿਚ ਕੀਤੀ ਗਈ ਮਰਦਮਸ਼ੁਮਾਰੀ ਨੂੰ ਹੁਣ ਆਧਾਰ ਬਣਾ ਕੇ ਨਵੀਂ ਹਲਕਾਬੰਦੀ ਨਹੀਂ ਕੀਤੀ ਜਾ ਸਕਦੀ। ਇਸ ਸੰਬੰਧੀ ਸਰਕਾਰ ਆਪਣੀਆਂ ਦਲੀਲਾਂ ਤੇ ਅਪੀਲਾਂ ਤੋਂ ਬਾਅਦ ਵੀ ਵਿਰੋਧੀ ਧਿਰਾਂ ਨੂੰ ਰਾਜ਼ੀ ਨਹੀਂ ਕਰ ਸਕੀ ਅਤੇ ਸਦਨ ਦੇ ਵਿਚ ਮੌਜੂਦ 528 ਮੈਂਬਰਾਂ ਵਿਚੋਂ 298 ਮੈਂਬਰ ਹੀ ਆਪਣੇ ਹੱਕ ਵਿਚ ਭੁਗਤਾ ਸਕੀ, ਜਦੋਂ ਕਿ ਦੋ ਤਿਹਾਈ ਬਹੁਮਤ ਲਈ ਉਸ ਨੂੰ 352 ਵੋਟਾਂ ਦੀ ਲੋੜ ਸੀ। ਵਿਰੋਧੀ ਧਿਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਫਿਲਹਾਲ ਲੋਕ ਸਭਾ ਵਿਚ ਮੈਂਬਰਾਂ ਦੀ ਗਿਣਤੀ ਵਧਾਉਣ ਤੋਂ ਬਗ਼ੈਰ ਹੀ ਔਰਤਾਂ ਲਈ 33 ਫ਼ੀਸਦੀ ਕੋਟਾ ਰਾਖਵਾਂ ਕਰ ਦਿੱਤਾ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਦਨ ਵਿਚ ਵੋਟਾਂ ਤੋਂ ਪਹਿਲਾਂ ਭਾਵੁਕ ਅਪੀਲਾਂ ਕੀਤੀਆਂ ਸਨ, ਜਿਨ੍ਹਾਂ ਦਾ ਅਸਰ ਨਹੀਂ ਹੋਇਆ।
ਬਿੱਲ ਪਾਸ ਨਾ ਹੋਣ ਤੋਂ ਬਾਅਦ ਦੇਸ਼ ਵਿਚ ਸਿਆਸੀ ਲੜਾਈ ਹੋਰ ਵੀ ਤਿੱਖੀ ਹੋ ਗਈ ਹੈ। ਭਾਜਪਾ ਦੇ ਆਗੂਆਂ ਨੇ ਵਿਰੋਧੀ ਧਿਰਾਂ 'ਤੇ ਔਰਤਾਂ ਦੇ ਹੱਕਾਂ ਖ਼ਿਲਾਫ਼ ਖੜ੍ਹੇ ਹੋਣ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਹ ਸਾਰੇ ਦੇਸ਼ ਵਿਚ ਵਿਰੋਧੀ ਧਿਰਾਂ ਨੂੰ ਇਸ ਲਈ ਨਿਸ਼ਾਨੇ 'ਤੇ ਲੈਣਗੇ। ਵਿਰੋਧੀ ਧਿਰ ਨੇ ਸਰਕਾਰ ਦੀ ਇਸ ਕਾਹਲੀ ਵਿਚ ਕੀਤੀ ਕਵਾਇਦ ਨੂੰ ਸੰਵਿਧਾਨਕ ਵਿਵਸਥਾਵਾਂ ਅਤੇ ਪਰੰਪਰਾਵਾਂ ਦੇ ਖ਼ਿਲਾਫ਼ ਦੱਸਿਆ ਹੈ, ਜਦੋਂ ਕਿ ਉਸ ਨੇ ਫਿਰ ਦੁਹਰਾਇਆ ਹੈ ਕਿ ਉਹ ਸੰਸਦ ਵਿਚ ਪਹਿਲਾਂ 2023 ਵਿਚ ਪਾਸ ਕੀਤੇ ਗਏ ਲੋਕ ਸਭਾ ਵਿਚ ਔਰਤਾਂ ਦੀ ਪ੍ਰਤੀਨਿਧਤਾ ਵਧਾਉਣ ਸੰਬੰਧੀ ਕਾਨੂੰਨ ਨੂੰ ਲਾਗੂ ਕਰਨ ਦੇ ਹੱਕ ਵਿਚ ਹੈ। ਸਾਰੀਆਂ ਹੀ ਪਾਰਟੀਆਂ ਵਲੋਂ ਇਸ ਨਵੇਂ ਸਿਆਸੀ ਮਾਹੌਲ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਕੀ ਕੀ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ ਅਤੇ ਲੋਕ ਮਨਾਂ 'ਤੇ ਇਸ ਕਵਾਇਦ ਦਾ ਕੀ ਅਸਰ ਪੈਂਦਾ ਹੈ, ਇਹ ਆਉਂਦੇ ਦਿਨਾਂ ਵਿਚ ਦੇਖਣ ਅਤੇ ਵਿਚਾਰਨ ਵਾਲੀ ਗੱਲ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਵਿਆਹੁਤਾ ਜੀਵਨ ਵਿਚ ਮਰਦ ਦੀ ਸਥਿਤੀ : ਇਕ ਗੰਭੀਰ ਚਿੰਤਨ ਅਗਲੀ ਖ਼ਬਰ ਪੰਜਾਬੀ ਸਿਨੇਮਾ ਦਾ ਫ਼ਖ਼ਰ ਸੀ ਸੁਰਾਂ ਦੀ ਮਲਿਕਾ ਆਸ਼ਾ ਭੋਂਸਲੇ
Ad Position 24
No active advertisement