ਪਰਿਵਾਰਕ ਇਕਾਈ ਦਾ ਮਜ਼ਬੂਤ ਥੰਮ੍ਹ ਸਮਾਜ ਦੀ ਸਿਰਜਣਾ ਵਿਚ ਮਰਦ ਅਤੇ ਔਰਤ ਦੋ ਅਜਿਹੇ ਥੰਮ੍ਹ ਹਨ ਜਿਨ੍ਹਾਂ ਦੀ ਮਜ਼ਬੂਤੀ 'ਤੇ ਹੀ ਮਨੁੱਖੀ ਸੱਭਿਅਤਾ ਦੀ ਇਮਾਰਤ ਟਿਕੀ ਹੋਈ ਹੈ। ਵਿਆਹ ਕੇਵਲ ਇਕ ਕਾਨੂੰਨੀ ਜਾਂ ਸਮਾਜਿਕ ਇਕਰਾਰਨਾਮਾ ਨਹੀਂ ਸਗੋਂ ਇਹ ਦੋ ਜੀਵਾਂ ਦੇ ਸੁਪਨਿਆਂ, ਉਮੀਦਾਂ ਅਤੇ ਭਵਿੱਖੀ ਯੋਜਨਾਵਾਂ ਦਾ ਸੁਮੇਲ ਹੈ। ਪੰਜਾਬੀ ਸਮਾਜ ਵਿਚ ਮਰਦ ਨੂੰ ਰਵਾਇਤੀ ਤੌਰ 'ਤੇ ਘਰ ਦਾ 'ਮਾਲਕ' ਜਾਂ 'ਸਰਪ੍ਰਸਤ' ਮੰਨਿਆ ਜਾਂਦਾ ਹੈ। ਪਰ ਇਸ ਰੁਤਬੇ ਦੇ ਪਿੱਛੇ ਛੁਪੀ ਹੋਈ ਮਰਦ ਦੀ ਮਾਨਸਿਕ ਦਸ਼ਾ ਅਤੇ ਉਸ ਦੇ ਅੰਦਰੂਨੀ ਸੰਘਰਸ਼ ਦੀ ਚਰਚਾ ਅਕਸਰ ਸਮਾਜਿਕ ਮਹਿਫ਼ਲਾਂ ਵਿਚ ਗ਼ੈਰ-ਹਾਜ਼ਰ ਰਹਿੰਦੀ ਹੈ। ਅਜੋਕੇ ਦੌਰ ਵਿਚ, ਜਿੱਥੇ ਔਰਤਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਧੀ ਹੈ (ਜੋ ਕਿ ਬੇਹੱਦ ਸ਼ਲਾਘਾਯੋਗ ਹੈ), ਉੱਥੇ ਹੀ ਵਿਆਹੁਤਾ ਮਰਦ ਦੀਆਂ ਬਦਲਦੀਆਂ ਚੁਣੌਤੀਆਂ ਅਤੇ ਉਸ ਉੱਪਰ ਪੈ ਰਹੇ ਮਨੋਵਿਗਿਆਨਕ ਬੋਝ ਨੂੰ ਸਮਝਣਾ ਵੀ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ।
ਵਿਆਹੁਤਾ ਜੀਵਨ ਵਿਚ ਪ੍ਰਵੇਸ਼ ਕਰਦਿਆਂ ਹੀ ਮਰਦ ਦੇ ਸਿਰ 'ਤੇ ਆਰਥਿਕ ਸਥਿਰਤਾ ਦੀ ਇਕ ਅਣਦਿਸਦੀ ਪਰ ਭਾਰੀ ਪੰਡ ਰੱਖ ਦਿੱਤੀ ਜਾਂਦੀ ਹੈ। ਸਾਡੇ ਪੁਰਸ਼-ਪ੍ਰਧਾਨ ਸਮਾਜ ਦਾ ਇਹ ਇਕ ਵਿਰੋਧਾਭਾਸ ਹੈ ਕਿ ਮਰਦ ਨੂੰ 'ਤਾਕਤਵਰ' ਤਾਂ ਮੰਨਿਆ ਜਾਂਦਾ ਹੈ, ਪਰ ਉਸ ਦੀ ਸਫਲਤਾ ਦੀ ਕਸੌਟੀ ਸਿਰਫ਼ ਉਸ ਦੀ ਜੇਬ ਦੀ ਗਰਮਾਹਟ ਨਾਲ ਮਿਣੀ ਜਾਂਦੀ ਹੈ। ਇਕ ਵਿਆਹੁਤਾ ਮਰਦ ਉੱਪਰ ਆਪਣੀ ਪਤਨੀ ਦੇ ਚਾਅ ਪੂਰੇ ਕਰਨ, ਬੱਚਿਆਂ ਲਈ ਬਿਹਤਰੀਨ ਸਿੱਖਿਆ ਦਾ ਪ੍ਰਬੰਧ ਕਰਨ ਅਤੇ ਬੁੱਢੇ ਮਾਪਿਆਂ ਦੀਆਂ ਦਵਾਈਆਂ ਦਾ ਖਰਚਾ ਚੁੱਕਣ ਦਾ ਅਜਿਹਾ ਦਬਾਅ ਹੁੰਦਾ ਹੈ ਕਿ ਉਹ ਅਕਸਰ ਆਪਣੀ ਨਿੱਜੀ ਹੋਂਦ ਭੁੱਲ ਜਾਂਦਾ ਹੈ। ਮਹਿੰਗਾਈ ਦੇ ਇਸ ਯੁੱਗ ਵਿਚ, ਜੇਕਰ ਮਰਦ ਦੀ ਆਮਦਨ ਘੱਟ ਹੋਵੇ ਤਾਂ ਉਸ ਨੂੰ ਨਾ ਸਿਰਫ਼ ਬਾਹਰਲੇ ਸਮਾਜ ਤੋਂ ਸਗੋਂ ਆਪਣੇ ਘਰ ਦੇ ਅੰਦਰੋਂ ਵੀ ਹੀਣਤਾ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਇਹ ਆਰਥਿਕ ਚਿੰਤਾ ਉਸ ਨੂੰ ਕਈ ਵਾਰ ਅਜਿਹੀਆਂ ਬਿਮਾਰੀਆਂ ਵੱਲ ਧੱਕ ਦਿੰਦੀ ਹੈ ਜਿਨ੍ਹਾਂ ਦਾ ਇਲਾਜ ਕਿਸੇ ਹਕੀਮ ਕੋਲ ਨਹੀਂ ਹੁੰਦਾ।
ਪੰਜਾਬੀ ਪਰਿਵਾਰਕ ਢਾਂਚੇ ਵਿਚ ਇਕ ਵਿਆਹੁਤਾ ਮਰਦ ਦੀ ਹਾਲਤ ਅਕਸਰ ਉਸ 'ਸੈਂਡਵਿਚ' ਵਰਗੀ ਹੁੰਦੀ ਹੈ ਜੋ ਦੋ ਪਰਤਾਂ ਵਿਚਕਾਰ ਪਿਸ ਰਿਹਾ ਹੁੰਦਾ ਹੈ। ਇਕ ਪਾਸੇ ਜਨਮ ਦੇਣ ਵਾਲੀ ਮਾਂ ਹੈ ਅਤੇ ਦੂਜੇ ਪਾਸੇ ਜੀਵਨ-ਸਾਥਣ ਪਤਨੀ। ਦੋਵਾਂ ਵਿਚਕਾਰ ਸੁਮੇਲ ਬਣਾਉਣਾ ਮਰਦ ਲਈ ਕਿਸੇ ਜੰਗ ਜਿੱਤਣ ਤੋਂ ਘੱਟ ਨਹੀਂ ਹੁੰਦਾ। ਜੇਕਰ ਉਹ ਪਤਨੀ ਦੀ ਕਿਸੇ ਜਾਇਜ਼ ਗੱਲ ਦਾ ਪੱਖ ਲਵੇ, ਤਾਂ ਉਸ ਨੂੰ 'ਪਰਿਵਾਰ ਤੋੜਨ ਵਾਲਾ' ਜਾਂ 'ਜ਼ੋਰੂ ਦਾ ਗੁਲਾਮ' ਕਹਿ ਕੇ ਭੰਡਿਆ ਜਾਂਦਾ ਹੈ। ਦੂਜੇ ਪਾਸੇ, ਜੇਕਰ ਉਹ ਆਪਣੇ ਮਾਪਿਆਂ ਦੇ ਸਤਿਕਾਰ ਵਿਚ ਖੜ੍ਹਦਾ ਹੈ ਤਾਂ ਪਤਨੀ ਵਲੋਂ ਉਸ ਨੂੰ 'ਰੂੜੀਵਾਦੀ' ਜਾਂ 'ਪੱਖਪਾਤੀ' ਹੋਣ ਦਾ ਮਿਹਣਾ ਮਿਲਦਾ ਹੈ। ਇਹ ਭਾਵਨਾਤਮਿਕ ਖਿੱਚੋਤਾਣ ਮਰਦ ਨੂੰ ਮਾਨਸਿਕ ਤੌਰ 'ਤੇ ਇੰਨਾ ਇਕੱਲਾ ਕਰ ਦਿੰਦੀ ਹੈ ਕਿ ਉਹ ਆਪਣੇ ਹੀ ਘਰ ਵਿਚ ਇਕ ਓਪਰਾ ਜਿਹਾ ਮਹਿਸੂਸ ਕਰਨ ਲੱਗਦਾ ਹੈ। ਇਸ ਦਵੰਦ ਵਿਚ ਉਹ ਅਕਸਰ ਅਜਿਹੀ ਚੁੱਪ ਧਾਰ ਲੈਂਦਾ ਹੈ, ਜੋ ਅੱਗੇ ਚੱਲ ਕੇ ਪਰਿਵਾਰਕ ਕਲੇਸ਼ ਦਾ ਕਾਰਨ ਬਣਦੀ ਹੈ।
ਘਰੇਲੂ ਹਿੰਸਾ ਸਿਰਫ਼ ਲਿੰਗ-ਵਿਸ਼ੇਸ਼ ਨਹੀਂ ਹੈ। ਅੰਕੜੇ ਗਵਾਹ ਹਨ ਕਿ ਭਾਰਤ ਸਮੇਤ ਵਿਕਸਿਤ ਦੇਸ਼ਾਂ ਵਿਚ ਵੀ ਮਰਦ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਹਨ। ਮਰਦਾਂ ਵਿਰੁੱਧ ਹਿੰਸਾ ਅਕਸਰ ਸਰੀਰਕ ਨਾਲੋਂ ਜ਼ਿਆਦਾ 'ਭਾਵਨਾਤਮਿਕ' ਅਤੇ 'ਮਾਨਸਿਕ' ਹੁੰਦੀ ਹੈ। ਪਤਨੀ ਵਲੋਂ ਝੂਠੇ ਕੇਸਾਂ ਵਿਚ ਫਸਾਉਣ ਦੀ ਧਮਕੀ ਦੇਣੀ, ਬੱਚਿਆਂ ਨੂੰ ਪਿਤਾ ਤੋਂ ਦੂਰ ਕਰਨ ਦਾ ਡਰਾਵਾ ਦੇਣਾ ਜਾਂ ਸਮਾਜਿਕ ਤੌਰ 'ਤੇ ਉਸ ਦੇ ਕਿਰਦਾਰ 'ਤੇ ਚਿੱਕੜ ਸੁੱਟਣਾ ਉਛਾਲਣਾ, ਇਹ ਸਭ ਹਿੰਸਾ ਦੇ ਹੀ ਰੂਪ ਹਨ। ਭਾਰਤੀ ਕਾਨੂੰਨ ਦੀ ਦੁਰਵਰਤੋਂ ਨੇ ਕਈ ਹੱਸਦੇ-ਵਸਦੇ ਮਰਦਾਂ ਦੇ ਜੀਵਨ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਜਦੋਂ ਮਰਦ ਇਸ ਬਾਰੇ ਸ਼ਿਕਾਇਤ ਕਰਦਾ ਹੈ ਤਾਂ ਪ੍ਰਸ਼ਾਸਨ ਅਤੇ ਸਮਾਜ ਉਸ ਦਾ ਸਾਥ ਦੇਣ ਦੀ ਬਜਾਏ ਉਸ ਨੂੰ 'ਕਮਜ਼ੋਰ' ਸਮਝ ਕੇ ਉਸ ਦਾ ਮਜ਼ਾਕ ਉਡਾਉਂਦੇ ਹਨ।
ਸਾਡੇ ਸੱਭਿਆਚਾਰ ਵਿਚ ਲੜਕਿਆਂ ਨੂੰ ਬਚਪਨ ਤੋਂ ਹੀ ਇਹ ਪਾਠ ਪੜ੍ਹਾਇਆ ਜਾਂਦਾ ਹੈ ਕਿ 'ਮਰਦ ਕਦੇ ਰੋਂਦੇ ਨਹੀਂ'। ਇਹ ਵਾਕ ਸੁਣਨ ਵਿਚ ਬਹਾਦਰੀ ਵਾਲਾ ਲੱਗ ਸਕਦਾ ਹੈ, ਪਰ ਅਸਲ ਵਿਚ ਇਹ ਮਰਦਾਂ ਦੀਆਂ ਭਾਵਨਾਵਾਂ ਦਾ ਕਤਲ ਹੈ। ਵਿਆਹੁਤਾ ਜੀਵਨ ਵਿਚ ਆਈਆਂ ਔਕੜਾਂ, ਆਰਥਿਕ ਮੰਦਹਾਲੀ ਜਾਂ ਰਿਸ਼ਤਿਆਂ ਦੀ ਟੁੱਟ-ਭੱਜ ਦੌਰਾਨ ਮਰਦ ਆਪਣੇ ਹੰਝੂਆਂ ਨੂੰ ਅੰਦਰ ਹੀ ਪੀ ਜਾਂਦਾ ਹੈ। ਭਾਵਨਾਵਾਂ ਦਾ ਇਹ ਗ਼ੁਬਾਰ ਜਦੋਂ ਅੰਦਰ ਹੀ ਇਕੱਠਾ ਹੁੰਦਾ ਰਹਿੰਦਾ ਹੈ ਤਾਂ ਇਹ ਡਿਪਰੈਸ਼ਨ, ਗੁੱਸਾ ਅਤੇ ਚਿੰਤਾ ਵਰਗੀਆਂ ਮਾਨਸਿਕ ਬਿਮਾਰੀਆਂ ਦਾ ਰੂਪ ਲੈ ਲੈਂਦਾ ਹੈ। ਪੰਜਾਬ ਵਿਚ ਵਧ ਰਹੀ ਨਸ਼ਾਖੋਰੀ ਦੇ ਪਿੱਛੇ ਵੀ ਕਿਤੇ ਨਾ ਕਿਤੇ ਇਹ ਮਾਨਸਿਕ ਦਬਾਅ ਹੀ ਕੰਮ ਕਰ ਰਿਹਾ ਹੈ। ਬੱਚਿਆਂ ਦੇ ਜਨਮ ਤੋਂ ਬਾਅਦ ਮਰਦ ਦੀ ਜ਼ਿੰਦਗੀ ਦਾ ਕੇਂਦਰ ਬਦਲ ਜਾਂਦਾ ਹੈ। ਉਹ ਆਪਣੀ ਹਰ ਖੁਸ਼ੀ ਨੂੰ ਤਿਆਗ ਕੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮਿਹਨਤ ਕਰਦਾ ਹੈ। ਅਕਸਰ ਕੰਮ ਦੇ ਬੋਝ ਜਾਂ ਦੇਰ ਰਾਤ ਤੱਕ ਡਿਊਟੀ ਕਰਨ ਕਰਕੇ ਉਹ ਬੱਚਿਆਂ ਨੂੰ ਉਨਾ ਸਮਾਂ ਨਹੀਂ ਦੇ ਪਾਉਂਦਾ ਜਿੰਨਾ ਉਹ ਚਾਹੁੰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਬੱਚੇ ਮਾਂ ਦੇ ਜ਼ਿਆਦਾ ਕਰੀਬ ਹੋ ਜਾਂਦੇ ਹਨ ਅਤੇ ਪਿਤਾ ਨੂੰ ਸਿਰਫ਼ ਇਕ 'ਪੈਸੇ ਦੇਣ ਵਾਲੀ ਮਸ਼ੀਨ' ਵਜੋਂ ਦੇਖਣ ਲੱਗਦੇ ਹਨ। ਬੱਚਿਆਂ ਦੇ ਭਾਵਨਾਤਮਕ ਪਿਆਰ ਤੋਂ ਵਾਂਝਾ ਰਹਿਣਾ ਇਕ ਪਿਤਾ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ। ਜੇਕਰ ਪਤੀ-ਪਤਨੀ ਵਿਚ ਅਣਬਣ ਹੋ ਜਾਵੇ ਤਾਂ ਅਕਸਰ ਬੱਚਿਆਂ ਨੂੰ ਪਿਤਾ ਦੇ ਖਿਲਾਫ਼ ਇਕ ਹਥਿਆਰ ਵਜੋਂ ਵਰਤਿਆ ਜਾਂਦਾ ਹੈ, ਜੋ ਕਿ ਮਰਦਾਨਾ ਮਾਨਸਿਕਤਾ 'ਤੇ ਡੂੰਘਾ ਜ਼ਖ਼ਮ ਕਰਦਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਬਹੁਤ ਜ਼ਰੂਰੀ ਹਨ ਪਰ ਇਨ੍ਹਾਂ ਦੀ ਨਿਰਪੱਖਤਾ 'ਤੇ ਸਵਾਲ ਉੱਠਣੇ ਵੀ ਲਾਜ਼ਮੀ ਹਨ। ਇਕ ਸਿਹਤਮੰਦ ਸਮਾਜ ਉਹੀ ਹੁੰਦਾ ਹੈ ਜਿੱਥੇ ਕਾਨੂੰਨ ਸਿਰਫ਼ ਲਿੰਗ ਦੇ ਆਧਾਰ 'ਤੇ ਫੈਸਲਾ ਨਾ ਕਰੇ। ਅੱਜ ਲੋੜ ਹੈ ਕਿ ਘਰੇਲੂ ਹਿੰਸਾ ਦੇ ਕਾਨੂੰਨਾਂ ਵਿਚ ਮਰਦਾਂ ਲਈ ਵੀ ਅਜਿਹੀਆਂ ਵਿਵਸਥਾਵਾਂ ਹੋਣ, ਜਿੱਥੇ ਉਹ ਬਿਨਾਂ ਕਿਸੇ ਡਰ ਜਾਂ ਸ਼ਰਮ ਦੇ ਆਪਣੀ ਗੱਲ ਰੱਖ ਸਕਣ। ਜਦੋਂ ਤੱਕ ਮਰਦ ਨੂੰ ਇਕ ਇਨਸਾਨ ਦੀ ਬਜਾਏ ਸਿਰਫ਼ ਇਕ 'ਜ਼ਿੰਮੇਵਾਰੀ ਨਿਭਾਉਣ ਵਾਲਾ ਕਰਿੰਦਾ' ਸਮਝਿਆ ਜਾਂਦਾ ਰਹੇਗਾ, ਉਦੋਂ ਤੱਕ ਸਮਾਜਿਕ ਸੰਤੁਲਨ ਕਾਇਮ ਨਹੀਂ ਹੋ ਸਕਦਾ।
ਸਾਡੇ ਵਿੱਦਿਅਕ ਪਾਠਕ੍ਰਮ ਵਿਚ ਅਜਿਹੀਆਂ ਤਬਦੀਲੀਆਂ ਦੀ ਲੋੜ ਹੈ ਜੋ ਲੜਕੇ ਅਤੇ ਲੜਕੀਆਂ ਨੂੰ ਇਕ-ਦੂਜੇ ਦਾ ਸਤਿਕਾਰ ਕਰਨਾ ਸਿਖਾਉਣ। ਮਰਦਾਂ ਨੂੰ ਇਹ ਸਿਖਾਉਣਾ ਜ਼ਰੂਰੀ ਹੈ ਕਿ ਭਾਵਨਾਵਾਂ ਜ਼ਾਹਿਰ ਕਰਨਾ ਕਮਜ਼ੋਰੀ ਨਹੀਂ ਹੈ ਅਤੇ ਔਰਤਾਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਮਰਦ ਵੀ ਮਾਨਸਿਕ ਪੀੜਾ ਦਾ ਸ਼ਿਕਾਰ ਹੋ ਸਕਦੇ ਹਨ। ਪਰਿਵਾਰਕ ਮੈਂਬਰਾਂ ਦਾ ਫ਼ਰਜ਼ ਬਣਦਾ ਹੈ ਕਿ ਜੇਕਰ ਘਰ ਦਾ ਮਰਦ ਕਿਸੇ ਮੁਸ਼ਕਿਲ ਵਿਚ ਹੈ, ਤਾਂ ਉਸ ਦਾ ਮਜ਼ਾਕ ਉਡਾਉਣ ਦੀ ਬਜਾਏ ਉਸ ਦਾ ਮੋਢਾ ਬਣਨ। ਚੁੱਪ ਰਹਿਣ ਦੀ ਹਦਾਇਤ ਦੇਣ ਦੀ ਬਜਾਏ, ਉਸ ਨੂੰ ਸੰਵਾਦ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਆਪਸੀ ਸੰਵਾਦ : ਪਤੀ-ਪਤਨੀ ਵਿਚਕਾਰ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲਬਾਤ ਹੋਣੀ ਚਾਹੀਦੀ ਹੈ। ਗੱਲਬਾਤ ਹੀ ਹਰ ਗ਼ਲਤਫਹਿਮੀ ਦਾ ਹੱਲ ਹੈ।
ਲਿੰਗ-ਨਿਰਪੱਖ ਕਾਨੂੰਨ: ਸਰਕਾਰ ਨੂੰ ਮਰਦਾਂ ਦੇ ਅਧਿਕਾਰਾਂ ਦੀ ਰਾਖੀ ਲਈ ਵੀ ਵਿਸ਼ੇਸ਼ ਸੈੱਲ ਜਾਂ ਕਮਿਸ਼ਨ ਬਣਾਉਣੇ ਚਾਹੀਦੇ ਹਨ।
ਮਾਨਸਿਕ ਸਿਹਤ ਸਲਾਹ : ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਕੌਂਸਲਿੰਗ ਦੀ ਸਹੂਲਤ ਹੋਣੀ ਚਾਹੀਦੀ ਹੈ ਤਾਂ ਜੋ ਜੋੜੇ ਇਕ-ਦੂਜੇ ਦੀਆਂ ਮਾਨਸਿਕ ਲੋੜਾਂ ਸਮਝ ਸਕਣ।
ਸਮਾਜਿਕ ਸੋਚ ਵਿਚ ਬਦਲਾਅ: ਮਰਦ ਨੂੰ 'ਕਮਾਊ ਪੁੱਤ' ਦੀ ਬਜਾਏ ਇਕ 'ਭਾਵਨਾਤਮਿਕ ਮਨੁੱਖ' ਵਜੋਂ ਦੇਖਣਾ ਸ਼ੁਰੂ ਕਰਨਾ ਚਾਹੀਦਾ ਹੈ।
ਅੰਤ ਵਿਚ, ਮਰਦ ਅਤੇ ਔਰਤ ਸਮਾਜ ਦੇ ਦੋ ਪਹੀਏ ਹਨ। ਜੇਕਰ ਇਕ ਪਹੀਆ ਵੀ ਜਾਮ ਹੋ ਜਾਵੇ ਜਾਂ ਟੁੱਟ ਜਾਵੇ, ਤਾਂ ਜੀਵਨ ਦੀ ਗੱਡੀ ਅੱਗੇ ਨਹੀਂ ਵਧ ਸਕਦੀ। ਵਿਆਹੁਤਾ ਜੀਵਨ ਵਿਚ ਮਰਦ ਦੀ ਸਥਿਤੀ ਨੂੰ ਸੁਧਾਰਨਾ ਸਿਰਫ਼ ਮਰਦਾਂ ਦਾ ਭਲਾ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਦਾ ਭਲਾ ਹੈ। ਸਾਨੂੰ ਇਕ ਅਜਿਹਾ ਮਾਹੌਲ ਸਿਰਜਣਾ ਪਵੇਗਾ ਜਿੱਥੇ ਮਰਦ ਆਪਣੀ ਪਤਨੀ ਨਾਲ ਭੈਅ-ਮੁਕਤ ਹੋ ਕੇ ਜੀਅ ਸਕੇ ਅਤੇ ਪਤਨੀ ਆਪਣੇ ਮਰਦ ਨੂੰ ਇਕ ਸੱਚੇ ਸਾਥੀ ਵਜੋਂ ਦੇਖੇ।
-ਮੋਬਾਈਲ : 85748-53000