ਭਾਰਤੀ ਫ਼ਿਲਮ ਸਨਅਤ ਦੀ ਸਭ ਤੋਂ ਮਸ਼ਹੂਰ ਤੇ ਮਾਰੂਫ਼ ਗੁਲੂਕਾਰਾ ਆਸ਼ਾ ਭੋਂਸਲੇ 12 ਅਪ੍ਰੈਲ 2026 ਨੂੰ 92 ਸਾਲਾਂ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਖੇ ਵਫ਼ਾਤ ਪਾ ਗਈ। ਉਨ੍ਹਾਂ ਦਾ ਸਸਕਾਰ 13 ਅਪ੍ਰੈਲ 2026 ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਕੀਤਾ ਗਿਆ। ਆਪਣੀ ਤਮਾਮ ਹਿਆਤੀ ਮਲਿਕਾ ਦੇ ਵਾਂਗ ਨਫ਼ਾਸਤ ਤੇ ਵੱਕਾਰ ਨਾਲ ਗੁਜ਼ਾਰਨ ਵਾਲੀ ਆਸ਼ਾ ਨੂੰ ਸੰਗੀਤ ਦੀ ਦੁਨੀਆ ਦੀ ਸਭ ਤੋਂ ਜ਼ਿਆਦਾ ਰਿਕਾਰਡ-ਸ਼ੁਦਾ ਫ਼ਨਕਾਰਾ ਹੋਣ ਦਾ ਫ਼ਖ਼ਰ ਹਾਸਿਲ ਰਿਹਾ ਹੈ। ਉਨ੍ਹਾਂ ਨੇ ਆਪਣੀ ਮਿਹਨਤ ਨਾਲ ਉਹ ਮੁਕਾਮ ਹਾਸਿਲ ਕੀਤਾ, ਜਿਸ ਦਾ ਖ਼ਵਾਬ ਦੁਨੀਆ ਵੇਖਦੀ ਹੈ। ਬੇਸ਼ੱਕ ਉਹ ਅੱਜ ਸਾਡੇ ਦਰਮਿਆਨ ਨਹੀਂ ਪਰ ਉਨ੍ਹਾਂ ਦੇ ਸੰਗੀਤਕ ਫ਼ਨ ਦੀ ਖ਼ੁਸ਼ਬੋ ਹਮੇਸ਼ਾ ਮਹਿਕਾਂ ਬਿਖੇਰਦੀ ਰਹੇਗੀ।
ਆਸ਼ਾ ਭੋਂਸਲੇ ਦਾ ਜਨਮ 8 ਸਤੰਬਰ 1933 ਨੂੰ ਸਾਂਗਲੀ ਦੇ ਇਕ ਛੋਟੇ ਜਿਹੇ ਪਿੰਡ ਗੁਆਰ ਵਿਚ ਹੋਇਆ ਸੀ। ਉਸ ਵੇਲੇ ਸਾਂਗਲੀ ਇਕ ਰਿਆਸਤ ਸੀ ਜੋ ਹੁਣ ਮਹਾਰਾਸ਼ਟਰ ਵਿਚ ਹੈ। ਉਨ੍ਹਾਂ ਦਾ ਅਸਲ ਨਾਂਅ ਆਸ਼ਾਲਤਾ ਦੀਨਾਨਾਥ ਮੰਗੇਸ਼ਕਰ ਸੀ। ਵਿਆਹ ਤੋਂ ਬਾਅਦ ਆਸ਼ਾਲਤਾ ਗਨਪਤ ਭੋਂਸਲੇ ਯਾਨੀ ਆਸ਼ਾ ਭੋਂਸਲੇ ਦੇ ਨਾਂਅ ਨਾਲ ਜਾਣੀ ਗਈ। ਬਾਲੜੀ ਆਸ਼ਾ ਨੂੰ ਕਲਾਸਕੀ ਮੌਸੀਕੀ ਦੀ ਗੁੜ੍ਹਤੀ ਆਪਣੇ ਪਿਤਾ ਦੀਨਾਨਾਥ ਮੰਗੇਸ਼ਕਰ ਕੋਲੋਂ ਵਿਰਾਸਤ ਵਿਚੋਂ ਮਿਲੀ ਸੀ। ਉਹ ਅਜੇ 9 ਵਰ੍ਹਿਆਂ ਦੀ ਬਾਲੜੀ ਸੀ ਜਦੋਂ ਪਿਤਾ ਦੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਪਰਿਵਾਰ ਪੂਨੇ ਤੋਂ ਕੋਹਲਾਪੁਰ ਤੇ ਫਿਰ ਬੰਬਈ ਆ ਗਿਆ ਸੀ। ਪਰਿਵਾਰ ਦੀ ਆਰਥਿਕ ਤੰਗੀ ਚੱਲਦਿਆਂ ਉਸ ਨੇ ਆਪਣੀ ਵੱਡੀ ਭੈਣ ਲਤਾ ਮੰਗੇਸ਼ਕਰ ਨਾਲ ਮਰਾਠੀ ਫ਼ਿਲਮਾਂ ਵਿਚ ਗਾਉਣ ਦੇ ਨਾਲ-ਨਾਲ ਅਦਾਕਾਰੀ ਵੀ ਸ਼ੁਰੂ ਕਰ ਦਿੱਤੀ।
ਜਦੋਂ ਫ਼ਿਲਮਸਾਜ਼ ਤੇ ਹਿਦਾਇਤਕਾਰ ਮਾਸਟਰ ਵਿਨਾਇਕ ਨੇ ਪ੍ਰਫ਼ੂਲਾ ਪਿਕਚਰਸ, ਬੰਬੇ ਦੇ ਬੈਨਰ ਹੇਠ ਮਰਾਠੀ ਫ਼ਿਲਮ 'ਮਾਜ਼ੇ ਬਾਲ' ਉਰਫ਼ 'ਮਾਈ ਚਾਈਲਡ' (1943) ਸ਼ੁਰੂ ਕੀਤੀ ਤਾਂ ਸੰਗੀਤਕਾਰ ਦੱਤਾ ਦਾਵਜੇਕਰ ਨੇ ਬਾਲੜੀ ਆਸ਼ਾ ਨੂੰ ਨਵੀਂ ਗੁਲੂੂਕਾਰਾ ਵਜੋਂ ਮੁਤਆਰਿਫ਼ ਕਰਵਾਇਆ। ਫ਼ਿਲਮ ਵਿਚ ਆਸ਼ਾ ਭੋਂਸਲੇ ਨੇ ਆਪਣੀ ਮਰਾਠੀ ਜ਼ੁਬਾਨ ਵਿਚ ਆਪਣਾ ਪਹਿਲਾ ਗੀਤ 'ਚਲਾ ਚਲ ਨਵਬਾਲਾ' ਗਾ ਕੇ ਆਪਣੇ ਫ਼ਨੀ ਸਫ਼ਰ ਦਾ ਆਗ਼ਾਜ਼ ਕਰ ਦਿੱਤਾ ਸੀ।
ਕੁਲਦੀਪ ਪਿਕਚਰਸ, ਬੰਬੇ ਦੀ ਹਿੰਦੀ ਫ਼ਿਲਮ 'ਚੁਨਰੀਆ' (1948) ਵਿਚ ਪਹਿਲੀ ਵਾਰ ਪੰਜਾਬੀ ਸੰਗੀਤਕਾਰ ਹੰਸ ਰਾਜ ਬਹਿਲ ਨੇ ਆਸ਼ਾ ਭੋਂਸਲੇ ਨੂੰ ਨਗ਼ਮਾ-ਸਰਾਈ ਮੌਕਾ ਦਿੱਤਾ। ਆਸ਼ਾ ਭੋਂਸਲੇ ਦੀ ਆਵਾਜ਼ ਵਿਚ ਪੰਜਾਬੀ ਗੀਤਕਾਰ ਮੁਲਕ ਰਾਜ ਭਾਖੜੀ ਦੇ ਲਿਖੇ ਇਸ ਗੀਤ ਦੇ ਬੋਲ ਸਨ 'ਸਾਵਨ ਆਇਆ ਰੇ ਜਾਗੇ ਮੇਰੇ ਭਾਗ ਸਖੀ ਰੀ' (ਨਾਲ ਗੀਤਾ ਰਾਏ, ਜ਼ੌਹਰਾ ਬਾਈ ਅੰਬਾਲਾ)। ਫ਼ਿਲਮ ਵਿਚ ਇਹ ਗੀਤ ਮਨੋਰਮਾ, ਕੁੱਕੂ ਤੇ ਸੋਫ਼ੀਆ ਉੱਤੇ ਫ਼ਿਲਮਾਇਆ ਗਿਆ ਸੀ। ਆਸ਼ਾ ਭੋਂਸਲੇ ਕੋਲੋਂ ਪਹਿਲਾ ਏਕਲ (ਸੋਲੋ) ਗੀਤ ਵੀ ਸੰਗੀਤਕਾਰ ਹੰਸ ਰਾਜ ਬਹਿਲ ਨੇ ਹਿੰਦੀ ਫ਼ਿਲਮ 'ਰਾਤ ਕੀ ਰਾਨੀ' (1949) ਲਈ ਗਵਾਇਆ ਸੀ, ਜਿਸ ਦੇ ਬੋਲ ਸਨ 'ਹੈਂ ਮੌਜ ਮੇਂ ਅਪਨੇ ਬੇਗਾਨੇ' ਅਤੇ ਇਸ ਦੇ ਤਖ਼ਲੀਕਾਰ ਸਨ ਆਰਜ਼ੂ ਲਖਨਵੀ।
ਕੁਲਦੀਪ ਪਿਕਚਰਸ ਲਿਮਟਿਡ, ਬੰਬੇ ਦੀ ਹੀ ਵੰਡ ਤੋਂ ਬਾਅਦ ਬਣਨ ਵਾਲੀ ਪਹਿਲੀ ਪੰਜਾਬੀ ਫ਼ਿਲਮ 'ਲੱਛੀ' (1949) ਵਿਚ ਸੰਗੀਤਕਾਰ ਹੰਸ ਰਾਜ ਬਹਿਲ (ਸਹਾਇਕ ਸਰਦੂਲ ਕਵਾਤੜਾ) ਨੇ ਹੀ ਆਸ਼ਾ ਭੋਂਸਲੇ ਤੋਂ ਪਹਿਲਾ ਏਕਲ ਪੰਜਾਬੀ ਗੀਤ ਗਵਾਇਆ ਸੀ। ਵਰਮਾ ਮਲਿਕ ਦੇ ਲਿਖੇ ਅਤੇ ਨ੍ਰਿਤ ਅਦਾਕਾਰਾ ਕੁੱਕੂ ਉੱਤੇ ਫ਼ਿਲਮਾਏ ਇਸ ਖ਼ੂਬਸੂਰਤ ਨਗ਼ਮੇ ਦੇ ਬੋਲ ਸਨ 'ਕਦੀ ਭੁੱਲ ਚੁੱਕ ਕੇ ਬੀਬਾ ਸਾਡੀ ਗਲੀ ਲੰਘ ਤੂੰ'।
ਮਜ਼ਾਹੀਆ ਪੰਜਾਬੀ ਫ਼ਿਲਮ 'ਮਦਾਰੀ' (1950) ਪਹਿਲੀ ਵਾਰ ਸੰਗੀਤਕਾਰ ਏ. ਆਰ. ਕੂਰੈਸ਼ੀ ਨੇ ਆਸ਼ਾ ਭੋਂਸਲੇ ਕੋਲੋਂ ਹਜ਼ਰਤ ਅਜ਼ੀਜ਼ ਕਸ਼ਮੀਰੀ ਦੇ ਲਿਖੇ ਦੋ ਗੀਤ ਗਵਾਏ 'ਬੱਦਲਾਂ ਦੀ ਛਾਂ ਚੰਨ ਵੇ ਕਦਮਾਂ 'ਚ ਡਿੱਗਿਆਂ ਦੀ ਹਾਏ ਝੱਲੀਏ ਫੜ੍ਹ ਲਈ ਦੀ ਏ ਬਾਂਹ ਚੰਨ ਵੇ' (ਜੀ. ਐੱਮ ਦੁੱਰਾਨੀ, ਆਸ਼ਾ ਭੋਂਸਲੇ) ਅਤੇ ਦੂਜਾ ਕੋਰਸ ਗੀਤ 'ਕਦੇ ਉੱਠ-ਉੱਠ ਬਾਂਹ ਕਦੇ ਬਹਿ-ਬਹਿ ਰਾਂਹ ਭੈੜੀ ਰਾਤ ਗ਼ਮਾਂ ਵਾਲੀ ਮੁੱਕਦੀ ਨਈ' (ਸੁਰਿੰਦਰ ਕੌਰ, ਆਸ਼ਾ ਭੋਂਸਲੇ, ਜੀ. ਐੱਮ. ਦੁਰੱਾਨੀ) ਜੋ ਮੀਨਾ ਸ਼ੋਰੀ, ਸੁਰੇਸ਼ ਤੇ ਕੁਲਦੀਪ ਕੌਰ ਉੱਤੇ ਫ਼ਿਲਮਾਇਆ ਗਿਆ ਸੀ।
ਲਾਹੌਰ, ਪੰਜਾਬ ਦੇ ਮਾਰੂਫ਼ ਪੰਜਾਬੀ ਸੰਗੀਤਕਾਰ ਵਿਨੋਦ ਨੇ ਆਪਣੀ ਸੰਗੀਤ ਹਿਦਾਇਤ ਵਿਚ ਪੰਜਾਬੀ ਫ਼ਿਲਮ 'ਮੁਟਿਆਰ' (1950) ਲਈ ਆਸ਼ਾ ਭੋਂਸਲੇ ਕੋਲੋਂ ਚਾਰ ਗੀਤ ਗਵਾਏ 'ਮੇਰੇ ਦਿਲ ਦੀਆਂ ਰਮਜ਼ਾਂ ਜਾਣਦਾ ਨੀ ਮੇਰਾ ਮਾਹੀ ਮੇਰੇ ਹਾਣ ਦਾ ਨੀ' (ਨਾਲ ਸੁਰਿੰਦਰ ਕੌਰ) 'ਲੈ ਗਿਆ ਨਿੱਕਾ ਜਿਹਾ ਬਾਊ ਮੇਰਾ ਦਿਲ ਲੈ ਗਿਆ' (ਨਾਲ ਪ੍ਰੇਮ ਲਤਾ) ਤੋਂ ਇਲਾਵਾ ਦੋ ਹੋਰ ਗੀਤ 'ਫੜ-ਫੜ ਮੂੰਹੋਂ ਬੋਲਦੀ' (ਨਾਲ ਸੁਰਿੰਦਰ ਕੌਰ, ਸਾਥਣਾਂ) ਤੇ 'ਹਾਸਿਆਂ ਦੀ ਲੁੱਟ ਵੇਖ ਕੇ' (ਨਾਲ ਸੁਰਿੰਦਰ ਕੌਰ)।
ਮਜ਼ਾਹੀਆ ਪੰਜਾਬੀ ਫ਼ਿਲਮ 'ਫੁੱਮਣ' (1951) ਵਿਚ ਸੰਗੀਤਕਾਰ ਏ. ਆਰ. ਕੂਰੈਸ਼ੀ ਨੇ ਆਸ਼ਾ ਭੋਂਸਲੇ ਕੋਲੋਂ ਤਿੰਨ ਗੀਤ ਗਵਾਏ 'ਸੁਣ ਕੇ ਤੇਰੀ ਊਈ ਮੇਰਾ ਦਿਲ ਧੜਕ ਪਿਆ' (ਨਾਲ ਹਮੀਦਾ ਬਾਨੋ), 'ਮੇਰੀ ਵੀਹਣੀ ਨਾ ਮਰੋੜ ਕੱਚੀ ਤੇ ਨਾਜੁਕ ਸੂਤੇ ਦੀ ਡੋਰ' (ਨਾਲ ਜੀ. ਐੱਮ. ਦੁੱਰਾਨੀ) ਤੇ ਏਕਲ ਗੀਤ 'ਹੰਝੂਆਂ ਦੇ ਦੀਵੇ ਜੱਗਦੇ ਪਲਕਾਂ ਤੇ'।
ਮਜ਼ਾਹੀਆ ਪੰਜਾਬੀ ਫ਼ਿਲਮ 'ਪੋਸਤੀ' (1951) ਵਿਚ ਮਾਰੂਫ਼ ਸੰਗੀਤਕਾਰ ਸਰਦੂਲ ਕਵਾਤੜਾ (ਸਹਾਇਕ ਭਗਵੰਤ ਕਵਾਤੜਾ) ਨੇ ਆਸ਼ਾ ਭੋਂਸਲੇ ਕੋਲੋਂ ਛੇ ਗੀਤ ਗਵਾਏ 'ਸੁਣ ਵੇ ਦੁਪੱਟਿਆ ਸੱਤ ਰੰਗਿਆ' (ਨਾਲ ਜਗਜੀਤ ਕੌਰ), 'ਮਾਹੀਆ ਵੇ ਕੌਲਾਂ ਦਿਆ ਕੱਚਿਆ' (ਨਾਲ ਰਾਜਕੁਮਾਰੀ, ਸਾਥਣਾਂ), 'ਚੱਲੀ ਪਿਆਰ ਦੀ ਹਵਾ ਮਸਤਾਨੀ' (ਨਾਲ ਸ਼ਮਸ਼ਾਦ ਬੇਗਮ) ਤੋਂ ਇਲਾਵਾ ਆਸ਼ਾ ਭੋਂਸਲੇ ਦਾ ਏਕਲ ਗੀਤ 'ਦੋ ਗੁੱਤਾਂ ਕਰ ਮੇਰੀਆਂ ਮਾਏ ਮੇਰੀਏ ਨੀ ਮੈਨੂੰ ਬੜਾ ਚਾਅ' ਜਿੱਥੇ ਬੇਹੱਦ ਪਸੰਦ ਕੀਤਾ ਗਿਆ ਉੱਥੇ ਸ਼ਿਆਮਾ ਤੇ ਮਜਨੂੰ ਉੱਤੇ ਫ਼ਿਲਮਾਇਆ ਰੋਮਾਨੀ ਗੀਤ 'ਤੂੰ ਪੀਂਘ ਤੇ ਮੈਂ ਪਰਛਾਵਾਂ ਤੇਰੇ ਨਾਲ ਹੁਲਾਰੇ ਖਾਵਾਂ, ਲਾ ਲੈ ਦੋਸਤੀ' (ਮੁਹੰਮਦ ਰਫ਼ੀ, ਆਸ਼ਾ ਭੋਂਸਲੇ) ਹੱਦ ਦਰਜਾ ਮਕਬੂਲ ਹੋਇਆ ਸੀ।
ਮਜ਼ਾਹੀਆ ਪੰਜਾਬੀ ਫ਼ਿਲਮ 'ਲਾਰਾ ਲੱਪਾ' (1953) ਵਿਚ ਸੰਗੀਤਕਾਰ ਧਨੀ ਰਾਮ (ਸਹਾਇਕ ਕ੍ਰਿਸ਼ਨ) ਨੇ ਆਸ਼ਾ ਭੋਂਸਲੇ ਕੋਲੋਂ ਦੋ ਗੀਤ ਗਵਾਏ 'ਧੋਖਾ ਦੇ ਗਈ ਕਿਸਮਤ ਮੈਨੂੰ' (ਆਸ਼ਾ ਭੋਂਸਲੇ) ਅਤੇ ਤਲਤ ਮਹਿਮੂਦ ਨਾਲ ਦੋਗਾਣਾ ਗੀਤ 'ਮੇਰੇ ਦਿਲ ਦੀ ਸੇਜ ਦੀਏ ਰਾਣੀਏ ਨੀ' ਗਵਾਇਆ।
ਪੰਜਾਬੀ ਫ਼ਿਲਮ 'ਅਸ਼ਟੱਲੀ' (1954) ਵਿਚ ਸੰਗੀਤਕਾਰ ਵਿਨੋਦ ਨੇ ਆਸ਼ਾ ਭੋਂਸਲੇ ਕੋਲੋਂ ਤਿੰਨ ਗੀਤ ਗਵਾਏ 'ਯਾਰ ਬਦਨੀਤਿਆ ਚੰਗੀ ਕੋਈ ਨੀ ਕੀਤੀ ਆ', 'ਕਿੱਥੇ ਸੌਂ ਗਿਓਂ ਜੱਗ ਦਿਆ ਮਾਲਕਾ ਤੇ ਜੱਗ 'ਚ ਹਨੇਰ ਪੈ ਗਿਆ', 'ਗੁੱਤ ਕਰ ਦੇ ਗੋਬਿੰਦੀਏ ਮੇਰੀ ਤੇ ਉੱਤੇ ਪਾ ਦੇ ਡਾਕ ਬੰਗਲਾ' ਗੀਤ ਬੜੇ ਪਸੰਦ ਕੀਤੇ ਗਏ।
ਪੰਜਾਬੀ ਫ਼ਿਲਮ 'ਸ਼ਾਹ ਜੀ' (1954) ਵਿਚ ਪਹਿਲੀ ਵਾਰ ਪੰਜਾਬੀ ਸੰਗੀਤਕਾਰ ਪੰਡਤ ਹੁਸਨਲਾਲ-ਪੰਡਤ ਭਗਤਰਾਮ ਦੀ ਜੋੜੀ ਨੇ ਆਸ਼ਾ ਭੋਂਸਲੇ ਕੋਲੋਂ ਪੰਜ ਗੀਤ ਗਵਾਏ 'ਇੰਜ ਸੱਜਣਾ ਤੂੰ ਅੱਖ ਸੀ ਮੇਲੀ', 'ਅੱਜ ਮੇਰੇ ਬੁੱਲ੍ਹਾਂ ਉੱਤੇ ਹਾਸਾ ਤੇ ਦੰਦਾਸਾ', 'ਅੱਜ ਏਸ ਵਿਹੜੇ ਵਿਚ ਆਈ ਬਹਾਰ', 'ਜਿਸ ਪੱਤਣੋਂ ਅੱਜ ਪਾਣੀ ਨੰਘਦਾ' ਤੇ 'ਪੜ੍ਹੀ ਲਿਖੀ ਅਨਪੜ੍ਹ ਦੀ ਵਹੁਟੀ' (ਨਾਲ ਸਤੀਸ਼ ਬੱਤਰਾ)।
ਪੰਜਾਬੀ ਫ਼ਿਲਮ 'ਹੁਲਾਰੇ' (1957) ਵਿਚ ਪਹਿਲੀ ਵਾਰ ਸੰਗੀਤਕਾਰ ਐੱਸ. ਡੀ. ਬਾਤਿਸ਼ ਨੇ ਆਸ਼ਾ ਕੋਲੋਂ ਚਾਰ ਗੀਤ ਗਵਾਏ 'ਚੁੰਨੀ ਮਲਮਲ ਦੀ ਮਰੋੜਾ ਨਈਓ ਝੱਲਦੀ', 'ਦੇ ਵੇ ਅਸੀਸਾਂ ਉਨ੍ਹਾਂ ਅੱਖਾਂ ਦਿਆ ਪਾਣੀਆਂ' ਤੋਂ ਇਲਾਵਾ ਦੋਗਾਣਾ ਗੀਤ 'ਨੀ ਪੀਂਘ ਝੁੂਟੇਂਦੀਏ ਨਾਰੇ ਨੀ ਤੇਰੇ ਝੁਮਕੇ ਲੈਣ ਹੁਲਾਰੇ ਨੀ' ਜੋ ਅਦਾਕਾਰ ਸੋਹਨ ਕਪਿਲਾ ਤੇ ਮੰਜੂ ਉੱਤੇ ਫ਼ਿਲਮਾਇਆ ਗਿਆ ਖ਼ੂਬਸੂਰਤ ਗੀਤ ਸੀ।
ਪੰਜਾਬੀ ਫ਼ਿਲਮ 'ਮੁਕਲਾਵਾ' (1957) ਵਿਚ ਐੱਸ. ਡੀ. ਬਾਤਿਸ਼ ਨੇ ਆਸ਼ਾ ਭੋਂਸਲੇ ਕੋਲੋਂ ਛੇ ਗੀਤ ਗਵਾਏ '...ਮੇਰੇ ਦਿਲ ਆਲ੍ਹਣਾ', 'ਲਾਲ ਘੱਗਰਾ ਸਲੇਟੀ ਚਾਦਰ ਕੁੜਤੀ ਸ਼ਾਹੀ ਦੀ' ਤੋਂ ਇਲਾਵਾ ਤਿੰਨ ਦੋਗਾਣਾ ਗੀਤ 'ਵੇ ਮੈਂ ਘੁੰਡ ਕੱਢ ਕੇ' (ਨਾਲ ਐੱਸ. ਡੀ. ਬਾਤਿਸ਼), 'ਉੱਡਗੀਆਂ ਡਾਰਾਂ ਟੁਰ ਚੱਲੀਆਂ ਬਹਾਰਾਂ' (ਨਾਲ ਐੱਸ. ਡੀ. ਬਾਤਿਸ਼) ਤੇ ਖੁੰਡੇ ਹਲਾਲ ਦੇ ਸ਼ਮਿੰਦਰ ਚਾਹਲ ਨਾਲ ਰੋਮਾਨੀ ਗੀਤ 'ਗੋਰੀਏ ਜਵਾਨੀ ਰੰਗਲੀ ਨੀ' ਵੀ ਸੰਗੀਤ-ਮੱਦਾਹਾਂ ਦੀ ਪਸੰਦ ਬਣੇ।
60 ਦੇ ਦਹਾਕੇ ਵਿਚ 21 ਪੰਜਾਬੀ ਫ਼ਿਲਮਾਂ ਲਈ ਆਸ਼ਾ ਭੋਂਸਲੇ ਨੇ ਕੁੱਲ 59 ਗੀਤ ਗਾਏ। ਫ਼ਿਲਮ 'ਹੀਰ ਸਿਆਲ' (1960) ਵਿਚ ਦੋ ਗੀਤ, ਫ਼ਿਲਮ 'ਬਿੱਲੋ' (1961) ਵਿਚ ਚਾਰ ਗੀਤ, ਫ਼ਿਲਮ 'ਜੀਜਾ ਜੀ' (1961) ਵਿਚ ਪੰਜ ਗੀਤ, ਫ਼ਿਲਮ 'ਵਲਾਇਤ ਪਾਸ' (1961) ਵਿਚ ਚਾਰ ਗੀਤ, ਫ਼ਿਲਮ 'ਚੌਧਰੀ ਕਰਨੈਲ ਸਿੰਘ' (1962) ਵਿਚ ਚਾਰ ਗੀਤ, ਫ਼ਿਲਮ 'ਛੜ੍ਹਿਆਂ ਦੀ ਡੋਲੀ' (1963) ਵਿਚ ਤਿੰਨ ਗੀਤ, ਫ਼ਿਲਮ 'ਲਾਡੋ ਰਾਣੀ' (1963) ਵਿਚ ਛੇ ਗੀਤ, ਫ਼ਿਲਮ 'ਪਿੰਡ ਦੀ ਕੁੜੀ' (1963) ਵਿਚ ਇਕ ਗੀਤ, ਫ਼ਿਲਮ 'ਗੀਤ ਬਹਾਰਾਂ ਦੇ' (1964) ਵਿਚ ਤਿੰਨ ਗੀਤ, ਫ਼ਿਲਮ 'ਜੱਗਾ' (1964) ਵਿਚ ਇਕ ਗੀਤ, ਫ਼ਿਲਮ 'ਕਿੱਕਲੀ' (1964) ਵਿਚ ਇਕ ਗੀਤ, ਫ਼ਿਲਮ 'ਮੈਂ ਜੱਟੀ ਪੰਜਾਬ ਦੀ' (1964) ਵਿਚ ਇਕ ਗੀਤ, ਫ਼ਿਲਮ 'ਸੱਤ ਸਾਲੀਆਂ' (1964) ਵਿਚ ਦੋ ਗੀਤ, ਫ਼ਿਲਮ 'ਸਤਲੁਜ ਦੇ ਕੰਢੇ' (1964) ਵਿਚ ਇਕ ਗੀਤ, ਫ਼ਿਲਮ 'ਧਰਤੀ ਵੀਰਾਂ ਦੀ' (1965) ਵਿਚ ਇਕ ਗੀਤ, ਫ਼ਿਲਮ 'ਸੱਪਣੀ' (1965) ਵਿਚ ਪੰਜ ਗੀਤ, ਫ਼ਿਲਮ 'ਸੱਸੀ ਪੁਨੂੰ' (1965) ਪੰਜ ਗੀਤ, ਫ਼ਿਲਮ 'ਸ਼ੌਂਕਣ ਮੇਲੇ ਦੀ' (1965) ਵਿਚ ਪੰਜ ਗੀਤ, ਫ਼ਿਲਮ 'ਲਾਈਏ ਤੋੜ ਨਿਭਾਈਏ' (1966), ਵਿਚ ਦੋ ਗੀਤ, ਫ਼ਿਲਮ 'ਨੀਮ ਹਕੀਮ' (1967) ਵਿਚ ਦੋ ਗੀਤ ਸ਼ਾਮਿਲ ਹਨ।
ਜਦੋਂ ਪੰਨਾ ਲਾਲ ਮਹੇਸ਼ਵਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਲਪਨਾਲੋਕ ਲਿਮਟਿਡ, ਅੰਮ੍ਰਿਤਸਰ ਦੇ ਬੈਨਰ ਹੇਠ ਪਹਿਲੀ ਧਾਰਮਿਕ ਪੰਜਾਬੀ ਫ਼ਿਲਮ 'ਨਾਨਕ ਨਾਮ ਜਹਾਜ਼ ਹੈ' (1969) ਬਣਾਈ ਤਾਂ ਫ਼ਿਲਮ ਦੇ ਸੰਗੀਤਕਾਰ ਐੱਸ. ਮੋਹਿੰਦਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਲਏ ਤਿੰਨ ਸ਼ਬਦ ਆਸ਼ਾ ਭੋਂਸਲੇ ਕੋਲੋਂ ਗਵਾਏ ਮੇਰੇ ਸਾਹਿਬ ਤੂੰ ਮੈਂ ਮਾਣੁ ਨਿਮਾਣੈ (ਮਹਲਾ-5), ਰੇ ਮਨ ਐਸੋ ਕਰ ਸਨਿਆਸਾ (ਪਾਤਿਸ਼ਾਹੀ-10), ਪ੍ਰਭ ਜੂ ਕਹ ਲਾਜ ਹਮਾਰੀ॥ (ਪਾਤਿਸ਼ਾਹੀ-10) ਤੋਂ ਇਲਾਵਾ ਇਕ ਭੰਗੜਾ ਗੀਤ 'ਬੁੱਲ੍ਹ ਤੇਰੇ ਨੇ ਚੰਡੀਗੜ੍ਹ ਦੇ' (ਮੁਹੰਮਦ ਰਫ਼ੀ, ਆਸ਼ਾ ਭੋਂਸਲੇ, ਸਾਥੀ) ਜੋ ਬੜਾ ਹਿੱਟ ਹੋਇਆ।
70 ਦੇ ਦਹਾਕੇ ਵਿਚ ਆਸ਼ਾ ਭੋਂਸਲੇ ਨੇ 39 ਪੰਜਾਬੀ ਫ਼ਿਲਮਾਂ ਵਿਚ ਕੁੱਲ 68 ਗੀਤ ਅਤੇ ਸ਼ਬਦ ਗਾਏ। ਫ਼ਿਲਮ 'ਕਣਕਾਂ ਦੇ ਓਹਲੇ' (1971) ਵਿਚ ਇਕ ਗੀਤ 'ਨਿੱਕੀ-ਨਿੱਕੀ ਗੱਲੇ ਤੁਸੀਂ' (ਨਾਲ ਭੁਪਿੰਦਰ), ਫ਼ਿਲਮ 'ਸ਼ੇਰਨੀ' (1973) ਇਕ ਗੀਤ, ਫ਼ਿਲਮ 'ਤੇਰੇ ਰੰਗ ਨਿਆਰੇ' (1973) ਵਿਚ ਇਕ ਗੀਤ, ਫ਼ਿਲਮ 'ਦੋ ਸ਼ੇਰ' (1973) ਵਿਚ ਇਕ ਗੀਤ, ਫ਼ਿਲਮ 'ਡਾਕੂ ਸ਼ਮਸ਼ੇਰ ਸਿੰਘ' (1975) ਵਿਚ ਦੋ ਗੀਤ, ਫ਼ਿਲਮ 'ਧਰਮ ਜੀਤ' (1975) ਵਿਚ ਇਕ ਗੀਤ, ਫ਼ਿਲਮ 'ਮਿੱਤਰ ਪਿਆਰੇ ਨੂੰ' (1975) ਵਿਚ ਇਕ ਸ਼ਬਦ, ਫ਼ਿਲਮ 'ਮੋਰਨੀ' (1975) ਵਿਚ ਤਿੰਨ ਗੀਤ ਤੇ ਇਕ ਸ਼ਬਦ, ਫ਼ਿਲਮ 'ਤੇਰੀ ਮੇਰੀ ਇਕ ਜਿੰਦੜੀ' (1975) ਵਿਚ ਦੋ ਗੀਤ, ਫ਼ਿਲਮ 'ਚੰਗੇ ਮੰਦੇ ਤੇਰੇ ਬੰਦੇ' (1976) ਵਿਚ ਦੋ ਗੀਤ, ਜਿਨ੍ਹਾਂ ਵਿਚੋਂ ਇਕ 'ਵੇ ਚੰਨਾਂ ਪਾਇਆ ਈ ਭੁਲੇਖਾ ਤੇਰੇ ਵਾਅਦਿਆਂ' ਬਹੁਤ ਮਕਬੂਲ ਹੋਇਆ ਸੀ। ਫ਼ਿਲਮ 'ਧਰਤੀ ਸਾਡੀ ਮਾਂ' (1976) ਵਿਚ ਇਕ ਗੀਤ, ਫ਼ਿਲਮ 'ਪਾਪੀ ਤਰੇ ਅਨੇਕ' (1976) ਵਿਚ ਪੰਜ ਗੀਤ, ਫ਼ਿਲਮ 'ਸੱਚਾ ਮੇਰਾ ਰੂਪ ਹੈ' (1976) ਵਿਚ ਇਕ ਗੀਤ 'ਨੀ ਅਜੀਤ ਤੇ ਜੁਝਾਰ ਵਾਲ਼ੀ ਕਲਗੀ'। ਧਾਰਮਿਕ ਫ਼ਿਲਮ 'ਸਵਾ ਲਾਖ ਸੇ ਏਕ ਲੜਾਊਂ' (1976) ਦੋ ਗੀਤ, ਜਿਨ੍ਹਾਂ 'ਚੋਂ ਇਕ ਕੱਵਾਲੀ ਗੀਤ 'ਲੁੱਟ ਲੋ ਖ਼ੂਨ ਆਸ਼ਿਕਾਂ ਦਾ' (ਨਾਲ ਮੁਹੰਮਦ ਰਫ਼ੀ, ਸਾਥੀ) ਰਾਜੇਸ਼ ਖੰਨਾ ਤੇ ਨੀਤੂ ਸਿੰਘ ਉੱਤੇ ਫ਼ਿਲਮਾਇਆ ਗਿਆ ਸੀ। ਫ਼ਿਲਮ 'ਟਾਕਰਾ' (1976) ਵਿਚ ਇਕ ਗੀਤ, ਫ਼ਿਲਮ 'ਜੈ ਮਾਤਾ ਦੀ' (1977) ਵਿਚ ਇਕ ਗੀਤ, ਫ਼ਿਲਮ 'ਨੱਚਦੀ ਜਵਾਨੀ' (1977) ਵਿਚ ਆਸ਼ਾ ਦੇ ਗਾਏ ਦੋ ਗੀਤਾਂ 'ਚੋਂ ਇਕ ਗੀਤ 'ਸੁਣ ਢੋਲ ਜਾਨੀ' (ਨਾਲ ਜਸਪਾਲ ਸਿੰਘ) ਖ਼ੂਬ ਚੱਲਿਆ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 97805-09545