ਵਿਸ਼ੇਸ਼ ਵਿਆਪਕ ਮੁੜ-ਸੁਧਾਈ (ਐਸ.ਆਈ.ਆਰ.) ਕਾਰਨ ਪੱਛਮੀ ਬੰਗਾਲ 'ਚ 90 ਲੱਖ ਤੋਂ ਵੱਧ ਵੋਟਰਾਂ ਦੇ ਨਾਂਅ ਕੱਟੇ ਗਏ। ਇਸ ਤੋਂ ਇਲਾਵਾ ਵਿਚਾਰ ਅਧੀਨ ਸ਼੍ਰੇਣੀ 'ਚ 60 ਲੱਖ ਵੋਟਰਾਂ ਨੂੰ ਰੱਖਿਆ ਗਿਆ, ਜਿਨ੍ਹਾਂ ਵਿਚੋਂ ਨਿਆਇਕ ਅਧਿਕਾਰੀਆਂ ਵਲੋਂ ਲਗਭਗ 32 ਲੱਖ ਦੇ ਨਾਂਅ ਵੋਟਰ ਅਧਿਕਾਰ ਲਈ ਪ੍ਰਮਾਣਤ ਕੀਤੇ ਗਏ ਪਰ 27 ਲੱਖ ਦੇ ਲਗਭਗ ਨਾਵਾਂ ਦਾ ਅਜੇ ਤੱਕ ਕੋਈ ਫ਼ੈਸਲਾ ਨਹੀਂ ਹੋ ਸਕਿਆ। ਕੁਲ 37 ਲੱਖ ਦੇ ਲਗਭਗ ਵੋਟਰਾਂ ਵਲੋਂ ਟ੍ਰਿਬਿਊਨਲਾਂ ਕੋਲ ਵੋਟ ਅਧਿਕਾਰ ਹਾਸਿਲ ਕਰਨ ਲਈ ਅਪੀਲਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਸੰਬੰਧੀ ਵੀ ਫ਼ੈਸਲੇ ਬਹੁਤ ਧੀਮੀ ਗਤੀ ਨਾਲ ਹੋ ਰਹੇ ਹਨ। ਮੁਸਲਮਾਨਾਂ 'ਚ ਹੀ ਨਹੀਂ, ਹਿੰਦੂਆਂ 'ਚ ਵੀ ਇਹ ਡਰ ਫੈਲ ਗਿਆ ਹੈ ਕਿ ਵੋਟਰ ਸੂਚੀ 'ਚ ਨਾਂਅ ਨਾ ਹੋਣ ਕਾਰਨ ਪੁਲਿਸ ਫੜ ਕੇ ਲੈ ਜਾਵੇਗੀ ਤੇ ਬੰਗਲਾਦੇਸ਼ ਭੇਜ ਦੇਵੇਗੀ ਜਾਂ ਉਨ੍ਹਾਂ ਨੂੰ ਆਸਾਮ ਵਾਂਗ ਨਜ਼ਰਬੰਦੀ ਕੇਂਦਰਾਂ ਵਿਚ ਭੇਜ ਦਿੱਤਾ ਜਾਏਗਾ। ਤਣਾਅ, ਦਹਿਸ਼ਤ ਤੇ ਦਿਲ ਦਾ ਦੌਰਾ ਪੈਣ ਕਾਰਨ ਕਈ ਲੋਕਾਂ ਦੀ ਮੌਤ ਤੇ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਐਸ.ਆਈ.ਆਰ. ਕਾਰਨ ਰਾਜ 'ਚ ਤਕਰੀਬਨ 250 ਵਿਅਕਤੀਆਂ ਦੀ ਮੌਤ ਵੀ ਹੋਈ ਹੈ। ਐਸ.ਆਈ.ਆਰ. ਕਾਰਨ ਸਭ ਤੋਂ ਵੱਧ ਨਾਂਅ ਮੁਸਲਮਾਨਾਂ ਤੇ ਔਰਤਾਂ ਦੇ ਹੀ ਕੱਟੇ ਗਏ ਸਨ। ਇਹ ਪਹਿਲੀ ਵਾਰ ਹੈ ਕਿ ਰਾਜ ਚ 93 ਫ਼ੀਸਦੀ ਮਤਦਾਨ ਹੋਇਆ। ਖ਼ਾਸ ਤੌਰ 'ਤੇ ਜਿੱਥੇ ਮੁਸਲਮਾਨ ਬਹੁਗਿਣਤੀ 'ਚ ਸਨ, ਉੱਥੇ 99 ਫ਼ੀਸਦੀ ਤੋਂ ਵੀ ਵੱਧ ਵੋਟਾਂ ਪਈਆਂ ਹਨ। ਜਿਹੜਾ ਦੇਸ਼ ਦੇ ਚੋਣ ਇਤਿਹਾਸ 'ਚ ਇਕ ਨਵਾਂ ਰਿਕਾਰਡ ਹੈ। ਪਹਿਲੇ ਗੇੜ 'ਚ 16 ਜ਼ਿਲ੍ਹਿਆਂ ਦੀਆਂ 152 ਸੀਟਾਂ ਲਈ ਮਤਦਾਨ ਹੋਇਆ, ਜਿੱਥੇ ਐਸ.ਆਈ.ਆਰ. ਕਾਰਨ 37 ਲੱਖ 40 ਹਜ਼ਾਰ ਨਾਂਅ ਕੱਟੇ ਗਏ ਸਨ। ਮਾਲਦਾ ਜ਼ਿਲ੍ਹੇ 'ਚ 4 ਲੱਖ, ਮੁਰਸ਼ਿਦਾਬਾਦ 'ਚ 7 ਲੱਖ 37 ਹਜ਼ਾਰ, ਪੱਛਮੀ ਬਰਦਮਾਨ 'ਚ 3 ਲੱਖ 62 ਹਜ਼ਾਰ, ਪੱਛਮੀ ਮਿਦਨਾਪੁਰ 'ਚ 2 ਲੱਖ 45 ਹਜ਼ਾਰ, ਬੀਰਭੂਮ 'ਚ 2 ਲੱਖ 53 ਹਜ਼ਾਰ ਬਾਂਕੁੜਾ 1 ਲੱਖ 14 ਹਜ਼ਾਰ ਨਾਂਅ ਕੱਟੇ ਗਏ ਸਨ।
ਰਾਜਨੀਤਕ ਮਾਹਿਰਾਂ ਦਾ ਇਕ ਹਿੱਸਾ ਮੰਨਦਾ ਹੈ ਕਿ ਐਸ.ਆਈ.ਆਰ. ਦੀ ਦਹਿਸ਼ਤ ਕਾਰਨ ਹੀ ਲੋਕਾਂ ਨੇ ਵੱਧ ਵੋਟਾਂ ਪਾਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟ ਨਾ ਪਾਉਣ ਕਾਰਨ ਬਾਅਦ 'ਚ ਮੁਸ਼ਕਿਲ ਹੋ ਸਕਦੀ ਹੈ, ਇਹੀ ਡਰ ਉਨਾਂ ਨੂੰ ਸਤਾ ਰਿਹਾ ਹੈ। 2002 ਦੀਆਂ ਵੋਟਾਂ ਨੂੰ ਲੈ ਕੇ ਹੁਣ ਹੋ ਰਹੀ ਸਮੱਸਿਆ ਅਤੇ ਨਾਲ ਹੀ ਲੋਕਾਂ ਦੀ ਨਾਗਰਿਕਤਾ ਸੰਬੰਧੀ ਕੀਤੇ ਜਾ ਰਹੇ ਸਵਾਲਾਂ ਕਾਰਨ ਲੋਕਾਂ ਵਲੋਂ ਵੱਧ ਤੋਂ ਵੱਧ ਮਤਦਾਨ ਕੀਤਾ ਗਿਆ, ਖ਼ਾਸ ਤੌਰ 'ਤੇ ਮੁਸਲਿਮ ਇਲਾਕਿਆਂ 'ਚ ਮਤਦਾਨ ਵੱਧ ਹੋਇਆ। ਐਸ.ਆਈ.ਆਰ. ਕਾਰਨ ਸਭ ਤੋਂ ਵੱਧ ਡਰ ਮੁਸਲਮਾਨਾਂ ਵਿਚ ਹੀ ਵੇਖਿਆ ਜਾ ਰਿਹਾ ਹੈ, ਕਿਉਂਕਿ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵਾਰ ਵਾਰ ਕਿਹਾ ਗਿਆ ਕਿ ਘੁਸਪੈਠੀਏ ਸ਼ਨਾਖਤ ਕਰਨ ਤੋਂ ਬਾਅਦ ਸਰਹੱਦ ਪਾਰ ਭੇਜੇ ਜਾਣਗੇ। 'ਅਲਟ ਨਿਊਜ਼' ਦੇ ਮੁਹੰਮਦ ਜੁਬੇਰ ਨੇ ਚਾਰ ਵਿਧਾਨ ਸਭਾ ਸੀਟਾਂ ਬਾਰੇ ਐਸ.ਆਈ.ਆਰ. ਦਾ ਡਾਟਾ ਘੋਖ ਕੇ ਦੱਸਿਆ ਸੀ ਕਿ ਮਾਨਿਕ ਚੱਕ 'ਚ 97.4, ਮੋਥਾਬਾੜੀ 'ਚ 97.4, ਸ਼ਮਸ਼ੇਰਗੰਜ 'ਚ 98.8 ਅਤੇ ਬਹਿਰਮਪੁਰ 'ਚ 61.6 ਫ਼ੀਸਦੀ ਮੁਸਲਮਾਨ ਵੋਟਰਾਂ ਦੇ ਨਾਂਅ ਵਿਚਾਰ ਅਧੀਨ ਸਨ। ਇਹੋ ਹਾਲਾਤ ਭਵਾਨੀਪੁਰ ਤੋਂ ਲੈ ਕੇ ਰਾਜ ਦੇ ਦੂਜੇ ਇਲਾਕਿਆਂ ਦੇਖੇ ਗਏ। ਇਸ ਲਈ ਐਸ.ਆਈ.ਆਰ. ਕਾਰਨ ਨਾਂਅ ਕੱਟੇ ਜਾਣ ਅਤੇ ਮੋਦੀ-ਸ਼ਾਹ ਵਲੋਂ ਦੇਸ਼ ਤੋਂ ਕੱਢੇ ਜਾਣ ਦੀ ਚਿਤਾਵਨੀ ਨਾਲ ਦਹਿਸ਼ਤ ਹੋਰ ਵਧ ਗਈ, ਜਿਸ ਕਾਰਨ ਮੁਸਲਮਾਨਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਨਾਗਰਿਕਤਾ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ। ਮੁਸਲਮਾਨ ਆਬਾਦੀ ਵਾਲੇ ਕਈ ਬੂਥਾਂ 'ਚ 99 ਫ਼ੀਸਦੀ ਤੋਂ ਵੀ ਵੱਧ ਮਤਦਾਨ ਹੋਇਆ। ਵੀਰਵਾਰ ਗੜਬੇਤਾ ਵਿਧਾਨ ਸਭਾ ਹਲਕੇ ਦੇ ਇਕ ਮੁਸਲਮਾਨ ਬਹੁਗਿਣਤੀ ਵਾਲੇ ਬੂਥ ਉਤਰਬਿਲ-ਮਾਝਪਾੜਾ ਪਿੰਡ ਦੇ 238 ਨੰਬਰ ਬੂਥ ਦੇ ਚੋਣ ਕਰਮਚਾਰੀ ਸ਼ਾਮ 5 ਵਜੇ ਤੱਕ ਕੰਮ ਮੁਕੰਮਲ ਕਰ ਕੇ ਵਿਹਲੇ ਹੋ ਗਏ ਸਨ, ਪਰ ਦੂਜੀ ਥਾਂ ਦੇਰ ਰਾਤ ਤਕ ਮਤਦਾਨ ਚੱਲ ਰਿਹਾ ਸੀ। ਇੱਥੇ 536 ਵੋਟਰਾਂ 'ਚੋਂ 533 ਵੋਟਰਾਂ ਦੇ ਵੋਟ ਪਾ ਦਿੱਤੀ ਅਤੇ 99.44 ਫ਼ੀਸਦੀ ਮਤਦਾਨ ਰਿਕਾਰਡ ਕੀਤਾ ਗਿਆ। ਇਕ ਵੋਟਰ ਨੇ ਬੈਲੇਟ ਰਾਹੀਂ ਵੋਟ ਪਾਈ ਸੀ, ਜਿਸ ਕਾਰਨ ਵੋਟ ਫ਼ੀਸਦ 99.62 ਫ਼ੀਸਦੀ ਰਿਕਾਰਡ ਕੀਤਾ ਗਿਆ। ਦੋ ਲੋਕਾਂ ਵੋਟ ਨਹੀਂ ਪਾਈ ਕਿਉਂਕਿ ਉਹ ਬਿਮਾਰ ਸਨ ਤੇ ਮੰਜੇ ਤੋਂ ਉੱਠਣ ਦੀ ਹਾਲਤ 'ਚ ਨਹੀਂ ਸਨ। ਇੱਥੇ 121 ਹਿੰਦੂ ਤੇ 415 ਮੁਸਲਮਾਨ ਵੋਟਰ ਸਨ।
ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਨਿਰਪੱਖ ਤੇ ਸ਼ਾਂਤੀਪੂਰਨ ਤਰੀਕੇ ਨਾਲ ਮਤਦਾਨ ਕਰਵਾਉਣ ਲਈ ਸਖ਼ਤ ਬੰਦੋਬਸਤ ਕੀਤੇ ਗਏ ਹਨ, ਜਿਸ ਕਾਰਨ ਲੋਕ ਵੱਧ ਵੋਟਾਂ ਪਾਉਣ 'ਚ ਸਫ਼ਲ ਰਹੇ। ਵੋਟਰ ਬਗੈਰ ਕਿਸੇ ਡਰ ਦੇ ਘਰਾਂ 'ਚੋਂ ਮਤਦਾਨ ਕਰਨ ਲਈ ਨਿਕਲ ਸਕੇ ਸਨ। ਪਰ ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਐਸ.ਆਈ.ਆਰ. ਅਤੇ ਐਨ.ਆਰ.ਸੀ. ਦਾ ਡਰ ਲੋਕ ਮਨਾਂ 'ਚ ਹੈ, ਇਸ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਭਾਰੀ ਗਿਣਤੀ 'ਚ ਗ਼ੈਰ-ਹਾਜ਼ਰ, ਦੂਜੀ ਥਾਂ ਜਾਣ ਵਾਲੇ, ਡੁਪਲੀਕੇਟ ਅਤੇ ਮ੍ਰਿਤਕ ਵੋਟਰਾਂ ਦੇ ਨਾਂਅ ਕੱਟੇ ਗਏ ਹਨ। ਇਸ ਲਈ ਵੋਟਰਾਂ ਦੀ ਗਿਣਤੀ ਘਟਣ ਕਾਰਨ ਵੀ ਫ਼ੀਸਦੀ ਵੱਧ ਵਿਖਾਈ ਦੇ ਰਹੀ ਹੈ। ਦੂਜੇ ਪਾਸੇ ਪੱਛਮੀ ਮਿਦਨਾਪੁਰ ਦੇ ਇਕ ਚੋਣ ਅਧਿਕਾਰੀ ਨੇ ਮੰਨਿਆ ਕਿ ਵੱਧ ਵੋਟਾਂ ਪਾਉਣ ਦਾ ਕਾਰਨ ਐਸ.ਆਈ.ਆਰ. ਦੀ ਦਹਿਸ਼ਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਰਾਂ ਨੂੰ ਡਰ ਸੀ ਕਿ ਜੇਕਰ ਵੋਟਾਂ ਨਾ ਪਾਈਆਂ ਤਾਂ ਵੋਟਰ ਸੂਚੀ 'ਚੋਂ ਨਾਂਅ ਕੱਟ ਦਿੱਤਾ ਜਾਵੇਗਾ ਤੇ ਭਵਿੱਖ 'ਚ ਵੋਟਾਂ ਨਹੀਂ ਪਾ ਸਕਣਗੇ। ਉਨ੍ਹਾਂ ਦੱਸਿਆ ਕਿ ਗੜਬੇਤਾ ਦੇ ਵੋਟਰਾਂ ਨਾਲ ਗੱਲ ਕਰਕੇ ਇਸ ਗੱਲ ਦਾ ਪਤਾ ਲੱਗਾ ਕਿ ਵੋਟ ਕੱਟੇ ਜਾਣ ਤੋਂ ਬਾਅਦ ਨਾਗਰਿਕਤਾ ਚਲੀ ਜਾਣ ਦਾ ਡਰ ਹੀ ਵੋਟਾਂ ਪਾਉਣ ਦਾ ਸਭ ਤੋਂ ਵੱਡਾ ਕਾਰਨ ਸੀ। ਭਾਰੀ ਗਿਣਤੀ 'ਚ ਸੁਰੱਖਿਆ ਕਰਮਚਾਰੀਆਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਡਰ ਸੀ ਕਿ ਉਨ੍ਹਾਂ ਨੂੰ ਵੋਟਾਂ ਪਾਉਣ ਲਈ ਪਿੰਡ 'ਚ ਦਾਖਲ ਹੀ ਨਹੀਂ ਹੋਣ ਦਿੱਤਾ ਜਾਏਗਾ, ਇਸ ਲਈ ਕਈ ਪ੍ਰਵਾਸੀ ਮਜ਼ਦੂਰ ਦੋ ਦਿਨ ਪਹਿਲਾਂ ਹੀ ਮਤਦਾਨ ਕਰਨ ਲਈ ਪੁੱਜ ਗਏ ਸਨ। ਸਿਰਫ਼ 238 ਨੰਬਰ ਬੂਥ ਹੀ ਨਹੀਂ, ਮੁਰਸ਼ਿਦਾਬਾਦ ਜ਼ਿਲ੍ਹੇ ਦੇ ਰਘੂਨਾਥਗੰਜ, ਭਗਵਾਨਗੋਲਾ, ਲਾਲਗੋਲਾ ਵਿਧਾਨ ਸਭਾ ਹਲਕੇ 'ਚ ਵੀ ਜਿੱਥੇ 80 ਫ਼ੀਸਦੀ ਤੋਂ ਵੱਧ ਮੁਸਲਮਾਨ ਵੋਟਰ ਸਨ, ਸ਼ਾਮ 5 ਵਜੇ ਤੱਕ 95 ਫ਼ੀਸਦੀ ਮਤਦਾਨ ਹੋ ਗਿਆ ਸੀ।
ਮੁਰਸ਼ਿਦਾਬਾਦ ਜ਼ਿਲ੍ਹੇ ਦੇ ਡੋਮਕਲ ਵਿਧਾਨ ਸਭਾ ਹਲਕੇ ਦੇ ਮਧਿਆ ਗਰੀਬਪੁਰ ਪ੍ਰਾਇਮਰੀ ਸਕੂਲ ਦੇ ਬੂਥ ਨੰਬਰ 72 ਦੇ ਸਾਰੇ 723 ਵੋਟਰ ਮੁਸਲਮਾਨ ਸਨ ਤੇ ਸ਼ਾਮ 5 ਵਜੇ ਤੱਕ 98 ਫ਼ੀਸਦੀ ਮਤਦਾਨ ਹੋ ਗਿਆ ਸੀ। ਇੱਥੇ ਵੋਟਰਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਬਹੁਤ ਵੋਟਰਾਂ ਦੇ ਨਾਂਅ ਕੱਟੇ ਗਏ, ਜੇ ਵੋਟਾਂ ਨਾ ਪਾਉਣ ਕਾਰਨ ਨਾਂਅ ਕੱਟਿਆ ਜਾਵੇਗਾ ਤਾਂ ਬਹੁਤ ਮੁਸ਼ਕਿਲ ਹੋਵੇਗੀ। ਇਹ ਸੋਚ ਕੇ ਤਕਰੀਬਨ ਸਾਰੇ ਵੋਟਰਾਂ ਨੇ ਮਤਦਾਨ ਕੀਤਾ। ਐਸ.ਆਈ.ਆਰ. ਦੀ ਦਹਿਸ਼ਤ ਕਾਰਨ ਕਈ ਪ੍ਰਵਾਸੀ ਮਜ਼ਦੂਰਾਂ ਨੇ ਮਤਦਾਨ ਕੇਂਦਰ ਦੇ ਸਾਹਮਣੇ ਸੈਲਫੀ ਜਾਂ ਫੋਟੋ ਖਿੱਚ ਕੇ ਰੱਖੀ। ਮੁੰਬਈ ਕੰਮ ਕਰ ਰਹੇ ਮਾਲਦਾ ਦੇ ਮੁਬਾਰਕ ਸ਼ੇਖ ਨੇ ਕਿਹਾ ਕਿ ਬੂਥ ਸਾਹਮਣੇ ਉਂਗਲ 'ਤੇ ਚੋਣ ਸਿਆਹੀ ਦੀ ਤਸਵੀਰ ਖਿੱਚ ਕੇ ਮੋਬਾਈਲ 'ਚ ਸਾਂਭ ਰੱਖੀ ਹੈ। ਹੁਣ ਮੈਂ ਲੋਕਾਂ ਨੂੰ ਇਹ ਦੱਸ ਸਕਾਂਗਾ ਕਿ ਮੈਂ ਭਾਰਤੀ ਨਾਗਰਿਕ ਹਾਂ, ਇਸ ਦਾ ਸਬੂਤ ਮੇਰੇ ਕੋਲ ਹੈ। ਇਸੇ ਤਰ੍ਹਾਂ ਓਡੀਸ਼ਾ 'ਚ ਸਾਮਾਨ ਵੇਚ ਕੇ ਗੁਜ਼ਾਰਾ ਕਰਨ ਵਾਲੇ ਹਾਕਰ ਰਮਜਾਨ ਅਲੀ ਨੇ ਇਕ ਮਿੱਤਰ ਨੂੰ ਕਿਹਾ ਕਿ ਮੇਰੀ ਫੋਟੋ ਖਿੱਚ ਦੇ, ਕਿਉਂਕਿ ਲੋਕ ਸਾਨੂੰ ਬੰਗਲਾਦੇਸ਼ੀ, ਘੁਸਪੈਠੀਆ ਕਹਿੰਦੇ ਹਨ, ਉਨ੍ਹਾਂ ਨੂੰ ਵਿਖਾਉਣ ਲਈ ਇਹ ਫ਼ੋਟੋ ਸਬੂਤ ਰਹੇਗੀ।
-ਮੋਬਾਈਲ : 090384-13112