12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਬਜ਼ੀਆਂ ਦੀ ਕਾਸ਼ਤ ਤੇ ਇਨ੍ਹਾਂ ਦੇ ਸਿਹਤ ਲਈ ਫ਼ਾਇਦੇ

Ad Position 21
No active advertisement
ਅਜੀਤ ਡੈਸਕ 13-05-2026

ਸਬਜ਼ੀਆਂ ਖ਼ੁਰਾਕ ਦਾ ਅਹਿਮ ਹਿੱਸਾ ਹਨ। ਸਬਜ਼ੀਆਂ ਦੀ ਪੈਦਾਵਾਰ ਵੀ ਵਧ ਰਹੀ ਹੈ ਪਰ ਇਨ੍ਹਾਂ ਦੀ ਖ਼ਪਤ ਸੰਬੰਧੀ ਹਰ ਵਿਅਕਤੀ ਨੂੰ ਜਾਣਕਾਰੀ ਨਹੀਂ ਕਿ ਕਿਹੜੀਆਂ ਸਬਜ਼ੀਆਂ 'ਚ ਕਿਹੜੇ ਵਿਟਾਮਿਨ ਤੇ ਫਾਈਟੋਕੈਮੀਕਲ ਉਪਲਬਧ ਹਨ ਤੇ ਇਨ੍ਹਾਂ ਦੇ ਮਨੁੱਖੀ ਸਿਹਤ ਲਈ ਕੀ ਕੀ ਲਾਭ ਹਨ। ਬਾਗਬਾਨੀ ਦੇ ਸਾਬਕਾ ਡਿਪਟੀ ਡਾਇਰੈਕਟਰ (ਸੇਵਾਮੁਕਤ) ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਆਈ.ਏ.ਆਰ.ਆਈ., ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਬਾਗ਼ਬਾਨੀ ਵਿਭਾਗ ਵਲੋਂ ਜੋ ਸਬਜ਼ੀਆਂ ਦੇ ਬੀਜ ਤੇ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਵਰਤੋਂ ਵਧੇਰੇ ਲਾਭਦਾਇਕ ਹੋਵੇਗੀ। ਨੈਸ਼ਨਲ ਇੰਸਟੀਚਿਊਟ ਆਫ ਨਿਊਟਰੀਸ਼ਨ ਹੈਦਰਾਬਾਦ ਅਨੁਸਾਰ ਹਰ ਵਿਅਕਤੀ ਨੂੰ ਰੋਜ਼ਾਨਾ 300 ਗ੍ਰਾਮ ਸਬਜ਼ੀਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ, ਜਿਸ 'ਚ 120 ਗ੍ਰਾਮ ਪੱਤਿਆਂ ਵਾਲੀ ਸਬਜ਼ੀਆਂ, 20 ਗ੍ਰਾਮ ਜੜ੍ਹਾਂ ਵਾਲੀਆਂ ਸਬਜ਼ੀਆਂ ਤੇ 90 ਗ੍ਰਾਮ ਹੋਰ ਸਬਜ਼ੀਆਂ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ। ਵੱਖ ਵੱਖ ਸਬਜ਼ੀਆਂ ਤੇ ਜੜੀ ਬੂਟੀਆਂ ਤੋਂ ਪ੍ਰਾਪਤ ਹੋਣ ਵਾਲੇ ਵਿਟਾਮਿਨ, ਮਿਨਰਲਜ਼ ਤੇ ਫਾਈਟੋਕੈਮੀਕਲ ਨਿਮਨਲਿਖਤ ਅਨੁਸਾਰ ਹਨ:-
ਆਲੂ-ਆਲੂ ਜੋ ਸਭ ਦੂਜੀਆਂ ਸਬਜ਼ੀਆਂ ਤੋਂ ਵੱਧ ਇਸਤੇਮਾਲ ਕੀਤਾ ਜਾਂਦਾ ਹੈ, ਵਿਟਮਿਨ ਸੀ ਤੇ ਪੋਟਾਸ਼ੀਅਮ ਦਾ ਸ੍ਰੋਤ ਹੁੰਦਾ ਹੈ। ਇਹ ਫੈਟ, ਕੋਲੈਸਟਰੋਲ, ਸੈਂਚੂਰੇਟਿਡ ਫੈਟ ਅਤੇ ਸੋਡੀਅਮ ਤੱਤਾਂ ਤੋਂ ਮੁਕਤ ਹੁੰਦਾ ਹੈ, ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ।
ਬੀਨਜ਼-ਬੀਨਜ਼ ਵਿਚ ਵਿਟਾਮਿਨ ਏ, ਕੈਲਸ਼ੀਅਮ, ਫਲੇਵੋਨੋਇਡਜ਼ ਜਿਹੇ ਤੱਤ ਹੁੰਦੇ ਹਨ। ਇਹ ਕੈਂਸਰ ਤੋਂ ਰੋਕਥਾਮ ਕਰਨ ਤੇ ਕੋਲੈਸਟਰੋਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਸਰੀਰ ਅਤੇ ਦਿਮਾਗ 'ਚੋਂ ਸੋਜ ਨੂੰ ਘਟਾਉਂਦੇ ਹਨ ਅਤੇ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਦੇ ਹਨ।
ਬਰੋਕਲੀ-ਬਰੋਕਲੀ ਵਿਟਾਮਿਨ ਸੀ, ਕੈਰੋਟੀਨ, ਕੈਲਸ਼ੀਅਮ, ਇਨਡੋਲ, ਕਾਬੀਲੋਲ ਤੇ ਸੁਫੇਰਾ ਫੇਨ ਵਰਗੇ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਤੱਤ ਕੈਂਸਰ ਤੇ ਸ਼ੂਗਰ ਦੀ ਬਿਮਾਰੀ ਤੋਂ ਬਚਾਅ ਕਰਨ 'ਚ ਸਹਾਈ ਹੁੰਦੇ ਹਨ। ਦਿਲ ਦੀਆਂ ਬਿਮਾਰੀਆਂ ਨਾਲ ਗ੍ਰਸਤ ਵਿਅਕਤੀ ਲਈ ਵੀ ਬਰੋਕਲੀ ਦਾ ਇਸਤੇਮਾਲ ਲਾਭਦਾਇਕ ਸਾਬਤ ਹੁੰਦਾ ਹੈ।
ਗਾਜਰ-ਗਾਜਰ ਵਿਚ ਵਿਟਮਿਨ ਏ, ਬੀਟਾ ਕੈਰੋਟੀਨ ਤੇ ਫਾਸਫੋਰਸ ਜਿਹੇ ਤੱਤ ਮੌਜੂਦ ਹੁੰਦੇ ਹਨ। ਇਹ ਐਂਟੀ ਐਕਸੀਡੈਂਟ ਹੁੰਦੇ ਹਨ ਤੇ ਸ਼ੂਗਰ ਜਿਹੀ ਬਿਮਾਰੀ ਤੋਂ ਮਨੁੱਖ ਦਾ ਬਚਾਅ ਕਰਦੇ ਹਨ।
ਟਮਾਟਰ-ਟਮਾਟਰ ਆਮ ਵਰਤੀ ਜਾਣ ਵਾਲੀ ਸਬਜ਼ੀ ਹੈ, ਜਿਸ ਦੀ ਵਰਤੋਂ ਰਸੋਈ 'ਚ ਰੋਜ਼ਾਨਾ ਹੁੰਦੀ ਹੈ। ਇਹ ਵਿਟਾਮਿਨ ਏ ਤੇ ਸੀ, ਲਾਈਕੋਪੀਨ ਅਤੇ ਫਲੇਵੋਨੋਇਡਜ਼ ਦਾ ਸ੍ਰੋਤ ਹੈ ਅਤੇ ਸਾਨੂੰ ਕੈਂਸਰ ਜਿਹੀ ਗੰਭੀਰ ਬਿਮਾਰੀ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਹ ਇਨਫੈਕਸ਼ਨ ਤੋਂ ਵੀ ਬਚਾਅ ਰੱਖਦਾ ਹੈ।
ਪਿਆਜ਼ ਤੇ ਲਸਣ-ਪਿਆਜ਼ ਤੇ ਲਸਣ ਵੀ ਤਕਰੀਬਨ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਦੀ ਲੜੀ 'ਚ ਆਉਂਦੇ ਹਨ। ਇਨ੍ਹਾਂ 'ਚ ਵਿਟਾਮਿਨ ਸੀ, ਕੈਲਸ਼ੀਅਮ, ਫਾਸਫੋਰਸ ਤੇ ਐਲਿਲ ਸਲਫਾਈਡਜ਼ ਜਿਹੇ ਤੱਤ ਪਾਏ ਜਾਂਦੇ ਹਨ, ਜੋ ਸਾਡੇ ਪਾਚਣ ਤੰਤਰ ਨੂੰ ਤੰਦਰੁਸਤ ਰੱਖਦੇ ਹਨ। ਇਹ ਤੱਤ ਦਿਲ ਦੀਆਂ ਬਿਮਾਰੀਆਂ ਦੇ ਨਾਲ ਨਾਲ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਵੀ ਰੱਖਿਆ ਕਰਦੇ ਹਨ।
ਕਰੇਲਾ-ਕਰੇਲੇ 'ਚ ਵਿਟਾਮਿਨ ਏ, ਫਾਸਫੋਰਸ, ਮੋਮੋਰੀਡੀਸੀਨ ਕੈਰੈਟਿਨ ਜਿਹੇ ਤੱਤ ਹੁੰਦੇ ਹਨ। ਭਾਵੇਂ ਇਸ ਦਾ ਸਵਾਦ ਥੋੜ੍ਹਾ ਜਿਹਾ ਕੁੜੱਤਣ ਵਾਲਾ ਹੁੰਦਾ ਹੈ ਪਰ ਇਹ ਸਾਡੇ ਖੂਨ ਨੂੰ ਸਾਫ਼ ਰੱਖਣ 'ਚ ਮਦਦ ਕਰਦਾ ਹੈ ਤੇ ਸ਼ੂਗਰ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਇਹ ਨਾ ਸਿਰਫ ਪੇਚਸ਼ (ਮਰੋੜ) ਨੂੰ ਰੋਕਦਾ ਹੈ, ਸਗੋਂ ਹਾਈਪਰ ਟੈਨਸ਼ਨ ਤੇ ਅਨੇਥਿਕਮੈਟਿਕ ਦੀ ਰੋਕਥਾਮ ਵੀ ਕਰਦਾ ਹੈ।
ਮੂਲੀ-ਮੂਲੀ 'ਚ ਵਿਟਾਮਿਨ ਏ, ਬੀ ਤੇ ਸੀ ਤੱਤ ਮੌਜੂਦ ਹਨ। ਇਸ ਤੋਂ ਇਲਾਵਾ ਇਹ ਕੈਲਸ਼ੀਅਮ ਤੇ ਆਈਸੋਥੀਓ ਸਾਈਨਟ ਦਾ ਵੀ ਸ੍ਰੋਤ ਹੈ। ਪੀਲੀਆ ਦੇ ਮਰੀਜ਼ ਲਈ ਮੂਲੀ ਦਾ ਖਾਣਾ ਲਾਭਦਾਇਕ ਹੁੰਦਾ ਹੈ। ਇਹ ਲਿਵਰ ਦੇ ਇਨਫੈਕਸ਼ਨ ਨੂੰ ਵੀ ਦੂਰ ਕਰਦੀ ਹੈ ਤੇ ਬਵਾਸੀਰ ਤੋਂ ਵੀ ਬਚਾਅ ਕਰਦੀ ਹੈ।
ਮਿਰਚਾਂ-ਮਿਰਚ ਵਿਚ ਵਿਟਾਮਿਨ ਏ ਤੇ ਸੀ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿਚ ਕੈਪਸਨਥੀਨ ਤੱਤ ਵੀ ਮੌਜੂਦ ਹੈ। ਇਹ ਲਗਾਤਾਰ ਦਰਦ ਨੂੰ ਘੱਟ ਕਰਨ 'ਚ ਸਹਾਈ ਹੁੰਦੀ ਹੈ।
ਪੱਤਿਆਂ ਵਾਲੀਆਂ ਸਬਜ਼ੀਆਂ-ਪੱਤਿਆਂ ਵਾਲੀਆਂ ਹਰੀਆਂ ਸਬਜ਼ੀਆਂ 'ਚ ਵਿਟਾਮਿਨ ਏ, ਪੋਟਾਸ਼ੀਅਮ ਤੇ ਕੈਲਸ਼ੀਅਮ ਹੁੰਦਾ ਹੈ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਵਿਚ ਮਦਦ ਕਰਦੀਆਂ ਹਨ।
ਅਸ਼ਵਗੰਧਾ-ਅਸ਼ਵਗੰਧਾ ਦੇ ਜੜ੍ਹ ਤੇ ਪੱਤੇ ਦੋਵੇਂ ਹੀ ਲਾਭ ਪਹੁੰਚਾਉਂਦੇ ਹਨ। ਇਸ ਵਿਚ ਐਲਕੋਲਾਇਡਜ਼, ਸਟੀਰਰਾਇਡ ਲੈਕਟੋਨਜ਼ ਹੁੰਦੇ ਹਨ। ਜੋ ਸਰੀਰ ਨੂੰ ਮਜ਼ਬੂਤ ਤੇ ਸਿਹਤਮੰਦ ਬਣਾਉਣ ਤੇ ਊਰਜਾਵਾਨ ਬਣਾਈ ਰੱਖਣ 'ਚ ਸਹਾਈ ਹੁੰਦੇ ਹਨ। ਇਸ ਦੇ ਇਸਤੇਮਾਲ ਨਾਲ ਤਣਾਅ ਘਟਦਾ ਹੈ, ਤੰਤਰ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਪਿਸ਼ਾਬ ਰੋਗਾਂ 'ਚ ਵੀ ਇਸ ਦੀ ਵਰਤੋਂ ਸਹਾਈ ਸਿੱਧ ਹੁੰਦੀ ਹੈ।
ਤੁਲਸੀ-ਤੁਲਸੀ ਦੇ ਪੱਤੇ ਤੇ ਬੀਜ ਦੋਵੇਂ ਹੀ ਲਾਭਦਾਇਕ ਹੁੰਦੇ ਹਨ। ਇਹ ਰੋਗ ਪ੍ਰਤੀਰੋਧ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ। ਨਜ਼ਲਾ, ਜ਼ੁਕਾਮ ਤੇ ਬਰੋਨਕਾਈਟਿਸ ਵਿਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਕੜੀ ਪੱਤਾ-ਕੜੀ ਪੱਤਾ ਕਾਰਬੋਹਾਈਡ੍ਰੇਟਸ, ਫਾਇਬਰ, ਕੈਲਸ਼ੀਅਮ, ਫਾਸਫੋਰਸ, ਲੋਹਾ ਤੇ ਵਿਟਾਮਿਨ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਦਿਲ ਵਧੀਆ ਢੰਗ ਨਾਲ ਕੰਮ ਕਰਦਾ ਹੈ। ਇਹ ਇਨਫੈਕਸ਼ਨ ਨੂੰ ਖ਼ਤਮ ਕਰਦਾ ਹੈ। ਇਹ ਮਨੁੱਖੀ ਚਮੜੀ ਤੇ ਵਾਲਾਂ ਨੂੰ ਚਮਕਦਾਰ ਬਣਾਉਂਦਾ ਹੈ।
ਬ੍ਰਹਮੀ-ਬ੍ਰਹਮੀ ਵਿਚ ਡੇਮਰੇਨ ਤੱਤ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਯਾਦਦਾਸ਼ਤ ਨੂੰ ਵਧਾਉਂਦੀ ਹੈ।
ਐਲੋਵੇਰਾ-ਐਲੋਵੇਰਾ 'ਚ ਪ੍ਰੋਟੀਉਲਾਇਟਿਕ ਇਨਜਾਈਮਜ਼ ਹੁੰਦਾ ਹੈ। ਇਹ ਖੋਪੜੀ 'ਤੇ ਮਰੇ ਹੋਏ ਚਮੜੀ ਸੈੱਲਾਂ ਦੀ ਮੁਰੰਮਤ ਕਰਦਾ ਹੈ, ਵਾਲ ਲੰਮੇ ਕਰਨ 'ਚ ਸਹਾਈ ਹੁੰਦਾ ਹੈ। ਖੋਪੜੀ 'ਤੇ ਖੁਜਲੀ ਨੂੰ ਰੋਕਦਾ ਹੈ ਤੇ ਸਿੱਕਰੀ ਨਹੀਂ ਹੋਣ ਦਿੰਦਾ।
ਹਲਦੀ-ਹਲਦੀ 'ਚ ਕਰਕਿਊਮਿਨ ਤੱਤ ਪਾਇਆ ਜਾਂਦਾ ਹੈ, ਜੋ ਲਿਵਰ ਦੀਆਂ ਸਮੱਸਿਆਵਾਂ ਦੂਰ ਕਰਦਾ ਹੈ। ਹਾਜ਼ਮੇ ਸੰਬੰਧੀ ਤਕਲੀਫਾਂ ਦੀ ਨਿਵਾਰਨ ਕਰਦਾ ਹੈ। ਚਮੜੀ ਰੋਗ ਤੇ ਜ਼ਖ਼ਮਾਂ ਨੂੰ ਵੀ ਠੀਕ ਕਰਦਾ ਹੈ।
ਗਲੋਅ-ਗਲੋਅ ਵਿਚ ਕੋਲਿਊਮਿਨ, ਟੀਨੂਸਪੋਰਿਕ, ਕੋਲਾਈਨ ਤੱਤ ਹੁੰਦੇ ਹਨ, ਜੋ ਐਂਟੀ ਆਥਰਾਈਟਿਕ, ਐਂਟੀ ਪੈਰੀਓਡਿਕ, ਐਂਟੀ ਪਾਈਰੇਟਿਕ, ਐਂਟੀ ਇਨਫਲੇਮ ਤੇ ਖੂਨ ਸਾਫ਼ ਕਰਨ 'ਚ ਸਹਾਇਕ ਹੁੰਦਾ ਹੈ।

ਈ-ਮੇਲ : bhagwandass226@gmail.com

Ad Position 22
No active advertisement
ਪਿਛਲੀ ਖ਼ਬਰ ਸੋਮਨਾਥ ਤੋਂ ਸੰਧੂਰ ਤੱਕ : ਮੁੜ ਸੁਰਜੀਤ ਹੋ ਰਹੀ ਹੈ ਭਾਰਤ ਦੀ ਭਾਵਨਾ ਅਗਲੀ ਖ਼ਬਰ ਵਿਸ਼ਵ ਲਈ ਖਾਸ ਅਹਿਮੀਅਤ ਰੱਖਦਾ ਹੈ ਟਰੰਪ-ਸ਼ੀ ਸਿਖਰ ਸੰਮੇਲਨ
Ad Position 24