12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸੋਮਨਾਥ ਤੋਂ ਸੰਧੂਰ ਤੱਕ : ਮੁੜ ਸੁਰਜੀਤ ਹੋ ਰਹੀ ਹੈ ਭਾਰਤ ਦੀ ਭਾਵਨਾ

Ad Position 21
No active advertisement
ਅਜੀਤ ਡੈਸਕ 13-05-2026

75 ਵਰ੍ਹੇ ਪਹਿਲਾਂ ਕੀਤਾ ਗਿਆ ਸ਼ਾਨਦਾਰ ਸੋਮਨਾਥ ਮੰਦਰ ਦਾ ਪੁਨਰ-ਜਾਗਰਣ ਤੇ ਪ੍ਰਾਣ- ਪ੍ਰਤਿਸ਼ਠਾ ਭਾਰਤ ਦੇ ਸੱਭਿਆਚਾਰਕ ਗੌਰਵ ਦੀ ਮੁੜ-ਸਥਾਪਨਾ ਦਾ ਫੈਸਲਾਕੁੰਨ ਪਲ ਸੀ। ਇਸ ਨੇ ਭਾਰਤ ਦੀ ਉਸ ਦ੍ਰਿੜ੍ਹਤਾ ਤੇ ਸੰਕਲਪ ਨੂੰ ਮੁੜ ਸਥਾਪਿਤ ਕੀਤਾ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ 2047 ਮਿਸ਼ਨ ਦਾ ਮੂਲ ਆਧਾਰ ਹੈ। ਇਸ ਪਵਿੱਤਰ ਪ੍ਰਾਪਤੀ ਦੀ 75ਵੀਂ ਵਰ੍ਹੇਗੰਢ ਰਾਸ਼ਟਰ ਨੂੰ ਭਾਰਤੀ ਸੱਭਿਆਚਾਰ ਦੀ ਮਜ਼ਬੂਤ ਨੀਂਹ ਤੇ ਸ਼ਕਤੀ 'ਤੇ ਪੂਰਨ ਭਰੋਸਾ ਪ੍ਰਦਾਨ ਕਰਦੀ ਹੈ, ਜੋ 1,000 ਵਰ੍ਹਿਆਂ ਤੱਕ ਕੱਟੜਪੰਥੀਆਂ ਦੁਆਰਾ ਮੰਦਰ 'ਤੇ ਕੀਤੇ ਗਏ ਹਮਲਿਆਂ ਨੂੰ ਝੱਲਣ ਤੋਂ ਬਾਅਦ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਕੇ ਉੱਭਰੀ। ਗੁਜਰਾਤ ਦੇ ਸ਼ਾਂਤ ਸਮੁੰਦਰ ਕਿਨਾਰੇ ਸਥਿਤ ਇਹ ਮੰਦਰ ਹਰ ਹਮਲੇ ਤੋਂ ਬਾਅਦ ਖੰਡਰਾਂ ਤੋਂ ਆਪਣੀ ਪੂਰੀ ਸ਼ਾਨ ਨਾਲ ਮੁੜ ਉੱਠ ਖੜ੍ਹਾ ਹੋਇਆ। ਇਸ ਦਾ ਇਤਿਹਾਸ ਕਈ ਮਾਅਨਿਆਂ 'ਚ ਭਾਰਤ ਦੇ ਅਤੀਤ ਦਾ ਪ੍ਰਤੀਬਿੰਬ ਹੈ, ਜਿੱਥੇ ਸਾਡੇ ਲੋਕਾਂ ਨੇ ਆਪਣੀ ਆਸਥਾ, ਸੱਭਿਆਚਾਰ ਤੇ ਵਿਰਾਸਤ 'ਤੇ ਹੋਏ ਹਮਲਿਆਂ ਤੋਂ ਬਾਅਦ ਮੁੜ ਮਜ਼ਬੂਤੀ ਨਾਲ ਵਾਪਸੀ ਕੀਤੀ। ਪ੍ਰਧਾਨ ਮੰਤਰੀ ਜੀ ਨੇ ਠੀਕ ਕਿਹਾ ਹੈ ਕਿ ਵਿਦੇਸ਼ੀ ਹਮਲਾਵਰਾਂ ਨੇ ਸਦੀਆਂ ਤੱਕ ਭਾਰਤ ਤੇ ਸੋਮਨਾਥ ਮੰਦਰ ਨੂੰ ਖਤਮ ਕਰਨ ਲਈ ਕਈ ਸਾਜਿਸ਼ਾਂ ਤੇ ਯਤਨ ਕੀਤੇ, ਫਿਰ ਵੀ ਭਾਰਤ ਤੇ ਇਹ ਪੂਜਨੀਕ ਤੀਰਥ ਨਸ਼ਟ ਨਾ ਹੋਇਆ। ਸੋਮਨਾਥ 'ਤੇ ਹਮਲਿਆਂ ਦਾ ਉਦੇਸ਼ ਲੁੱਟ-ਖੋਹ ਤੋਂ ਕਿਤੇ ਵੱਧ ਖਤਰਨਾਕ ਸੀ, ਜੇਕਰ ਇਹ ਹਮਲੇ ਸਿਰਫ਼ ਲੁੱਟ ਲਈ ਹੁੰਦੇ ਤਾਂ ਇਕ ਹਜ਼ਾਰ ਸਾਲ ਪਹਿਲਾਂ ਹੋਈ ਪਹਿਲੀ ਵੱਡੀ ਲੁੱਟ ਤੋਂ ਬਾਅਦ ਹੀ ਰੁਕ ਜਾਂਦੇ। ਸੋਮਨਾਥ ਦੀ ਪਵਿੱਤਰ ਮੂਰਤੀ ਨੂੰ ਅਪਵਿੱਤਰ ਕੀਤਾ ਗਿਆ, ਸਾਨੂੰ ਦੱਸਿਆ ਗਿਆ ਕਿ ਮੰਦਰ ਨੂੰ ਲੁੱਟ-ਖੋਹ ਲਈ ਤੋੜਿਆ ਗਿਆ ਸੀ ਅਤੇ ਨਫ਼ਰਤ, ਜ਼ੁਲਮ ਤੇ ਦਹਿਸ਼ਤ ਦਾ ਇਤਿਹਾਸ ਸਾਡੇ ਤੋਂ ਲੁਕਾਇਆ ਗਿਆ ਸੀ।
ਜਦੋਂ ਸੁਤੰਤਰਤਾ ਤੋਂ ਬਾਅਦ ਸਰਦਾਰ ਪਟੇਲ ਨੇ ਸੋਮਨਾਥ ਮੰਦਰ ਦੇ ਮੁੜ-ਨਿਰਮਾਣ ਦੇ ਮਿਸ਼ਨ ਦੀ ਅਗਵਾਈ ਕੀਤੀ ਤਾਂ ਇਹ ਨਵੇਂ ਸੁਤੰਤਰ ਭਾਰਤ ਦੇ ਰਾਸ਼ਟਰੀ ਆਤਮ-ਵਿਸ਼ਵਾਸ ਦੇ ਪ੍ਰਗਟਾਵਿਆਂ 'ਚੋਂ ਇਕ ਸੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਇਸ ਇਤਿਹਾਸਕ ਉਦਘਾਟਨ ਸਮਾਰੋਹ ਵਿਚ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੇ ਸ਼ਾਮਿਲ ਹੋਣ ਦਾ ਰਸਮੀ ਤੌਰ 'ਤੇ ਵਿਰੋਧ ਕਰਨ ਦੇ ਬਾਵਜੂਦ ਰਾਸ਼ਟਰਪਤੀ ਨੇ 11 ਮਈ 1951 ਨੂੰ ਮੰਦਰ ਦਾ ਉਦਘਾਟਨ ਕਰਕੇ ਭਾਰਤ ਦੇ ਸੱਭਿਆਚਾਰਕ ਪੁਨਰ-ਜਾਗਰਣ ਤੇ ਸੱਭਿਆਚਾਰ ਦੇ ਬੀਜ ਬੀਜੇ। ਕਾਸ਼ੀ ਵਿਸ਼ਵਨਾਥ ਤੇ ਉਜੈਨ ਦੇ ਮਹਾਕਾਲੇਸ਼ਵਰ ਮੰਦਰਾਂ ਦੀ ਮੁੜ-ਬਹਾਲੀ ਤੋਂ ਲੈ ਕੇ ਅਯੁੱਧਿਆ 'ਚ ਸ਼ਾਨਦਾਰ ਰਾਮ ਮੰਦਿਰ ਤੱਕ, ਕੇਦਾਰਨਾਥ ਦੀ ਪੁਨਰ-ਸੁਰਜੀਤੀ ਤੋਂ ਲੈ ਕੇ ਅਣਗਿਣਤ ਵਿਰਾਸਤੀ ਸਥਾਨਾਂ ਦੀ ਸੰਭਾਲ ਕਰਕੇ ਭਾਰਤ ਆਪਣੀ ਸੱਭਿਅਤਾ ਦੀ ਕਹਾਣੀ ਨੂੰ ਮਾਣ ਨਾਲ ਮੁੜ ਦੁਹਰਾ ਰਿਹਾ ਹੈ। ਇਨ੍ਹਾਂ ਯਤਨਾਂ ਨਾਲ ਸੈਲਾਨੀਆਂ ਦੀ ਆਮਦ ਵਧਣ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਤੇ ਕਾਰੋਬਾਰ ਦੇ ਕਈ ਮੌਕੇ ਪੈਦਾ ਹੋ ਰਹੇ ਹਨ। ਸੋਮਨਾਥ ਦੀ ਹੀ ਤਰ੍ਹਾਂ ਭਾਰਤ ਵੀ ਮਜ਼ਬੂਤੀ ਨਾਲ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੋਣ ਦੇ ਨਾਲ-ਨਾਲ ਆਪਣੀ ਅਮੀਰ ਵਿਰਾਸਤ ਤੇ ਆਧੁਨਿਕਤਾ ਦੇ ਮਿਸਾਲੀ ਸੰਗਮ ਦੇ ਲਈ ਆਲਮੀ ਪਛਾਣ ਬਣਾ ਰਿਹਾ ਹੈ।
ਜਦੋਂ 2014 ਵਿਚ ਭਾਰੀ ਬਹੁਮਤ ਨਾਲ ਮੋਦੀ ਸਰਕਾਰ ਸੱਤਾ ਵਿਚ ਆਈ ਤਾਂ ਸੰਯੁਕਤ ਰਾਸ਼ਟਰ ਮਹਾਸਭਾ ਨੇ ਰਿਕਾਰਡ 175 ਦੇਸ਼ਾਂ ਦੇ ਸਮਰਥਨ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਪਾਸ ਕੀਤਾ ਸੀ। ਯੋਗਾ ਅੱਜ ਇਕ 'ਗਲੋਬਲ ਵੈਲਨੈੱਸ' ਮੁਹਿੰਮ ਬਣ ਚੁੱਕਾ ਹੈ, ਜਿਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਪ੍ਰਧਾਨ ਮੰਤਰੀ ਮੋਦੀ ਪੱਛਮੀ ਏਸ਼ੀਆ ਵਿਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਰਕਾਰ ਦੁਆਰਾ ਤੋਹਫੇ 'ਚ ਦਿੱਤੀ ਗਈ ਜ਼ਮੀਨ 'ਤੇ ਬਣਾਏ ਗਏ ਸ਼ਾਨਦਾਰ ਮੰਦਰ ਦਾ ਉਦਘਾਟਨ ਕਰ ਚੁੱਕੇ ਹਨ। ਉਨ੍ਹਾਂ ਇਸ ਤੋਂ ਪਹਿਲਾਂ ਬਹਿਰੀਨ ਵਿਖੇ 200 ਸਾਲ ਪੁਰਾਣੇ ਮੰਦਰ ਦੇ ਪੁਨਰ-ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ ਸੀ। ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਕੇ ਰਵਾਇਤੀ ਗਿਆਨ ਪ੍ਰਣਾਲੀਆਂ ਨਾਲ ਜੁੜੇ ਪੇਸ਼ੇਵਰਾਂ ਲਈ ਆਲਮੀ ਮੌਕੇ ਪੈਦਾ ਕਰਨੇ, ਹਾਲ ਦੇ ਵਰ੍ਹਿਆਂ ਵਿਚ ਭਾਰਤ ਦੁਆਰਾ ਵਿਕਸਿਤ ਦੇਸ਼ਾਂ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ ਦਾ ਮਹੱਤਵਪੂਰਨ ਹਿੱਸਾ ਰਿਹਾ ਹੈ। ਸਾਡੇ ਕਾਰੀਗਰਾਂ, ਕਾਮਿਆਂ, ਕਿਸਾਨਾਂ, ਮਛੇਰਿਆਂ, ਛੋਟੇ ਕਾਰੋਬਾਰਾਂ ਤੇ ਸਟਾਰਟਅੱਪਸ ਲਈ ਲਾਭਦਾਇਕ ਆਲਮੀ ਮੌਕਿਆਂ ਦੀ ਸਿਰਜਣਾ ਕਰਨ ਦੇ ਨਾਲ-ਨਾਲ ਇਹ ਸਮਝੌਤੇ ਪ੍ਰਧਾਨ ਮੰਤਰੀ ਦੇ 'ਵਿਕਾਸ ਭੀ, ਵਿਰਾਸਤ ਭੀ' ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹਨ। ਹਾਲ ਹੀ ਵਿਚ ਨਿਊਜ਼ੀਲੈਂਡ ਦੇ ਨਾਲ ਹੋਇਆ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ.) ਮੈਡੀਕਲ ਤੇ ਹੌਲਿਸਟਿਕ ਹੈਲਥਕੇਅਰ ਸਰਵਿਸਿਜ਼ ਵਿਚ ਭਾਰਤ ਦੀ ਆਲਮੀ ਪਹੁੰਚ 'ਚ ਇਕ ਮਹੱਤਵਪੂਰਨ ਪ੍ਰਾਪਤੀ ਹੈ।
ਇਸ 'ਚ ਆਯੁਸ਼ ਡਾਕਟਰਾਂ ਤੇ ਯੋਗਾ ਟ੍ਰੇਨਰਾਂ ਦੇ ਨਾਲ-ਨਾਲ ਭਾਰਤੀ ਸੱਭਿਆਚਾਰ ਤੇ ਗਿਆਨ ਆਧਾਰਿਤ ਪੇਸ਼ੇਵਰਾਂ ਨੂੰ ਵੀ ਨਿਊਜ਼ੀਲੈਂਡ ਵਿਚ ਕੰਮ ਕਰਨ ਲਈ ਵੀਜ਼ਾ ਕੋਟਾ ਪ੍ਰਦਾਨ ਕੀਤਾ ਗਿਆ ਹੈ। ਇਹ ਸਮਝੌਤਾ ਆਯੁਰਵੇਦ, ਯੋਗਾ ਤੇ ਹੋਰ ਰਵਾਇਤੀ ਮੈਡੀਕਲ ਸਰਵਿਸਿਜ਼ ਦੇ ਵਪਾਰ ਲਈ ਅਨੁਕੂਲ ਵਾਤਾਵਰਨ ਤਿਆਰ ਕਰਦਾ ਹੈ ਤੇ ਆਯੁਸ਼ ਨੂੰ ਸਮਕਾਲੀ ਤੇ ਆਲਮੀ ਤੌਰ 'ਤੇ ਪ੍ਰਾਸੰਗਿਕ ਸਿਹਤ ਸਮਾਧਾਨ ਦੇ ਰੂਪ ਵਿਚ ਸਥਾਪਿਤ ਕਰਦਾ ਹੈ। ਬ੍ਰਿਟੇਨ, ਯੂਰਪੀਅਨ ਯੂਨੀਅਨ ਤੇ ਆਸਟ੍ਰੇਲੀਆ ਦੇ ਨਾਲ ਹੋਏ ਵਪਾਰ ਸਮਝੌਤਿਆਂ ਵਿਚ ਵੀ ਇਸੇ ਤਰ੍ਹਾਂ ਦੇ ਪ੍ਰਬੰਧ ਹਨ। ਯੂਰਪੀਅਨ ਯੂਨੀਅਨ ਦੇ ਨਾਲ ਐੱਫ.ਟੀ.ਏ. ਆਯੁਸ਼ ਡਾਕਟਰਾਂ ਨੂੰ ਭਾਰਤ ਵਿਚ ਪ੍ਰਾਪਤ ਕਾਰੋਬਾਰੀ ਯੋਗਤਾ ਦੇ ਆਧਾਰ 'ਤੇ ਯੂਰਪੀਅਨ ਦੇਸ਼ਾਂ ਵਿਚ ਸੇਵਾਵਾਂ ਦੇਣ ਦੀ ਪ੍ਰਵਾਨਗੀ ਦੇਵੇਗਾ। ਇਹ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਵਿਚ ਆਯੁਸ਼ ਵੈੱਲਨੈੱਸ ਸੈਂਟਰ ਅਤੇ ਕਲੀਨਿਕ ਬਣਾਉਣ ਵਿਚ ਵੀ ਮਦਦ ਕਰਦਾ ਹੈ।
ਨਵੀਆਂ ਚੁਣੌਤੀਆਂ 'ਤੇ ਜਿੱਤ-ਇਕ ਪਾਸੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੁਨੀਆ ਦਾ ਧਿਆਨ ਖਿੱਚ ਰਹੀ ਹੈ ਤਾਂ ਦੇਸ਼ ਦੇ ਦੁਸ਼ਮਣ ਇਸ ਨੂੰ ਨਿਸ਼ਾਨਾ ਬਣਾਉਂਦਿਆ ਅੱਤਵਾਦ ਤੇ ਘੁਸਪੈਠ ਰਾਹੀਂ ਭਾਰਤ ਦੀ ਸਦਭਾਵਨਾਪੂਰਨ ਵਿਰਾਸਤ ਨੂੰ ਵਿਗਾੜ ਰਹੇ ਹਨ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਨਵਾਂ ਭਾਰਤ ਅਜਿਹੀਆਂ ਚੁਣੌਤੀਆਂ ਦਾ ਮੂੰਹਤੋੜ ਜਵਾਬ ਦੇ ਰਿਹਾ ਹੈ। 'ਆਪ੍ਰੇਸ਼ਨ ਸੰਧੂਰ' ਰਾਹੀਂ ਭਾਰਤ ਨੇ ਅੱਤਵਾਦੀਆਂ ਤੇ ਸਰਹੱਦ ਪਾਰ ਮੌਜੂਦ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਢੁਕਵਾਂ ਸਬਕ ਸਿਖਾਇਆ ਹੈ। ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ 'ਚ ਪੱਛਮੀ ਬੰਗਾਲ ਦੇ ਵੋਟਰਾਂ ਨੇ ਉਨ੍ਹਾਂ ਪਾਰਟੀਆਂ ਨੂੰ ਨਕਾਰ ਦਿੱਤਾ, ਜੋ ਵੋਟ ਬੈਂਕ ਦੀ ਰਾਜਨੀਤੀ ਕਰਦਿਆਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਕਮਜ਼ੋਰ ਕਰ ਰਹੀਆਂ ਸਨ। ਜ਼ਿਕਰਯੋਗ ਹੈ ਕਿ 'ਆਪ੍ਰੇਸ਼ਨ ਸੰਧੂਰ' ਤੇ ਸੋਮਨਾਥ ਮੰਦਰ ਦਾ ਪੁਨਰ-ਨਿਰਮਾਣ, ਦੋਹਾਂ ਦੀ ਵਰ੍ਹੇਗੰਢ ਵਿਚ ਕੁਝ ਦਿਨਾਂ ਦਾ ਹੀ ਅੰਤਰ ਹੈ ਅਤੇ ਇਹ ਦੋਵੇਂ ਭਾਰਤ ਦੀ ਦ੍ਰਿੜ੍ਹਤਾ ਤੇ ਸਖ਼ਤੀ ਨੂੰ ਦਰਸਾਉਂਦੀਆਂ ਹਨ। ਖੈਰ ਸੋਮਨਾਥ ਦੀ ਕਹਾਣੀ ਰਾਜਨੀਤੀ ਤੋਂ ਕਿਤੇ ਅੱਗੇ ਹੈ। ਇਹ ਇਕ ਅਜਿਹੀ ਸੱਭਿਅਤਾ ਦੀ ਕਹਾਣੀ ਹੈ, ਜਿਸ ਨੇ ਕਦੇ ਆਤਮ-ਸਮਰਪਣ ਨਹੀਂ ਕੀਤਾ। ਆਪਣੇ ਪੁਨਰ-ਨਿਰਮਾਣ ਦੇ 75 ਵਰ੍ਹਿਆਂ ਬਾਅਦ ਅੱਜ ਸੋਮਨਾਥ ਸਿਰਫ਼ ਮੰਦਰ ਨਹੀਂ, ਸਗੋਂ ਭਾਰਤ ਦੀ ਦ੍ਰਿੜ੍ਹਤਾ, ਨਿਰੰਤਰਤਾ ਤੇ ਰਾਸ਼ਟਰੀ ਆਤਮ-ਵਿਸ਼ਵਾਸ਼ ਦਾ ਸਦੀਵੀ ਪ੍ਰਤੀਕ ਬਣ ਕੇ ਖੜ੍ਹਾ ਹੈ।
-(ਲੇਖਕ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਹਨ।)

Ad Position 22
No active advertisement
ਪਿਛਲੀ ਖ਼ਬਰ 13-05-26 ਅਗਲੀ ਖ਼ਬਰ ਸਬਜ਼ੀਆਂ ਦੀ ਕਾਸ਼ਤ ਤੇ ਇਨ੍ਹਾਂ ਦੇ ਸਿਹਤ ਲਈ ਫ਼ਾਇਦੇ
Ad Position 24