ਪਿਛਲੇ ਦਿਨਾਂ ਵਿਚ ਕੌਮਾਂਤਰੀ ਮੰਚ 'ਤੇ ਲਗਾਤਾਰ ਬਹੁਤ ਕੁਝ ਵਾਪਰਦਾ ਰਿਹਾ ਹੈ। ਰੂਸ ਅਤੇ ਯੂਕਰੇਨ ਦੀ ਸਾਲਾਂ ਤੋਂ ਚਲਦੀ ਆ ਰਹੀ ਜੰਗ ਤੋਂ ਬਾਅਦ ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਕੁਝ ਮਹੀਨਿਆਂ ਦੀ ਜੰਗ ਦੇ ਪ੍ਰਭਾਵਾਂ ਨੇ ਇਕ ਤਰ੍ਹਾਂ ਨਾਲ ਦੁਨੀਆ ਦਾ ਨਕਸ਼ਾ ਹੀ ਬਦਲ ਦਿੱਤਾ ਹੈ। ਸੰਸਾਰ ਅੱਜ ਮਹਿੰਗਾਈ ਦੀ ਮਾਰ ਹੇਠ ਹੈ। ਤੇਲ ਜੋ ਕਿ ਆਧੁਨਿਕ ਜ਼ਿੰਦਗੀ ਦੀ ਰਫ਼ਤਾਰ ਬਣ ਚੁੱਕਾ ਹੈ, ਦੀਆਂ ਕੀਮਤਾਂ ਵਿਚ ਵਾਧੇ ਨੇ ਸਭ ਪਾਸੇ ਬੇਹੱਦ ਚਿੰਤਾ ਪੈਦਾ ਕਰ ਦਿੱਤੀ ਹੈ। ਭਾਰਤ ਵੀ ਇਸ ਦੀ ਲਪੇਟ ਵਿਚ ਆ ਚੁੱਕਾ ਹੈ। ਕੌਮਾਂਤਰੀ ਕੋਸ਼ਿਸ਼ਾਂ ਦੇ ਬਾਵਜੂਦ ਅਮਰੀਕਾ ਅਤੇ ਈਰਾਨ ਦੀ ਜੰਗ ਠੱਲ੍ਹਦੀ ਨਜ਼ਰ ਨਹੀਂ ਆ ਰਹੀ। ਪਿਛਲੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸੇ ਹੀ ਸੰਦਰਭ ਵਿਚ ਚੀਨ ਦਾ ਦੌਰਾ ਵੀ ਕੀਤਾ ਗਿਆ ਸੀ। ਉਸ 'ਚੋਂ ਵੀ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆਏ। ਕੁਝ ਦਿਨ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਭਾਰਤ ਯਾਤਰਾ ਉਪਰੋਕਤ ਕੌਮਾਂਤਰੀ ਸਥਿਤੀ ਅਤੇ ਭਾਰਤ-ਅਮਰੀਕਾ ਸੰਬੰਧਾਂ ਦੇ ਸੰਦਰਭ ਅਹਿਮ ਰਹੀ ਹੈ। ਪਿਛਲੇ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਟੈਰਿਫ਼ ਮੁੱਦੇ 'ਤੇ ਪੈਦਾ ਹੋਇਆ ਵਿਵਾਦ ਅਤੇ ਡੋਨਾਲਡ ਟਰੰਪ ਦੀ ਪਾਕਿਸਤਾਨ ਨਾਲ ਵਧ ਰਹੀ ਨੇੜਤਾ ਦੁਵੱਲੇ ਸੰਬੰਧਾਂ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਭਾਰਤ ਦੇ ਰੂਸ ਅਤੇ ਈਰਾਨ ਨਾਲ ਸੰਬੰਧਾਂ ਨੂੰ ਲੈ ਕੇ ਵੀ ਦੋਵਾਂ ਦੇਸ਼ਾਂ ਵਿਚ ਦੂਰੀਆਂ ਬਣੀਆਂ ਰਹੀਆਂ ਹਨ।
ਮਾਰਕੋ ਰੂਬੀਓ ਦੀ ਯਾਤਰਾ ਆਪਸੀ ਸੰਬੰਧਾਂ ਵਿਚ ਮੁੜ ਵਿਸ਼ਵਾਸ ਪੈਦਾ ਕਰਨ ਦਾ ਯਤਨ ਕਹੀ ਜਾ ਸਕਦੀ ਹੈ, ਪਰ ਇਕ ਵੱਡੀ ਅਹਿਮ ਘਟਨਾ ਭਾਰਤ ਵਿਚ ਕੁਆਡ ਵਿਦੇਸ਼ ਮੰਤਰੀਆਂ ਦੇ ਹੋਏ ਸੰਮੇਲਨ ਦੀ ਵੀ ਹੈ। ਕੁਆਡ ਵਿਚ ਭਾਰਤ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ ਅਤੇ ਜਪਾਨ ਸ਼ਾਮਿਲ ਹਨ। ਕੁਆਡ ਦੇਸ਼ਾਂ ਦੇ ਇਸ ਸੰਮੇਲਨ ਦੀ ਇਸ ਸਮੇਂ ਮਹੱਤਤਾ ਹੋਰ ਵੀ ਵਧ ਜਾਂਦੀ ਹੈ ਜਦੋਂ ਈਰਾਨ ਨੇ ਹੋਰਮੁਜ਼ ਜਲ ਮਾਰਗ 'ਤੇ ਕਬਜ਼ਾ ਕਰਕੇ ਦੁਨੀਆ ਭਰ ਦੇ ਦੇਸ਼ਾਂ ਦੀ ਸਮੁੰਦਰੀ ਆਵਾਜਾਈ ਨੂੰ ਰੋਕ ਦਿੱਤਾ ਹੈ, ਜਿਸ ਨਾਲ ਖਾੜੀ ਦੇਸ਼ਾਂ ਤੋਂ ਕੱਚੇ ਤੇਲ ਦੀ ਦਰਾਮਦ 'ਤੇ ਵੱਡਾ ਅਸਰ ਪਿਆ ਹੈ। ਦੂਜੇ ਪਾਸੇ ਅਮਰੀਕਾ ਨੇ ਈਰਾਨ ਦੀ ਨਾਕੇਬੰਦੀ ਕਰਕੇ ਉਸ ਦੀ ਤੇਲ ਦੀ ਸਪਲਾਈ ਵੀ ਰੋਕ ਦਿੱਤੀ ਹੈ। ਅੱਜ ਦੁਨੀਆ ਭਰ ਦੇ ਦੇਸ਼ ਇਹ ਚਾਹੁੰਦੇ ਹਨ ਕਿ ਇਸ ਸਮੁੰਦਰੀ ਲਾਂਘੇ ਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਵੇ। ਇਸ ਦਾ ਕੁਆਡ ਦੇਸ਼ਾਂ ਨੇ ਆਪਣੇ ਐਲਾਨਨਾਮੇ ਵਿਚ ਵੀ ਜ਼ਿਕਰ ਕੀਤਾ ਹੈ, ਪਰ ਇਸ ਤੋਂ ਵੀ ਵਧੇਰੇ ਗੱਲ ਇਹ ਹੈ ਕਿ ਚੀਨ ਨੇ ਆਪਣੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਆਪਣੇ ਗੁਆਂਢੀ ਦੇਸ਼ਾਂ ਨੂੰ ਤਾਂ ਚੁਣੌਤੀ ਦਿੱਤੀ ਹੀ ਹੋਈ ਹੈ, ਪਰ ਉਸ ਨੇ ਹਿੰਦ-ਮਹਾਂਸਾਗਰ ਵਿਚ ਵੀ ਆਪਣੀਆਂ ਵਿਸਥਾਰਵਾਦੀ ਨੀਤੀਆਂ 'ਤੇ ਅਮਲ ਕਰਕੇ ਹਿੰਦ-ਪ੍ਰਸ਼ਾਂਤ ਖਿੱਤੇ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ।
ਸਮੁੰਦਰ ਦੇ ਨਾਲ ਲਗਦਾ ਇਹ ਇਲਾਕਾ 8 ਲੱਖ ਕਿੱਲੋਮੀਟਰ ਦਾ ਹੈ, ਜਿਸ ਨਾਲ ਦਰਜਨਾਂ ਹੀ ਦੇਸ਼ ਪ੍ਰਭਾਵਿਤ ਹੁੰਦੇ ਹਨ। ਇਹ ਸਮੁੰਦਰੀ ਖੇਤਰ ਆਸਟ੍ਰੇਲੀਆ ਤੋਂ ਸ਼ੁਰੂ ਹੁੰਦਾ ਹੈ ਅਤੇ ਹਿੰਦ ਮਹਾਂਸਾਗਰ ਤੱਕ ਨੂੰ ਆਪਣੇ ਘੇਰੇ ਵਿਚ ਲੈਂਦਾ ਹੈ। ਇੰਡੋਨੇਸ਼ੀਆ, ਫਿਲਪੀਨਜ਼ ਅਤੇ ਜਪਾਨ ਦੇ ਅਨੇਕਾਂ ਹੀ ਟਾਪੂ ਇਸ ਵਿਚ ਆਉਂਦੇ ਹਨ। ਚੀਨ, ਦੱਖਣੀ ਚੀਨ ਸਾਗਰ ਦੇ ਸਮੁੰਦਰ ਦੇ ਵੱਡੇ ਹਿੱਸੇ ਨੂੰ ਆਪਣੀ ਮਲਕੀਅਤ ਦਰਸਾ ਰਿਹਾ ਹੈ, ਜਿਸ ਨਾਲ ਇਸ ਖਿੱਤੇ ਦੇ ਦਰਜਨਾਂ ਹੀ ਦੇਸ਼ ਪ੍ਰਭਾਵਿਤ ਹੋਏ ਹਨ। ਕੁਆਡ ਦਾ ਮੁੱਖ ਮੰਤਵ ਚੀਨ ਦੇ ਇਸ ਵਧਦੇ ਵਿਸਥਾਰਵਾਦ ਨੂੰ ਹਰ ਹੀਲੇ ਰੋਕਣਾ ਹੈ, ਤਾਂ ਜੋ ਕੌਮਾਂਤਰੀ ਸਮੁੰਦਰੀ ਰਸਤਿਆਂ ਦੀ ਵਪਾਰਕ ਅਤੇ ਹੋਰ ਹਰ ਤਰ੍ਹਾਂ ਦੀ ਆਵਾਜਾਈ ਸੁਰੱਖਿਅਤ ਰਹਿ ਸਕੇ। ਜਪਾਨ ਭਾਰਤ ਦਾ ਲੰਮੇ ਸਮੇਂ ਤੋਂ ਮਿੱਤਰ ਦੇਸ਼ ਰਿਹਾ ਹੈ। ਇਸ ਨੇ ਭਾਰਤ ਦੇ ਮੁਢਲੇ ਢਾਂਚੇ ਦੀ ਉਸਾਰੀ ਵਿਚ ਹੁਣ ਤੱਕ ਵੱਡਾ ਯੋਗਦਾਨ ਪਾਇਆ ਹੈ। ਅੱਜ ਵੀ ਇਹ ਸਹਿਯੋਗ ਜਾਰੀ ਹੈ। ਆਸਟ੍ਰੇਲੀਆ ਨਾਲ ਵੀ ਭਾਰਤ ਦੇ ਵਾਪਰਕ ਅਤੇ ਮਿੱਤਰਤਾ ਵਾਲੇ ਸੰਬੰਧ ਬਣੇ ਰਹੇ ਹਨ।
ਅੱਜ ਲੱਖਾਂ ਹੀ ਭਾਰਤੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਵਸੇ ਹੋਏ ਹਨ। ਪਿਛਲੇ ਸਮੇਂ ਵਿਚ ਦੋਵਾਂ ਦੇਸ਼ਾਂ ਵਿਚ ਵਪਾਰ ਵਧਾਉਣ ਅਤੇ ਕਈ ਹੋਰ ਖੇਤਰਾਂ 'ਚ ਸਹਿਯੋਗ ਲਈ ਵੱਡੇ ਸਮਝੌਤੇ ਵੀ ਹੋਏ ਹਨ, ਜਿਨ੍ਹਾਂ ਨੂੰ ਸਮੇਂ-ਸਮੇਂ ਨਵਿਆਇਆ ਵੀ ਜਾਂਦਾ ਰਿਹਾ ਹੈ। ਇਸੇ ਹੀ ਸਾਲ ਕੁਆਡ ਦੇਸ਼ਾਂ ਦੇ ਮੁਖੀਆਂ ਦਾ ਸਿਖਰ ਸੰਮੇਲਨ ਵੀ ਭਾਰਤ ਵਿਚ ਹੋਣ ਦੀ ਸੰਭਾਵਨਾ ਹੈ। ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਚਾਰਾਂ ਦੇਸ਼ਾਂ ਦਾ ਇਹ ਸਮੂਹ ਕੌਮਾਂਤਰੀ ਮੰਚ 'ਤੇ ਅੱਜ ਇਕ ਵੱਡੀ ਸ਼ਕਤੀ ਬਣ ਕੇ ਉੱਭਰਿਆ ਹੈ। ਇਸ ਤੋਂ ਇਲਾਵਾ ਵੀ ਭਾਰਤ ਨੇ ਯੂਰਪ ਅਤੇ ਅਫ਼ਰੀਕਾ ਨੇ ਬਹੁਤੇ ਦੇਸ਼ਾਂ ਨਾਲ ਆਪਣੇ ਚੰਗੇ ਸੰਬੰਧ ਬਣਾਏ ਹੋਏ ਹਨ।
ਅੱਜ ਭਾਰਤ ਦੀਆਂ ਹਜ਼ਾਰਾਂ ਹੀ ਕੰਪਨੀਆਂ ਇਨ੍ਹਾਂ ਦੇਸ਼ਾਂ ਵਿਚ ਆਪਣਾ ਕੰਮ-ਕਾਰ ਕਰ ਰਹੀਆਂ ਹਨ, ਜੋ ਭਾਰਤ ਦੀ ਆਰਥਿਕਤਾ ਨੂੰ ਬਿਹਤਰ ਬਣਾਉਣ ਵਿਚ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ। ਕੁਆਡ ਦੇਸ਼ਾਂ ਵਿਚ ਈਂਧਨ ਦੀ ਸੁਰੱਖਿਆ ਅਤੇ ਹੋਰ ਹਰ ਤਰ੍ਹਾਂ ਦੀ ਊਰਜਾ ਦੇ ਖੇਤਰ ਵਿਚ ਸਹਿਯੋਗ ਅਮਲੀ ਰੂਪ ਵਿਚ ਭਾਰਤ ਲਈ ਲਾਭਕਾਰੀ ਸਾਬਿਤ ਹੋ ਸਕਦਾ ਹੈ। ਇਸ ਸੰਮੇਲਨ ਵਿਚ ਫਿਜੀ, ਜਿਹੜਾ ਦੱਖਣੀ ਪੈਸਿਫਿਕ ਮਹਾਂਸਾਗਰ ਵਿਚ ਸਥਿਤ ਹੈ ਅਤੇ ਅੰਗਰੇਜ਼ਾਂ ਦੀ ਇਕ ਬਸਤੀ ਵੀ ਰਿਹਾ ਹੈ, ਵਿਚ ਕੁਆਡ ਦੇਸ਼ਾਂ ਵਲੋਂ ਇਕ ਬੰਦਰਗਾਹ ਦੀ ਉਸਾਰੀ ਕਰਨਾ ਇਕ ਅਹਿਮ ਪਹਿਲ ਹੈ। ਇਹ ਸਾਰੇ ਦੇਸ਼ ਇਸ ਵਿਚ ਭਾਈਵਾਲੀ ਕਰਨਗੇ। ਇਹ ਉਸਾਰੀ ਸਮੁੰਦਰੀ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਇਸ ਦੇ ਰਸਤਿਆਂ ਨੂੰ ਹੋਰ ਵਧੇਰੇ ਸੁਰੱਖਿਅਤ ਕਰਨ ਵਿਚ ਸਹਾਈ ਹੋਵੇਗੀ, ਜਿਸ ਨਾਲ ਸਮੁੰਦਰੀ ਆਵਾਜਾਈ ਨੂੰ ਵੀ ਹੋਰ ਵਧੇਰੇ ਸੁਚਾਰੂ ਬਣਾਇਆ ਜਾ ਸਕੇਗਾ।
-ਬਰਜਿੰਦਰ ਸਿੰਘ ਹਮਦਰਦ