ਅੱਜ ਲਈ ਵਿਸ਼ੇਸ਼
ਵਿਸ਼ਵ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਕੁਝ ਤਿਉਹਾਰ ਕਿਸੇ ਮਹਾਨ ਵਿਅਕਤੀ ਦੇ ਜਨਮ ਜਾਂ ਮਰਨ ਨਾਲ ਸੰਬੰਧਿਤ ਹੁੰਦੇ ਹਨ, ਕੁਝ ਤਿਉਹਾਰ ਰੁੱਤਾਂ ਦੀ ਤਬਦੀਲੀ ਨਾਲ ਸੰਬੰਧ ਰੱਖਦੇ ਹਨ ਅਤੇ ਕੁਝ ਇਤਿਹਾਸਕ ਘਟਨਾਵਾਂ ਨਾਲ ਜੁੜੇ ਹੋਏ ਹੁੰਦੇ ਹਨ। ਇਸਲਾਮ ਧਰਮ ਵਿਚ ਸਿਰਫ਼ ਦੋ ਹੀ ਤਿਉਹਾਰ ਹਨ। ਈਦ-ਉਲ-ਫ਼ਿਤਰ ਤੇ ਈਦ-ਉਲ-ਅਜ਼ਹਾ, ਜਿਸ ਨੂੰ ਆਮ ਕਰਕੇ ਬਕਰੀਦ ਵੀ ਕਿਹਾ ਜਾਂਦਾ ਹੈ। ਅਰਬੀ ਭਾਸ਼ਾ ਦੇ ਸ਼ਬਦ ਈਦ ਦਾ ਅਰਥ ਖੁਸ਼ੀ ਹੈ ਤੇ ਕੁਰਬਾਨੀ ਨੂੰ ਅਰਬੀ ਭਾਸ਼ਾ ਵਿਚ ਅਜ਼ਹਾ ਕਿਹਾ ਜਾਂਦਾ ਹੈ। ਸੰਸਾਰ ਦੀ ਮੁੱਢ-ਕਦੀਮ ਤੋਂ ਰੀਤ ਹੈ ਕਿ ਪਿਆਰ, ਮੁਹੱਬਤ ਤੇ ਇਸ਼ਕ ਕਰਨ ਵਾਲਿਆਂ ਨੂੰ ਪਰਖਿਆ ਜਾਵੇ ਤੇ ਜੋ ਜਿੰਨਾ ਨੇੜੇ ਹੁੰਦਾ ਹੈ, ਉਸ ਦਾ ਓਨਾ ਹੀ ਸਖ਼ਤ ਇਮਤਿਹਾਨ ਵੀ ਲਿਆ ਜਾਂਦਾ ਹੈ। ਫਿਰ ਅੱਲ੍ਹਾ ਪਾਕ ਦਾ ਵੀ ਇਹੀ ਕਾਨੂੰਨ ਤੇ ਦਸਤੂਰ ਹੈ ਕਿ ਜੋ ਇਨਸਾਨ ਉਸ ਦੇ ਕਰੀਬ ਤੇ ਉਸ ਨੂੰ ਪਿਆਰਾ ਹੁੰਦਾ ਹੈ ਤਾਂ ਅੱਲ੍ਹਾ ਪਾਕ ਦਾ ਵਰਤਾਅ ਉਸ ਦੇ ਨਾਲ ਉਹ ਨਹੀਂ ਹੁੰਦਾ, ਜੋ ਆਮ ਇਨਸਾਨਾਂ ਨਾਲ ਹੁੰਦਾ ਹੈ, ਸਗੋਂ ਉਸ ਨੂੰ ਪਰਖ ਅਤੇ ਇਮਤਿਹਾਨ ਦੇ ਕਈ ਪੜਾਵਾਂ 'ਚੋਂ ਗੁਜ਼ਰਨਾ ਪੈਂਦਾ ਹੈ। ਇਸਲਾਮ ਧਰਮ ਦੇ ਆਖ਼ਰੀ ਪੈਗ਼ੰਬਰ ਹਜ਼ਰਤ ਮੁਹੰਮਦ (ਸੱਲ) ਸਾਹਿਬ ਦਾ ਇਰਸ਼ਾਦ ਹੈ ਕਿ ਸਾਰੇ ਨਬੀਆਂ ਨੂੰ ਰੁਤਬੇ ਦੇ ਅਨੁਸਾਰ ਇਮਤਿਹਾਨ ਦੀਆਂ ਦੁੱਖ-ਤਕਲੀਫ਼ਾਂ ਝੱਲਣੀਆਂ ਪਈਆਂ। ਇਸੇ ਪ੍ਰਕਾਰ ਦੀ ਇਕ ਉਦਾਹਰਨ ਹਜ਼ਰਤ ਇਬਰਾਹੀਮ (ਅਲੈ.) ਦੀ ਹੈ, ਜਿਨ੍ਹਾਂ ਨੇ ਵਿਅਕਤੀਗਤ ਤੌਹੀਦ (ਇਕ ਅੱਲ੍ਹਾ ਦੀ ਬੰਦਗੀ) ਦਾ ਸੁਨੇਹਾ ਦੇ ਕੇ ਸਾਰੀ ਇਨਸਾਨੀਅਤ ਵਿਚ ਭਾਈਚਾਰੇ ਦੀ ਨੀਂਹ ਰੱਖੀ। ਉਨ੍ਹਾਂ ਨੇ ਜਿਸ ਕੌਮ ਵਿਚ ਜਨਮ ਲਿਆ, ਉਸ ਕੌਮ ਵਿਚ ਰੱਬ ਦੀ ਬੰਦਗੀ (ਭਗਤੀ) ਦੀ ਥਾਂ ਸੂਰਜ, ਚੰਦ ਤੇ ਸਿਤਾਰਿਆਂ ਦੀ ਪੂਜਾ ਹੁੰਦੀ ਸੀ। ਚੰਦ ਤੇ ਸਿਤਾਰਿਆਂ ਦੀ ਪੂਜਾ ਉਸ ਸਮੇਂ ਇਕ ਧਾਰਮਿਕ ਪ੍ਰਪੱਕਤਾ ਹੀ ਨਹੀਂ ਸੀ, ਸਗੋਂ ਉਸ ਵਕਤ ਦੀ ਸਿਆਸਤ ਦੀ ਨੀਂਹ ਵੀ ਸੀ। ਹਜ਼ਰਤ ਇਬਰਾਹੀਮ (ਅਲੈ.) ਨੇ ਇਸ ਪ੍ਰਪੱਕਤਾ (ਭਰੋਸੇ) ਵਿਚ ਕੋਈ ਕਸ਼ਿਸ਼ (ਖਿੱਚ) ਨਾ ਵੇਖਦੇ ਹੋਏ ਸੰਸਾਰਕ ਢਾਂਚੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ, ਜੋ ਕੁਝ ਚਮਕਦਾ ਹੈ ਉਹ ਫਿਰ ਧੁੰਦਲਾ ਹੋ ਜਾਂਦਾ ਹੈ। ਇਹ ਚਮਕਣ ਤੇ ਅਲੋਪ ਹੋਣ ਵਾਲੀਆਂ ਚੀਜ਼ਾਂ ਰੱਬ ਨਹੀਂ ਹੋ ਸਕਦੀਆਂ, ਰੱਬ ਤਾਂ ਉਹ ਹੈ ਜੋ ਇਨ੍ਹਾਂ ਸਭ ਚੀਜ਼ਾਂ ਨੂੰ ਪੈਦਾ ਕਰਨ ਵਾਲਾ ਹੈ। ਸੱਚੇ ਯਕੀਨ ਦੇ ਐਲਾਨ ਦੇ ਬਦਲੇ ਵਿਚ ਉਨ੍ਹਾਂ ਨੂੰ ਕੀਮਤ ਚੁਕਾਉਣੀ ਪਈ ਕਿ ਆਪ ਬੇਘਰ ਹੋ ਗਏ ਅਤੇ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦੇ ਦੁਸ਼ਮਣ ਬਣ ਗਏ। ਇੱਥੋਂ ਤੱਕ ਕਿ ਇਰਾਕ ਦਾ ਹੁਕਮਰਾਨ (ਨਮਰੂਦ) ਵੀ ਉਨ੍ਹਾਂ ਦੀ ਜਾਨ ਦਾ ਵੈਰੀ ਬਣ ਗਿਆ ਅਤੇ ਕ੍ਰੋਧ ਵਿਚ ਆ ਕੇ ਉਸ ਨੇ ਇਬਰਾਹੀਮ ਨੂੰ ਮੌਤ ਦੀ ਸਜ਼ਾ ਦੇਣੀ ਚਾਹੀ। ਅੱਗ ਵਿਚ ਸੁੱਟਣ ਸਮੇਤ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਪਰ ਉਹ ਬਚਦੇ ਰਹੇ। ਫ਼ਿਰ ਹਜ਼ਰਤ ਇਬਰਾਹੀਮ (ਅਲੈ.) ਨੇ ਮੁਲਕ-ਏ-ਸ਼ਾਮ (ਸੀਰੀਆ) ਵਿਚ ਆਪਣੀ ਰਿਹਾਇਸ਼ ਬਣਾਈ। ਇਸ ਸਮੇਂ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਹੁਣ ਹਜ਼ਰਤ ਇਬਰਾਹੀਮ (ਅਲੈ.) ਕਾਫ਼ੀ ਜ਼ਈਫ਼ (ਬੁੱਢੇ) ਹੋ ਚੁੱਕੇ ਸਨ। ਉਨ੍ਹਾਂ ਨੇ ਇਸ ਅਵਸਥਾ ਵਿਚ ਸਹਾਰੇ ਲਈ ਅੱਲ੍ਹਾ ਕੋਲੋਂ ਇਕ ਪੁੱਤਰ ਲਈ ਦੁਆ ਕੀਤੀ। ਅੱਲ੍ਹਾ ਪਾਕ ਨੇ ਉਨ੍ਹਾਂ ਦੀ ਦੁਆ ਨੂੰ ਕਬੂਲ (ਪ੍ਰਵਾਨ) ਕਰ ਲਿਆ ਤੇ 86 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਪਤਨੀ ਹਜ਼ਰਤ ਹਾਜ਼ਰਾ ਦੀ ਕੁੱਖੋਂ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਮੁਹੰਮਦ ਇਸਮਾਈਲ ਰੱਖਿਆ ਗਿਆ। ਬਿਰਧ ਹੋ ਚੁੱਕੇ ਪਿਤਾ ਦੀ ਆਸ ਇਹ ਸੀ ਕਿ ਉਹ ਵੱਡਾ ਹੋ ਕੇ ਉਨ੍ਹਾਂ ਦਾ ਸਹਾਰਾ ਬਣੇਗਾ। ਇਸੇ ਖ਼ਾਹਿਸ਼ ਨਾਲ ਉਹ ਉਸ ਦਾ ਪਾਲਣ-ਪੋਸ਼ਣ ਕਰਦੇ ਰਹੇ। ਪਰ ਇਕ ਦਿਨ ਸੁਪਨੇ ਵਿਚ ਉਨ੍ਹਾਂ ਨੂੰ ਅੱਲ੍ਹਾ ਪਾਕ ਦਾ ਹੁਕਮ ਮਿਲਦਾ ਹੈ ਕਿ ਹੈ! ਇਬਰਾਹੀਮ ਤੁਸੀਂ ਆਪਣੇ ਲਾਡਲੇ ਸਪੁੱਤਰ ਨੂੰ ਮੇਰੇ ਰਸਤੇ ਵਿਚ ਕੁਰਬਾਨ ਕਰੋ। ਇਸ ਵੇਲੇ ਹਜ਼ਰਤ ਇਸਮਾਈਲ (ਅਲੈ.) ਦੀ ਉਮਰ ਕਰੀਬ 13 ਸਾਲਾਂ ਦੀ ਸੀ। ਉਨ੍ਹਾਂ ਨੇ ਅੱਲ੍ਹਾ ਦੇ ਹੁਕਮ ਬਾਰੇ ਜਦ ਆਪਣੇ ਸਪੁੱਤਰ ਨੂੰ ਦੱਸਿਆ ਤਾਂ ਉਹ ਰੱਬ ਦੇ ਹੁਕਮ ਅੱਗੇ ਝੁਕ ਗਿਆ। ਲੋਕ ਧਾਰਨਾ ਅਨੁਸਾਰ ਪਿਤਾ ਨੇ ਜਿਉਂ ਹੀ ਜ਼ਿਬਾਹ (ਹਲਾਲ) ਕਰਨ ਲਈ ਆਪਣੇ ਸਪੁੱਤਰ ਨੂੰ ਜ਼ਮੀਨ 'ਤੇ ਲਿਟਾਇਆ ਤਾਂ ਉਹ ਜਦੋਂ ਛੁਰੀ ਫੇਰਨ ਹੀ ਲੱਗੇ ਸਨ ਕਿ ਉਸ ਸਮੇਂ ਅੱਲ੍ਹਾ ਨੇ ਇਕ ਫ਼ਰਿਸ਼ਤੇ ਰਾਹੀਂ ਇਸਮਾਈਲ ਦੀ ਥਾਂ ਇਕ 'ਦੁੰਬੇ' ਦੀ ਸ਼ਕਲ ਵਾਲਾ ਜਾਨਵਰ ਛੁਰੀ ਥੱਲੇ ਰਖਵਾ ਦਿੱਤਾ। ਇੰਝ ਇਬਰਾਹੀਮ ਦੀ ਛੁਰੀ ਨਾਲ ਇਸਮਾਈਲ ਦੀ ਥਾਂ ਜਾਨਵਰ ਕੁਰਬਾਨ ਹੋ ਗਿਆ ਤੇ ਉਨ੍ਹਾਂ ਦਾ ਸਪੁੱਤਰ ਇਸਮਾਈਲ ਉਨ੍ਹਾਂ ਦੇ ਕੋਲ ਖੜ੍ਹਾ ਸੀ। ਇਸ ਪ੍ਰਕਾਰ ਇਕ ਅਦਭੁੱਤ ਢੰਗ ਨਾਲ ਇਹ ਕੁਰਬਾਨੀ ਅੱਲ੍ਹਾ ਨੇ ਪ੍ਰਵਾਨ ਕਰ ਲਈ। ਅੱਲ੍ਹਾ ਨੂੰ ਬਾਪ-ਬੇਟੇ ਦੀ ਇਹ ਅਦਾ ਐਨੀ ਪਸੰਦ ਆਈ ਕਿ ਉਸ ਨੇ ਹਜ਼ਰਤ ਇਬਰਾਹੀਮ ਨੂੰ ਆਪਣਾ ਖ਼ਲੀਲ (ਦੋਸਤ) ਤੇ ਇਸਮਾਈਲ ਨੂੰ ਆਪਣਾ ਪੈਗ਼ੰਬਰ ਬਣਾਇਆ ਅਤੇ ਉਨ੍ਹਾਂ ਦੇ ਵੰਸ਼ 'ਚੋਂ ਹੀ ਆਖਰੀ ਪੈਗ਼ੰਬਰ ਹਜ਼ਰਤ ਮੁਹੰਮਦ (ਸੱਲ) ਸਾਹਿਬ ਪੈਦਾ ਹੋਇਆ। ਇਹ 'ਜ਼ਿਲਹਿੱਜਾ' (ਇਸਲਾਮੀ ਮਹੀਨੇ) ਦੀ ਦਸਵੀਂ ਤਾਰੀਖ ਦਾ ਵਾਕਿਆ ਹੈ।
ਇਸੇ ਦਿਨ ਵਿਸ਼ਵ ਭਰ ਵਿਚ ਈਦ-ਉਲ-ਅਜ਼ਹਾ ਮਨਾਈ ਜਾਂਦੀ ਹੈ, ਜੋ ਕੁਰਬਾਨੀ ਤੇ ਤਿਆਗ ਦਾ ਪ੍ਰਤੀਕ ਹੈ। ਸੱਚ ਹੈ ਕਿ ਜੋ ਵਿਅਕਤੀ ਅੱਲ੍ਹਾ ਪਾਕ ਦੇ ਹੁਕਮਾਂ 'ਤੇ ਆਪਣੇ ਸਾਰੇ ਜਜ਼ਬਿਆਂ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ ਤਾਂ ਅੱਲ੍ਹਾ ਵੀ ਉਸ ਦੇ ਬਦਲੇ ਦੁਨਿਆਵੀ ਪ੍ਰੇਸ਼ਾਨੀਆਂ ਤੋਂ ਨਿਜਾਤ (ਛੁਟਕਾਰਾ) ਅਤੇ ਆਖ਼ਿਰਤ (ਮਰਨ ਤੋਂ) ਬਾਅਦ ਵਾਲਾ ਜੀਵਨ ਵੀ ਉਸ ਲਈ ਬਿਹਤਰ ਤੇ ਖ਼ੁਸ਼ਹਾਲੀ ਵਾਲਾ ਬਣਾ ਦਿੰਦਾ ਹੈ। ਕੁਰਬਾਨੀ ਦਾ ਅਰਥ ਸਿਰਫ਼ ਇਹ ਨਹੀਂ ਕਿ ਇਕ ਪਸ਼ੂ ਦੀ ਕੁਰਬਾਨੀ ਦਿੱਤੀ ਜਾਵੇ, ਸਗੋਂ ਕੁਰਬਾਨੀ ਦਾ ਅਸਲ ਮਕਸਦ ਇਹ ਹੈ ਕਿ ਸਾਡੇ ਦਿਲਾਂ ਦੀ ਕੈਫ਼ੀਅਤ (ਹਾਲਤ) ਅਜਿਹੀ ਬਣ ਜਾਵੇ ਕਿ ਚਾਹੇ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ, ਰੱਬ ਦੀ ਰਜ਼ਾ ਹਾਸਿਲ ਕਰਨ ਲਈ ਕੋਈ ਵੀ ਪਿਆਰੀ ਤੋਂ ਪਿਆਰੀ ਚੀਜ਼ ਰੱਬ ਦੇ ਰਸਤੇ ਵਿਚ ਰੁਕਾਵਟ ਨਹੀਂ ਬਣਨੀ ਚਾਹੀਦੀ।
-ਪ੍ਰਤੀਨਿਧ ਅਜੀਤ, ਜ਼ਿਲ੍ਹਾ ਮਾਲੇਰਕੋਟਲਾ।
ਮੋਬਾਈਲ : 95927-54907