ਅੱਜ ਕੌਮਾਂਤਰੀ ਨਾਰੀ ਸਿਹਤ ਦਿਵਸ ਵਿਸ਼ੇਸ਼
ਅੱਜ ਔਰਤਾਂ ਦੀ ਸਿਹਤ ਦਿਵਸ ਦਾ ਵਿਸ਼ੇਸ਼ ਦਿਹਾੜਾ ਹੈ। ਇਸ ਮੌਕੇ 'ਤੇ ਅਸੀਂ ਸਿਰਫ਼ ਰਸਮੀ ਵਧਾਈਆਂ ਤੱਕ ਸੀਮਤ ਨਾ ਰਹੀਏ, ਸਗੋਂ ਔਰਤਾਂ ਨਾਲ ਜੁੜੀਆਂ ਉਨ੍ਹਾਂ ਸਿਹਤ ਸਮੱਸਿਆਵਾਂ ਬਾਰੇ ਗੰਭੀਰ ਵਿਚਾਰ ਕਰੀਏ, ਜੋ ਹੌਲੀ-ਹੌਲੀ ਉਨ੍ਹਾਂ ਦੀ ਜ਼ਿੰਦਗੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਨ੍ਹਾਂ 'ਚੋਂ ਇਕ ਮਹੱਤਵਪੂਰਨ ਤੇ ਵਧਦੀ ਹੋਈ ਚੁਣੌਤੀ ਹੈ ਅੰਡਕੋਸ਼ ਵਿਚ ਪਾਣੀ ਦੀਆਂ ਥੈਲੀਆਂ ਬਣਨਾ (ਪੀ.ਸੀ.ਓ.ਡੀ. ਭਾਵ ਪੋਲੀਸਿਸਟਿਕ ਓਵੇਰੀਅਨ ਡਿਸੀਜ਼) ਅਤੇ ਪੋਲੀਸਿਸਟਿਕ ਓਵਰੀ ਸਿੰਡਰੋਮ (ਪੀ.ਸੀ.ਓ.ਐਸ.)। ਪਿਛਲੇ ਕੁਝ ਸਮੇਂ ਤੋਂ ਪੀ.ਸੀ.ਓ.ਡੀ./ ਪੀ.ਸੀ.ਓ.ਐਸ. ਦੇ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਇਹ ਸਮੱਸਿਆ ਹੁਣ ਸਿਰਫ਼ ਸ਼ਹਿਰੀ ਔਰਤਾਂ ਤੱਕ ਸੀਮਤ ਨਹੀਂ ਰਹੀ, ਸਗੋਂ ਪਿੰਡਾਂ ਵਿਚ ਵੀ ਆਪਣੀ ਪਹੁੰਚ ਬਣਾ ਚੁੱਕੀ ਹੈ।
ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਹੁਣ ਇਹ ਸਮੱਸਿਆ ਕੁੜੀਆਂ ਵਿਚ ਵੀ ਆਮ ਹੋ ਰਹੀ ਹੈ। ਇਹ ਸਿਰਫ਼ ਮਾਹਵਾਰੀ ਦੀ ਗੜਬੜ ਨਹੀਂ, ਸਗੋਂ ਇਕ ਅਜਿਹਾ ਹਾਰਮੋਨਲ ਅਸੰਤੁਲਨ ਹੈ, ਜੋ ਸਰੀਰ ਦੇ ਕਈ ਹਿੱਸਿਆਂ 'ਤੇ ਅਸਰ ਪਾਉਂਦਾ ਹੈ। ਪੀ.ਸੀ.ਓ.ਡੀ./ਪੀ.ਸੀ.ਓ.ਐਸ. ਦੇ ਲੱਛਣ ਹਮੇਸ਼ਾ ਸਪੱਸ਼ਟ ਨਹੀਂ ਹੁੰਦੇ। ਅਨਿਯਮਿਤ ਮਾਹਵਾਰੀ, ਵਧਦਾ ਵਜ਼ਨ, ਚਿਹਰੇ 'ਤੇ ਮੁਹਾਸੇ, ਅਣਚਾਹੇ ਵਾਲ, ਥਕਾਵਟ ਅਤੇ ਮੂਡ ਸਵਿੰਗ ਵਰਗੇ ਲੱਛਣ ਅਕਸਰ ਆਮ ਸਮੱਸਿਆਵਾਂ ਸਮਝ ਕੇ ਅਣਡਿੱਠੇ ਕਰ ਦਿੱਤੇ ਜਾਂਦੇ ਹਨ, ਪਰ ਅਸਲ ਵਿਚ ਇਹ ਸਰੀਰ ਦੇ ਅੰਦਰ ਚੱਲ ਰਹੇ ਹਾਰਮੋਨਲ ਅਸੰਤੁਲਨ ਦੇ ਸੰਕੇਤ ਹੁੰਦੇ ਹਨ। ਜੇ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਸਮੱਸਿਆ ਹੋਰ ਗੰਭੀਰ ਰੂਪ ਧਾਰ ਸਕਦੀ ਹੈ। ਇਸ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਆਧੁਨਿਕ ਜੀਵਨਸ਼ੈਲੀ ਇਸ ਦਾ ਮੁੱਖ ਕਾਰਨ ਹੈ। ਅਸੰਤੁਲਿਤ ਖ਼ੁਰਾਕ, ਜੰਕ ਫੂਡ ਦੀ ਵਧਦੀ ਆਦਤ, ਘੱਟ ਸਰੀਰਕ ਸਰਗਰਮੀ, ਨੀਂਦ ਦੀ ਘਾਟ, ਮਾਨਸਿਕ ਤਣਾਅ ਅਤੇ ਮੋਬਾਈਲ ਜਾਂ ਟੀ.ਵੀ. ਸਕਰੀਨ 'ਤੇ ਬੇਹੱਦ ਸਮਾਂ ਬਿਤਾਉਣਾ, ਇਹ ਸਾਰੇ ਕਾਰਨ ਸਰੀਰ ਦੇ ਹਾਰਮੋਨਲ ਸੰਤੁਲਨ ਨੂੰ ਵਿਗਾੜਦੇ ਹਨ। ਇਸ ਨਾਲ ਇੰਸੁਲਿਨ ਰੇਜ਼ਿਸਟੈਂਸ ਵਧਦਾ ਹੈ, ਜੋ ਹਾਰਮੋਨਲ ਅਸੰਤੁਲਨ ਦੇ ਵਾਧੇ ਲਈ ਜ਼ਿੰਮੇਵਾਰ ਹੈ। ਪੀ.ਸੀ.ਓ.ਡੀ./ਪੀ.ਸੀ.ਓ.ਐਸ. ਦੇ ਪ੍ਰਭਾਵ ਸਿਰਫ਼ ਮਾਹਵਾਰੀ ਤੱਕ ਸੀਮਤ ਨਹੀਂ ਰਹਿੰਦੇ। ਇਹ ਗਰਭਧਾਰਨ ਵਿਚ ਮੁਸ਼ਕਿਲਾਂ ਪੈਦਾ ਕਰਨ ਦੇ ਨਾਲ-ਨਾਲ ਔਰਤਾਂ ਵਿਚ ਬਾਂਝਪਣ ਦੇ ਵਧਦੇ ਮਾਮਲਿਆਂ ਨਾਲ ਵੀ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਵਧਦਾ ਵਜ਼ਨ, ਟਾਈਪ-2 ਡਾਇਬਟੀਜ਼ ਦਾ ਖ਼ਤਰਾ, ਦਿਲ ਦੀਆਂ ਬਿਮਾਰੀਆਂ ਅਤੇ ਮਨੋਵਿਗਿਆਨਕ ਤਣਾਅ ਵੀ ਇਸ ਨਾਲ ਸੰਬੰਧਿਤ ਹਨ। ਇਸ ਲਈ ਇਸ ਨੂੰ ਇਕ ਛੋਟੀ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ। ਇਸ ਸਥਿਤੀ ਵਿਚ ਇਲਾਜ ਲਈ ਸੰਪੂਰਨ ਰੂਪ 'ਚ ਸਮਝ ਦੀ ਲੋੜ ਹੈ। ਧਿਆਨ ਰਹੇ ਕਿ ਔਰਤਾਂ ਦੀ ਤੰਦਰੁਸਤ ਸਿਹਤ ਲਈ ਆਯੁਰਵੇਦ, ਯੋਗ ਤੇ ਨੈਚੁਰੋਪੈਥੀ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਆਯੁਰਵੇਦ ਸਰੀਰ ਦੇ ਅੰਦਰਲੇ ਦੋਸ਼ਾਂ ਦੇ ਸੰਤੁਲਨ ਨੂੰ ਠੀਕ ਕਰਨ 'ਤੇ ਜ਼ੋਰ ਦਿੰਦਾ ਹੈ ਅਤੇ ਰੋਗ ਦੇ ਮੂਲ ਕਾਰਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਲਸੀ ਦਾ ਸੰਤੁਲਿਤ ਸੇਵਨ ਹਾਰਮੋਨਲ ਸੰਤੁਲਨ ਵਿਚ ਮਦਦਗਾਰ ਮੰਨਿਆ ਜਾਂਦਾ ਹੈ ਤੇ ਮੇਥੀ ਦੇ ਭਿੱਜੇ ਹੋਏ ਦਾਣੇ ਜੋ ਇੰਸੁਲਿਨ ਦੀ ਗੜਬੜੀ 'ਚ ਸੁਧਾਰ ਕਰ ਸਕਦੇ ਹਨ। ਮੌਸਮ ਤੇ ਮਰੀਜ਼ ਦੀ ਪ੍ਰਕਿਰਤੀ ਨੂੰ ਧਿਆਨ ਵਿਚ ਰੱਖਦੇ ਹੋਏ ਤਿਲ ਅਤੇ ਗੁੜ ਦੀ ਸਹੀ ਵਰਤੋਂ ਵੀ ਪੀ.ਸੀ.ਓ.ਡੀ./ਪੀ.ਸੀ.ਓ.ਐਸ. ਨਾਲ ਪ੍ਰੇਸ਼ਾਨ ਔਰਤਾਂ ਲਈ ਰਾਹਤ ਪ੍ਰਦਾਨ ਕਰ ਸਕਦੀ ਹੈ। ਗਰਮੀਆਂ ਵਿਚ ਤਾਜ਼ਾ, ਜਦਕਿ ਸਰਦੀਆਂ ਵਿਚ ਕੋਸਾ ਪਾਣੀ ਪੀਣ ਦੀ ਆਦਤ ਅਤੇ ਰੋਜ਼ਾਨਾ ਹਲਕੀ ਕਸਰਤ ਅਤੇ ਨਿਯਮਿਤ ਸੈਰ ਕਰਨ ਦੀ ਆਦਤ ਜੇਕਰ ਪੈ ਜਾਵੇ ਤਾਂ ਵਧੀਆ ਗੱਲ ਹੈ। ਆਯੁਰਵੈਦਿਕ ਅਤੇ ਨੈਚੁਰੋਪੈਥੀ ਦੇ ਕਈ ਢੰਗ ਮਦਦਗਾਰ ਹੋ ਸਕਦੇ ਹਨ, ਪਰ ਹਰ ਔਰਤ ਦੀ ਸਰੀਰਕ ਬਣਤਰ ਅਤੇ ਪ੍ਰਕਿਰਤੀ ਵੱਖਰੀ ਹੁੰਦੀ ਹੈ, ਇਸ ਲਈ ਡਾਕਟਰ ਦੀ ਨਿੱਜੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਔਰਤਾਂ ਦੀ ਸਿਹਤ ਦੇ ਵਿਸ਼ੇ 'ਤੇ ਜਾਗਰੂਕਤਾ ਵੀ ਇਸ ਸਮੱਸਿਆ ਨੂੰ ਕਾਬੂ ਕਰਨ ਵਿਚ ਬਹੁਤ ਮਹੱਤਵਪੂਰਨ ਹੈ। ਅਜੇ ਵੀ ਬਹੁਤ ਸਾਰੀਆਂ ਔਰਤਾਂ ਆਪਣੀ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਸੰਬੰਧੀ ਗੱਲ ਕਰਨ ਤੋਂ ਕਤਰਾਉਂਦੀਆਂ ਹਨ, ਜਿਸ ਨਾਲ ਸਮੱਸਿਆ ਹੋਰ ਗੰਭੀਰ ਬਣ ਜਾਂਦੀ ਹੈ। ਸਮਾਜ ਨੂੰ ਮਿਲ ਕੇ ਇਸ ਚੁੱਪੀ ਨੂੰ ਤੋੜਨਾ ਹੋਵੇਗਾ ਅਤੇ ਔਰਤਾਂ ਨੂੰ ਸਹੀ ਜਾਣਕਾਰੀ ਦੇਣੀ ਹੋਵੇਗੀ। ਔਰਤਾਂ ਦੀ ਚੰਗੀ ਸਿਹਤ ਲਈ ਡਾਕਟਰੀ ਸਲਾਹ ਦੀ ਭੂਮਿਕਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਸਮੇਂ-ਸਿਰ ਜਾਂਚ ਅਤੇ ਸਹੀ ਮਾਰਗਦਰਸ਼ਨ ਨਾਲ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ। ਨਾਰੀ ਸਿਹਤ ਦਿਵਸ ਸਮਾਜ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਔਰਤਾਂ ਸਿਹਤ ਨੂੰ ਕਦੇ ਵੀ ਅਣਡਿੱਠਾ ਨਾ ਕਰਨ। ਪੀ.ਸੀ.ਓ.ਡੀ./ ਪੀ.ਸੀ.ਓ.ਐਸ. ਵਰਗੀਆਂ ਸਮੱਸਿਆਵਾਂ ਨੂੰ ਜਾਗਰੂਕ ਰਹਿ ਕੇ, ਸੰਤੁਲਿਤ ਜੀਵਨਸ਼ੈਲੀ ਅਤੇ ਸਮੇਂ-ਸਿਰ ਸਹੀ ਇਲਾਜ ਨਾਲ ਕਾਬੂ ਕੀਤਾ ਜਾ ਸਕਦਾ ਹੈ। ਹੁਣ ਸਮਾਂ ਹੈ ਕਿ ਹਰ ਔਰਤ ਆਪਣੀ ਸਿਹਤ ਨੂੰ ਪਹਿਲ ਦੇਵੇ ਕਿਉਂਕਿ ਸਿਹਤਮੰਦ ਨਾਰੀ ਹੀ ਸਿਹਤਮੰਦ ਪਰਿਵਾਰ ਅਤੇ ਮਜ਼ਬੂਤ ਸਮਾਜ ਦੀ ਅਸਲੀ ਨੀਂਹ ਹੈ।
-ਮੋਬਾਈਲ : 94174-56573
(ਲੇਖਕ ਕੁਦਰਤੀ ਇਲਾਜ ਪ੍ਰਣਾਲੀ ਦੇ ਪ੍ਰਚਾਰਕ ਅਤੇ ਦੋ ਵਾਰ ਰਾਜ ਪੁਰਸਕਾਰ ਨਾਲ ਸਨਮਾਨਿਤ ਹਨ।)