ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਚੰਡੀਗੜ੍ਹ ਸਥਿਤ ਸੀ.ਐਮ. ਨਿਵਾਸ 'ਤੇ ਅੱਜਕਲ੍ਹ ਹਰਿਆਣਾ ਦੇ ਨਾਲ-ਨਾਲ ਪੰਜਾਬ ਦੇ ਭਾਜਪਾ ਨੇਤਾਵਾਂ ਤੇ ਵਰਕਰਾਂ ਦੀਆਂ ਅਕਸਰ ਭੀੜਾਂ ਲੱਗੀਆਂ ਰਹਿੰਦੀਆਂ ਹਨ। ਪੰਜਾਬ ਭਾਜਪਾ ਦੇ ਨੇਤਾ ਹੋਰ ਪਾਰਟੀਆਂ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਨੇਤਾਵਾਂ ਨੂੰ ਮੁੱਖ ਮੰਤਰੀ ਸੈਣੀ ਨੂੰ ਮਿਲਵਾਉਣ ਤੇ ਉਨ੍ਹਾਂ ਦੀ ਮੌਜੂਦਗੀ ਵਿਚ ਉਕਤ ਨੇਤਾਵਾਂ ਨੂੰ ਭਾਜਪਾ 'ਚ ਸ਼ਾਮਿਲ ਕਰਵਾਉਣ ਲਈ ਨਾਲ ਲੈ ਕੇ ਆਉਂਦੇ ਰਹਿੰਦੇ ਹਨ। ਵੈਸੇ ਵੀ ਮੁੱਖ ਮੰਤਰੀ ਸੈਣੀ ਦੇ ਅੱਜਕਲ੍ਹ ਜਿੰਨੇ ਕੁ ਪ੍ਰੋਗਰਾਮ ਹਰਿਆਣਾ ਦੇ ਲਈ ਬਣਦੇ ਹਨ, ਤਕਰੀਬਨ ਓਨੇ ਹੀ ਪ੍ਰੋਗਰਾਮ ਪੰਜਾਬ ਦੇ ਲਈ ਵੀ ਬਣਦੇ ਰਹਿੰਦੇ ਹਨ। ਮੁੱਖ ਮੰਤਰੀ ਸੈਣੀ ਨੂੰ ਕਦੇ ਪੰਜਾਬ ਦੇ ਉਦਯੋਗਪਤੀ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਆਉਂਦੇ ਹਨ ਅਤੇ ਕਦੇ ਪੰਜਾਬ ਦੇ ਆੜ੍ਹਤੀਏ ਉਨ੍ਹਾਂ ਨਾਲ ਮੀਟਿੰਗ ਕਰਦੇ ਦੇਖੇ ਜਾਂਦੇ ਹਨ। ਕਦੇ ਪੰਜਾਬ ਦੇ ਕਿਸਾਨ ਤੇ ਕਦੇ ਵਿਦਿਆਰਥੀ ਆਗੂ ਸੀ.ਐਮ. ਦੇ ਨਿਵਾਸ 'ਤੇ ਦੇਖੇ ਜਾਂਦੇ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਕਈ ਭਾਜਪਾ ਨੇਤਾ, ਵਿਧਾਇਕ, ਮੰਤਰੀ ਤੇ ਮੁੱਖ ਮੰਤਰੀ ਸਕੱਤਰੇਤ 'ਚ ਤਾਇਨਾਤ ਰਾਜਨੀਤਕ ਅਧਿਕਾਰੀ ਵੀ ਪੰਜਾਬ ਦੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ 'ਚ ਸਰਗਰਮ ਰਹੇ ਹਨ। ਇਸ ਸਮੇਂ ਭਾਜਪਾ ਦਾ ਪੂਰਾ ਜ਼ੋਰ ਮੁੱਖ ਮੰਤਰੀ ਸੈਣੀ ਦੀ ਅਗਵਾਈ 'ਚ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਤੇ ਲੱਗਾ ਹੋਇਆ ਹੈ ਅਤੇ ਨਾਇਬ ਸਿੰਘ ਸੈਣੀ ਪੰਜਾਬ ਲਈ ਭਾਜਪਾ ਦੇ ਮੁੱਖ ਰਣਨੀਤੀਕਾਰ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਏ ਹਨ। ਪੰਜਾਬ ਤੇ ਹਰਿਆਣਾ ਦੀ ਸਰਹੱਦ ਆਪਸ ਵਿਚ ਸਾਂਝੀ ਹੋਣ ਕਰਕੇ ਦੋਵੇਂ ਪਾਸਿਆਂ ਦੇ ਕਿਸਾਨਾਂ ਦੇ ਖੇਤ ਇਕ-ਦੂਜੇ ਨਾਲ ਲੱਗਦੇ ਹਨ ਅਤੇ ਦੋਵੇਂ ਸੂਬਿਆਂ ਦੇ ਲੋਕਾਂ ਦਾ ਆਪਸ 'ਚ ਰੋਟੀ-ਬੇਟੀ ਦਾ ਵੀ ਰਿਸ਼ਤਾ ਬਣਿਆ ਹੋਇਆ ਹੈ। ਦੋਵਾਂ ਸੂਬਿਆਂ ਦੀ ਰਾਜਨੀਤੀ ਵੀ ਅਕਸਰ ਇਕ-ਦੂਜੇ ਨੂੰ ਪ੍ਰਭਾਵਿਤ ਕਰਦੀ ਹੈ, ਇਸੇ ਲਈ ਹਰਿਆਣਾ ਦੇ ਲੋਕਾਂ ਦੀਆਂ ਨਜ਼ਰਾਂ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਤੇ ਲੱਗੀਆਂ ਹੋਈਆਂ ਹਨ ਅਤੇ ਇਨ੍ਹਾਂ ਚੋਣ ਦੇ ਨਤੀਜੇ ਯਕੀਨਨ ਪੰਜਾਬ ਦੇ ਨਾਲ-ਨਾਲ ਹਰਿਆਣਾ ਦੀ ਰਾਜਨੀਤੀ 'ਤੇ ਵੀ ਲੰਮੇ ਸਮੇਂ ਲਈ ਪ੍ਰਭਾਵ ਪਾ ਸਕਦੇ ਹਨ।
ਹਰਿਆਣਾ ਨਿਗਮ ਚੋਣਾਂ 'ਚ ਭਾਜਪਾ ਦੀ ਝੰਡੀ
ਹਰਿਆਣਾ 'ਚ ਹੋਈਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ 'ਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀਆਂ ਨੂੰ ਕਰਾਰੀ ਮਾਤ ਦਿੱਤੀ ਹੈ। ਹਰਿਆਣਾ ਦੀਆਂ 3 ਨਗਰ ਨਿਗਮਾਂ- ਪੰਚਕੂਲਾ, ਅੰਬਾਲਾ ਤੇ ਸੋਨੀਪਤ 'ਚ ਮੇਅਰਾਂ ਦੇ ਨਾਲ-ਨਾਲ ਜ਼ਿਆਦਾਤਰ ਕੌਂਸਲਰ ਵੀ ਭਾਜਪਾ ਦੇ ਹੀ ਜਿੱਤੇ ਹਨ। ਇਸ ਦੇ ਨਾਲ ਹੀ ਸੂਬੇ ਦੀਆਂ ਬਹੁਤੀਆਂ ਨਗਰ ਕੌਂਸਲਾਂ ਤੇ ਨਗਰ ਪਾਲਿਕਾਵਾਂ 'ਚ ਵੀ ਜ਼ਿਆਦਾਤਰ ਭਾਜਪਾ ਉਮੀਦਵਾਰ ਹੀ ਜੇਤੂ ਰਹੇ ਹਨ। ਹਰਿਆਣਾ 'ਚ 2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਡੇਢ ਸਾਲ ਬਾਅਦ ਹੋਈਆਂ ਇਨ੍ਹਾਂ ਸ਼ਹਿਰੀ ਸਥਾਨਕ ਨਿਗਮ ਚੋਣਾਂ 'ਚ ਭਾਜਪਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਕਾਜ 'ਤੇ ਇਕ ਤਰ੍ਹਾਂ ਨਾਲ ਸਹਿਮਤੀ ਦੀ ਮੋਹਰ ਲੱਗ ਗਈ ਹੈ। ਇਨ੍ਹਾਂ ਸਥਾਨਕ ਨਿਗਮ ਚੋਣਾਂ 'ਚ ਮੁੱਖ ਮੰਤਰੀ ਸੈਣੀ ਤੋਂ ਲੈ ਕੇ ਸੂਬੇ ਦੇ ਮੰਤਰੀਆਂ, ਵਿਧਾਇਕਾਂ ਤੇ ਭਾਜਪਾ ਦੇ ਸੰਸਦ ਮੈਂਬਰਾਂ ਵਲੋਂ ਜਿੰਨੀ ਲਗਨ ਤੇ ਮਿਹਨਤ ਨਾਲ ਚੋਣ ਪ੍ਰਚਾਰ ਕੀਤਾ ਗਿਆ ਹੈ, ਉਸ ਤਰ੍ਹਾਂ ਦੀ ਮਿਹਨਤ ਵਿਰੋਧੀ ਧਿਰ ਦੇ ਖੇਮੇ 'ਚ ਦੇਖਣ ਨੂੰ ਨਹੀਂ ਮਿਲੀ। ਸਗੋਂ ਵਿਰੋਧੀ ਧਿਰ ਦੇ ਆਗੂ ਤਾਂ ਇਸੇ ਗੱਲ ਨੂੰ ਉਠਾਉਂਦੇ ਰਹੇ ਕਿ ਮੁੱਖ ਮੰਤਰੀ ਛੋਟੇ-ਛੋਟੇ ਕਸਬਿਆਂ ਦੇ ਵਾਰਡਾਂ 'ਚ ਜਾ ਕੇ ਕਿਉਂ ਚੋਣ ਪ੍ਰਚਾਰ ਕਰ ਰਹੇ ਹਨ? ਦਰਅਸਲ ਮੁੱਖ ਮੰਤਰੀ ਸੈਣੀ ਦੀ ਇਸ ਸਰਗਰਮੀ ਕਾਰਨ ਭਾਜਪਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਹੈ। ਉਕਲਾਨਾ ਨਗਰ ਪਾਲਿਕਾ ਨੂੰ ਛੱਡ ਕੇ ਹੋਰ ਬਹੁਤੇ ਸਥਾਨਾਂ 'ਤੇ ਭਾਜਪਾ ਉਮੀਦਵਾਰ ਹੀ ਜੇਤੂ ਰਹੇ ਹਨ।
ਆਖਰ ਜਿੱਤ ਹੀ ਗਏ ਬਾਂਸਲ
ਭਾਜਪਾ ਨੇ ਇਸ ਵਾਰ ਪੰਚਕੂਲਾ ਤੋਂ ਮੇਅਰ ਦੇ ਅਹੁਦੇ ਲਈ ਆਰ.ਐੱਸ.ਐੱਸ. ਦੇ ਪੁਰਾਣੇ ਵਰਕਰ ਤੇ ਭਾਜਪਾ ਨੇਤਾ ਸ਼ਿਆਮ ਲਾਲ ਬਾਂਸਲ (72) ਨੂੰ ਉਮੀਦਵਾਰ ਬਣਾਇਆ ਸੀ, ਉਨ੍ਹਾਂ ਕਾਂਗਰਸੀ ਉਮੀਦਵਾਰ ਨੂੰ 36 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਅੰਤਰ ਨਾਲ ਹਰਾ ਕੇ ਚੋਣ ਜਿੱਤ ਲਈ ਹੈ। ਦਰਅਸਲ ਬਾਂਸਲ ਨੇ 1993 'ਚ ਕਾਲਕਾ (ਪੰਚਕੂਲਾ) ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 1996 ਤੇ 2000 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ, ਪਰ ਬਾਂਸਲ ਖੇਤਰੀ ਪਾਰਟੀਆਂ- ਹਵਿਪਾ ਤੇ ਇਨੈਲੋ ਨਾਲ ਗੱਠਜੋੜ ਹੋਣ ਦੇ ਬਾਵਜੂਦ ਵੀ ਚੋਣ ਨਾ ਜਿੱਤ ਸਕੇ। ਇਸ ਵਾਰ ਉਨ੍ਹਾਂ ਦੇ ਸਮਰਥਕਾਂ ਦੀ ਮੰਗ 'ਤੇ ਭਾਜਪਾ ਹਾਈਕਮਾਨ ਨੇ ਸਾਬਕਾ ਮੇਅਰ ਕੁਲਭੂਸ਼ਣ ਗੋਇਲ ਦੀ ਬਜਾਏ ਬਾਂਸਲ ਨੂੰ ਪੰਚਕੂਲੇ ਤੋਂ ਮੇਅਰ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਤਾਂ ਉਹ ਚੋਣ ਜਿੱਤ ਗਏ। ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਨੇ 50 ਸਾਲ ਤੋਂ ਪਾਰਟੀ ਲਈ ਕੰਮ ਕਰਨ ਵਾਲੇ ਬਜ਼ੁਰਗ ਸ਼ਿਆਮ ਲਾਲ ਬਾਂਸਲ ਨੂੰ ਮੇਅਰ ਬਣਾ ਕੇ ਉਸ ਦੇ ਪਾਰਟੀ ਲਈ ਕੀਤੇ ਸੰਘਰਸ਼ ਦਾ ਸਨਮਾਨ ਕੀਤਾ ਹੈ।
ਜੈਨ ਦੁਬਾਰਾ ਮੇਅਰ ਬਣੇ
ਸੋਨੀਪਤ ਤੋਂ ਮੇਅਰ ਦੀ ਚੋਣ ਜਿੱਤਣ ਵਾਲੇ ਰਾਜੀਵ ਜੈਨ ਪੇਸ਼ੇ ਤੋਂ ਪੱਤਰਕਾਰ ਰਹੇ ਹਨ। ਉਹ 1996 ਤੋਂ 1999 ਤੱਕ ਤੱਤਕਾਲੀ ਮੁੱਖ ਮੰਤਰੀ ਬੰਸੀਲਾਲ ਦੇ ਪ੍ਰੈੱਸ ਸਲਾਹਕਾਰ ਰਹੇ ਹਨ। ਉਨ੍ਹਾਂ 2000 ਤੇ 2005 'ਚ ਸੋਨੀਪਤ ਤੋਂ ਵਿਧਾਨ ਸਭਾ ਦੀ ਚੋਣ ਲੜੀ, ਪਰ ਦੋਵੇਂ ਵਾਰ ਹਾਰ ਗਏ ਸਨ। ਜਦੋਂ ਭਾਜਪਾ ਨੇ 2009 'ਚ ਉਨ੍ਹਾਂ ਦੀ ਪਤਨੀ ਕਵਿਤਾ ਜੈਨ ਨੂੰ ਸੋਨੀਪਤ ਤੋਂ ਟਿਕਟ ਦਿੱਤੀ ਤਾਂ ਉਹ ਚੋਣ ਜਿੱਤ ਗਈ ਅਤੇ 2014 'ਚ ਦੂਜੀ ਵਾਰ ਵਿਧਾਇਕ ਬਣਨ 'ਤੇ ਭਾਜਪਾ ਦੀ ਮਨੋਹਰ ਲਾਲ ਖੱਟਰ ਸਰਕਾਰ 'ਚ ਕਵਿਤਾ ਜੈਨ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਸੀ। ਇਸ ਦੌਰਾਨ ਰਾਜੀਵ ਜੈਨ ਮੁੱਖ ਮੰਤਰੀ ਖੱਟਰ ਦੇ ਪ੍ਰੈੱਸ ਸਲਾਹਕਾਰ ਰਹੇ। ਭਾਜਪਾ ਨੇ 2024 ਦੀਆਂ ਵਿਧਾਨ ਸਭਾ ਚੋਣਾਂ 'ਚ ਕਵਿਤਾ ਜੈਨ ਨੂੰ ਟਿਕਟ ਦੇਣ ਦੀ ਬਜਾਏ ਸੋਨੀਪਤ ਦੇ ਮੇਅਰ ਨਿਖਿਲ ਮੈਦਾਨ ਨੂੰ ਟਿਕਟ ਦੇ ਦਿੱਤੀ। ਨਿਖਿਲ ਦੇ ਵਿਧਾਇਕ ਚੁਣੇ ਜਾਣ ਬਾਅਦ ਮੇਅਰ ਦਾ ਅਹੁਦਾ ਖਾਲੀ ਹੋਣ 'ਤੇ ਭਾਜਪਾ ਨੇ ਰਾਜੀਵ ਜੈਨ ਨੂੰ ਮੇਅਰ ਦੀ ਚੋਣ ਲੜਵਾਈ ਤਾਂ ਜੈਨ ਮੇਅਰ ਚੁਣੇ ਗਏ। ਹੁਣ ਰਾਜੀਵ ਜੈਨ ਸੋਨੀਪਤ ਤੋਂ ਕਾਂਗਰਸੀ ਉਮੀਦਵਾਰ ਕਮਲ ਦੀਵਾਨ ਨੂੰ 23 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਦੁਬਾਰਾ ਮੇਅਰ ਚੁਣੇ ਗਏ ਹਨ। ਉਧਰ ਅੰਬਾਲਾ ਤੋਂ ਭਾਜਪਾ ਉਮੀਦਵਾਰ ਅਕਸ਼ਿਤਾ ਸੈਣੀ ਨੇ ਕਾਂਗਰਸ ਦੀ ਉਮੀਦਵਾਰ ਕੁਲਵਿੰਦਰ ਕੌਰ ਨੂੰ 21 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਮੇਅਰ ਦੇ ਅਹੁਦੇ ਦੀ ਚੋਣ ਜਿੱਤ ਲਈ ਹੈ। ਇਨ੍ਹਾਂ ਸ਼ਹਿਰੀ ਸਥਾਨਕ ਚੋਣਾਂ 'ਚ ਰੇਵਾੜੀ ਨਗਰ ਕੌਂਸਲ ਤੇ ਬਾਰੂਹੇੜਾ ਨਗਰ ਪਾਲਿਕਾ ਪ੍ਰਧਾਨ ਦੇ ਅਹੁਦੇ ਦੀ ਚੋਣ ਵੀ ਭਾਜਪਾ ਉਮੀਦਵਾਰਾਂ ਨੇ ਜਿੱਤ ਲਈ ਹੈ। ਏਨਾ ਹੀ ਨਹੀਂ, ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਵਿਧਾਨ ਸਭਾ ਖੇਤਰ 'ਚ ਪੈਂਦੀ ਸਾਂਪਲਾ ਨਗਰ ਪਾਲਿਕਾ ਵਿਚ ਵੀ ਕਾਂਗਰਸੀ ਉਮੀਦਵਾਰਾਂ ਨੂੰ ਹਰਾ ਕੇ ਭਾਜਪਾ ਉਮੀਦਵਾਰ ਜੇਤੂ ਰਹੇ ਹਨ।
-ਵਿਸ਼ੇਸ਼ ਪ੍ਰਤੀਨਿਧੀ, ਮੋਬਾਈਲ : 9855465946
Email- ramsinghbrar@gmail.com