ਜਨਮ ਦਿਨ 'ਤੇ ਵਿਸ਼ੇਸ਼
ਪ੍ਰਿੰਸੀਪਲ ਤੇਜਾ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ 'ਚੋਂ ਇਕ ਸਨ, ਜੋ ਵਿਦਵਾਨ ਲੇਖਕ, ਸਿੱਖ ਸਾਹਿਤ ਦੇ ਸਕਾਲਰ, ਉੱਘੇ ਇਤਿਹਾਸਵੇਤਾ, ਸੁਲਝੇ ਹੋਏ ਟੀਕਾਕਾਰ ਤੇ ਭਾਸ਼ਾ ਵਿਗਿਆਨੀ ਸਨ। ਉਨ੍ਹਾਂ ਨੇ ਆਧੁਨਿਕ ਆਲੋਚਨਾ ਦਾ ਮੁੱਢ ਬੰਨ੍ਹਿਆ। ਉਨ੍ਹਾਂ ਨੇ ਭੂਮਿਕਾ ਤੇ ਰਿਵਿਊ ਲਿਖ ਕੇ ਅਨੇਕਾਂ ਲੇਖਕਾਂ ਤੇ ਸਾਹਿਤਕਾਰਾਂ ਦੀਆਂ ਸਾਹਿਤਕ ਭੂਮਿਕਾਵਾਂ ਬੰਨ੍ਹੀਆਂ। ਇਸ ਤਰ੍ਹਾਂ ਉਨ੍ਹਾਂ ਨੇ ਆਧੁਨਿਕ ਪੰਜਾਬੀ ਸਾਹਿਤ ਵਿਚ ਇਕ ਸੰਸਥਾ ਵਾਂਗ ਕੰਮ ਕੀਤਾ। ਉਨ੍ਹਾਂ ਦਾ ਜਨਮ 2 ਜੂਨ 1894 ਨੂੰ ਸੁਹਾਂ ਨਦੀ ਦੇ ਕੰਢੇ ਵਸੇ ਰਮਣੀਕ ਪਿੰਡ ਅਡਿਆਲਾ, ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ 'ਚ) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਸ. ਭਲਾਕਰ ਸਿੰਘ ਤੇ ਮਾਤਾ ਦਾ ਸੁਰੱਸਤੀ ਸੀ।
ਉਨ੍ਹਾਂ ਦਾ ਬਚਪਨ ਦਾ ਨਾਂਅ ਤੇਜ ਰਾਮ ਸੀ। ਬਾਬਾ ਖੇਮ ਸਿੰਘ ਬੇਦੀ ਨੇ 1898 'ਚ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਉਨ੍ਹਾਂ ਦਾ ਨਾਂਅ ਤੇਜਾ ਸਿੰਘ ਰੱਖ ਦਿੱਤਾ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਢੱਲੇ ਤੇ ਸਰਗੋਧਾ ਤੋਂ ਪ੍ਰਾਪਤ ਕੀਤੀ। ਉਨ੍ਹਾਂ 1908 'ਚ ਰਾਵਲਪਿੰਡੀ ਤੋਂ ਮਿਡਲ ਪਾਸ ਕੀਤੀ। 1910 'ਚ ਖ਼ਾਲਸਾ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ। 1912 'ਚ ਐਫ.ਏ. ਕਰਕੇ ਉਹ ਸੰਤ ਸਿੰਘ ਸੁੱਖਾ ਸਿੰਘ ਸਕੂਲ ਅੰਮ੍ਰਿਤਸਰ ਦੇ ਹੈੱਡ ਮਾਸਟਰ ਲੱਗ ਗਏ। ਫਿਰ ਇਤਿਹਾਸ ਤੇ ਹਿਸਾਬ ਨਾਲ ਬੀ.ਏ. ਕਰਕੇ 1914-19 ਤੱਕ ਉਹ ਗਾਰਡਨ ਕਾਲਜ ਰਾਵਲਪਿੰਡੀ 'ਚ ਅੰਗਰੇਜ਼ੀ ਤੇ ਇਤਿਹਾਸ ਦੇ ਲੈਕਚਰਾਰ ਰਹੇ। ਇਸੇ ਦਰਮਿਆਨ 1917 'ਚ ਉਨ੍ਹਾਂ ਨੇ ਐਮ.ਏ. ਅੰਗਰੇਜ਼ੀ ਕਰ ਲਈ ਅਤੇ 1919 'ਚ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੰਗਰੇਜ਼ੀ, ਇਤਿਹਾਸ ਤੇ ਧਾਰਮਿਕ ਸਿੱਖਿਆ ਦੇ ਪ੍ਰੋਫੈਸਰ ਨਿਯੁਕਤ ਹੋ ਗਏ। ਇੱਥੇ ਉਨ੍ਹਾਂ ਨੇ 1945 ਤੱਕ ਸੇਵਾਵਾਂ ਨਿਭਾਈਆਂ। ਦਸੰਬਰ 1945 'ਚ ਉਹ ਖ਼ਾਲਸਾ ਕਾਲਜ (ਮੁੰਬਈ) ਦੇ ਪ੍ਰਿੰਸੀਪਲ ਨਿਯੁਕਤ ਹੋਏ। 19 ਅਗਸਤ 1947 ਨੂੰ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ 'ਚ ਸਕੱਤਰ ਪਬਲੀਕੇਸ਼ਨ ਬਿਊਰੋ ਦਾ ਅਹੁਦਾ ਸੰਭਾਲਿਆ। ਜਨਵਰੀ 1949 'ਚ ਪੈਪਸੂ ਸਰਕਾਰ ਨੇ ਉਨ੍ਹਾਂ ਦੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਵਜੋਂ ਨਿਯੁਕਤੀ ਕਰ ਦਿੱਤੀ। 27 ਜੁਲਾਈ 1949 ਨੂੰ ਉਨ੍ਹਾਂ ਨੂੰ ਡਾਇਰੈਕਟਰ ਤੇ ਸਕੱਤਰ ਪੰਜਾਬੀ ਵਿਭਾਗ ਵੀ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਇਨ੍ਹਾਂ ਅਹੁਦਿਆਂ 'ਤੇ ਸ਼ਾਨਦਾਰ ਸੇਵਾ ਕੀਤੀ। ਦਸੰਬਰ 1951 'ਚ ਉਹ ਪਟਿਆਲੇ ਤੋਂ ਸੇਵਾਮੁਕਤ ਹੋ ਕੇ ਅੰਮ੍ਰਿਤਸਰ ਰਹਿਣ ਲੱਗ ਪਏ। ਉਹ 1954 'ਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਬਣੇ। ਮਾਰਚ 1956 'ਚ ਉਨ੍ਹਾਂ ਨੂੰ ਪੰਜਾਬੀ ਵਿਭਾਗ ਪਟਿਆਲਾ ਵਲੋਂ 'ਅਭਿਨੰਦਨ ਗ੍ਰੰਥ' ਭੇਟ ਕਰਕੇ ਸਨਮਾਨਿਤ ਕੀਤਾ ਗਿਆ। 10 ਜਨਵਰੀ 1958 ਨੂੰ ਉਹ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ।
ਪ੍ਰਿੰ. ਤੇਜਾ ਸਿੰਘ ਬਹੁਤ ਮਿਹਨਤੀ ਲੇਖਕ ਸਨ। ਉਨ੍ਹਾਂ ਨੇ ਪੰਜਾਬੀ ਤੇ ਅੰਗਰੇਜ਼ੀ 'ਚ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਪੰਜਾਬੀ 'ਚ ਉਨ੍ਹਾਂ ਦੀ ਪਲੇਠੀ ਪੁਸਤਕ ਗੁਰੂ ਨਾਨਕ ਸਾਹਿਬ ਦਾ ਮਿਸ਼ਨ (1914) ਵਿਚ ਪ੍ਰਕਾਸ਼ਿਤ ਹੋਈ ਸੀ। ਉਨ੍ਹਾਂ ਨੇ ਗੁਰਬਾਣੀ ਦੀਆਂ ਲਗਾਂ ਮਾਤਰਾਂ (1924) ਅਤੇ ਆਸਾ ਦੀ ਵਾਰ ਸਟੀਕ (1939) ਆਦਿ ਪੁਸਤਕਾਂ ਵੀ ਲਿਖੀਆਂ। ਉਨ੍ਹਾਂ ਨੇ 1936 ਤੋਂ 1941 ਤੱਕ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਲਈ ਸ਼ਬਦਾਰਥ ਦਾ ਮੁੱਖ ਕਾਰਜ ਕੀਤਾ।
ਉਨ੍ਹਾਂ ਦੀਆਂ ਹੋਰ ਪੁਸਤਕਾਂ 'ਚ ਨਵੀਆਂ ਸੋਚਾਂ (1941), ਸਹਿਜ ਸੁਭਾਅ (1942), ਸੱਭਿਆਚਾਰ (1946), ਪ੍ਰਿੰਸੀਪਲ ਤੇਜਾ ਸਿੰਘ ਦੇ ਚੋਣਵੇਂ ਲੇਖ (1957), ਪੰਜਾਬੀ ਸ਼ਬਦ ਜੋੜ (1929), ਸਾਹਿਤ ਦਰਸ਼ਨ (1942), ਸਿੱਖ ਧਰਮ (1952), ਪੰਜਾਬੀ ਕਿਵੇਂ ਲਿਖੀਏ? (1957) ਸਮੇਤ ਹੋਰ ਵੀ ਕਾਫ਼ੀ ਪੁਸਤਕਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਐਸ.ਐਸ. ਅਮੋਲ ਨਾਲ ਮਿਲ ਕੇ ਪੰਜਾਬੀ ਭੌਰੇ (1932 ) ਤੇ ਭਾਈ ਨਾਨਕ ਸਿੰਘ ਨਾਲ ਮਿਲ ਕੇ 'ਸਿਲਵਰ ਜੁਬਲੀ' ਕਿਤਾਬ ਸੰਪਾਦਿਤ ਕੀਤੀ। ਆਰਸੀ ਉਨ੍ਹਾਂ ਦੀ ਲਿਖੀ ਹੋਈ ਸਵੈ-ਜੀਵਨੀ ਹੈ। ਉਨ੍ਹਾਂ ਨੇ ਅੰਗਰੇਜ਼ੀ 'ਚ ਗਰੋਥ ਆਫ ਰਿਸਪਾਂਸੀਬਿਲਟੀ ਇਨ ਸਿੱਖਿਜ਼ਮ (1919), ਗੁਰਦੁਆਰਾ ਰਿਫਾਰਮ ਮੂਵਮੈਂਟ ਐਂਡ ਦਾ ਸਿੱਖ ਅਵੇਕਨਿੰਗ (1922), ਹਾਈ ਰੋਡਜ਼ ਆਫ ਸਿੱਖ ਹਿਸਟਰੀ (ਤਿੰਨ ਭਾਗ 1934), ਸਿੱਖਿਜ਼ਮ : ਆਈਡੀਅਲਜ਼ ਐਂਡ ਇੰਸਟੀਚਿਊਸ਼ਨਜ਼ (1937), ਐਸੇਜ ਇਨ ਸਿੱਖਿਜ਼ਮ (1940) ਅਤੇ ਐਂਗਲੋ ਪੰਜਾਬੀ ਡਿਕਸ਼ਨਰੀ (1955) ਸਮੇਤ ਕਈ ਹੋਰ ਪੁਸਤਕਾਂ ਵੀ ਲਿਖੀਆਂ। ਉਨ੍ਹਾਂ ਨੇ ਪ੍ਰੋਫੈਸਰ ਗੰਡਾ ਸਿੰਘ ਨਾਲ ਮਿਲ ਕੇ 1950 'ਚ 'ਏ ਸ਼ਾਰਟ ਹਿਸਟਰੀ ਆਫ ਦਾ ਸਿੱਖਸ' ਵੀ ਲਿਖੀ, ਜਿਸ ਵਿਚ 1469 ਤੋਂ 1765 ਈ. ਤੱਕ ਦਾ ਸਿੱਖ ਇਤਿਹਾਸ ਬੜੇ ਪ੍ਰਮਾਣਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਗੁਰਬਾਣੀ ਦੀ ਟੀਕਾਕਾਰੀ ਦਾ ਕੰਮ ਜਪੁਜੀ ਤੇ ਆਸਾ ਦੀ ਵਾਰ ਦੇ ਟੀਕਿਆਂ ਨਾਲ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਇਨ੍ਹਾਂ ਬਾਣੀਆਂ ਦੀ ਵਿਆਖਿਆ ਸਹਿਤ ਅੰਗਰੇਜ਼ੀ ਅਨੁਵਾਦ ਕੀਤੇ। ਉਨ੍ਹਾਂ ਨੇ ਸੁਖਮਨੀ ਸਾਹਿਬ ਦਾ ਅੰਗਰੇਜ਼ੀ 'ਚ ਅਨੁਵਾਦ ਵੀ ਕੀਤਾ।
ਭਾਈ ਕਾਹਨ ਸਿੰਘ ਨਾਭਾ ਨੇ 'ਗੁਰ ਸ਼ਬਦ ਰਤਨਾਕਰ ਮਹਾਨ ਕੋਸ਼' ਦੀ ਭੂਮਿਕਾ ਵੀ ਪ੍ਰਿੰਸੀਪਲ ਤੇਜਾ ਸਿੰਘ ਪਾਸੋਂ ਹੀ ਲਿਖਵਾਈ ਸੀ। ਉਨ੍ਹਾਂ ਨੇ ਪੰਜਾਬੀ ਵਾਰਤਕ 'ਤੇ ਬੜੀ ਸਫ਼ਲਤਾ ਨਾਲ ਹੱਥ ਅਜ਼ਮਾਇਆ। ਉਨ੍ਹਾਂ ਦੇ ਨਿਬੰਧ ਬਿਰਤਾਂਤਕ ਵਿਸ਼ੇ ਦੀ ਪਕੜ ਬਣਾਈ ਰੱਖਣ ਵਾਲੇ ਅਤੇ ਟਕਸਾਲੀ ਵਾਰਤਕ ਦੇ ਉੱਤਮ ਨਮੂਨੇ ਹਨ। ਪ੍ਰਿੰਸੀਪਲ ਤੇਜਾ ਸਿੰਘ ਆਪਣੇ ਅੰਤਿਮ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ 'ਚ ਅਨੁਵਾਦ ਕਰ ਰਹੇ ਸਨ, ਪਰ ਮਾਝ ਰਾਗ ਤੱਕ ਹੀ ਮੁਕੰਮਲ ਕਰ ਸਕੇ। ਮਾਝ ਰਾਗ ਤੱਕ ਦਾ ਕੀਤਾ ਅਨੁਵਾਦ ਉਨ੍ਹਾਂ ਦੇ ਦਿਹਾਂਤ ਪਿੱਛੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ।
-ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ,
ਮੋਬਾਈਲ : 97812-00168