ਮੇਰੇ ਵਾਂਗ ਅਪਣੀ ਉਮਰ ਦੇ ਅੰਤਲੇ ਪੜਾਅ 'ਚੋਂ ਲੰਘ ਰਹੇ ਜੀਵਾਂ ਵਲੋਂ ਆਪਣੇ ਮਿੱਤਰ ਪਿਆਰਿਆਂ ਨੂੰ ਚੇਤੇ ਕਰਨਾ ਕੁਦਰਤੀ ਹੈ। ਆਪਣੇ ਤੋਂ ਛੋਟੇ ਹੋਣ ਦੇ ਬਾਵਜੂਦ ਪਹਿਲਾਂ ਤੁਰ ਜਾਣ ਵਾਲਿਆਂ ਨੂੰ ਖ਼ਾਸ ਕਰਕੇ। ਸੁਰਜੀਤ ਹਾਂਸ ਦੀਆਂ ਆਖਰੀ ਤਿੰਨ ਪੁਸਤਕਾਂ ਦੇ ਨਾਂਅ 'ਹੁਣ ਤਾਂ ਲੰਘ ਚੱਲੀ' ਅਤੇ 'ਬਿਰਧ ਲੋਕ' ਇਸ ਦੀ ਪੁਸ਼ਟੀ ਕਰਦੇ ਹਨ। ਸੁਰਜੀਤ ਪਾਤਰ ਦੀਆਂ ਵੀ ਆਖਰੀ ਤਿੰਨ ਪੁਸਤਕਾਂ ਦੇ ਨਾਂਅ ਹਨੇਰੇ ਵਿਚ ਸੁਲਘਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ ਅਤੇ ਧੁਖਦਾ ਜੰਗਲ ਸਨ। 'ਅਸੀਂ ਤਾਂ ਜੋਬਨ ਰੁੱਤੇ ਮਰਨਾ' ਦੀ ਰਟ ਲਾਉਣ ਵਾਲੇ ਸ਼ਿਵ ਕੁਮਾਰ ਦੀ ਇਸ ਭਾਵਨਾ ਨੂੰ ਤਾਂ ਪੰਜਾਬੀ ਦੇ ਪਾਠਕ ਤੇ ਸਰੋਤੇ ਉੱਕਾ ਹੀ ਭੁੱਲੇ ਹੋਏ ਨਹੀਂ। ਸੁਰਜੀਤ ਹਾਂਸ ਮੇਰੇ ਨਾਲੋਂ ਥੋੜ੍ਹਾ ਵੱਡਾ ਸੀ ਤੇ ਸ਼ਿਵ ਕੁਮਾਰ ਛੋਟਾ, 1937 ਵਿਚ ਪੈਦਾ ਹੋ ਕੇ 1973 'ਚ ਤੁਰ ਜਾਣ ਵਾਲਾ। ਏਥੇ ਆਪਾਂ ਸ਼ਿਵ ਕੁਮਾਰ ਦੀ ਹੀ ਗੱਲ ਕਰਦੇ ਹਾਂ।
ਸ਼ਿਵ ਸਟੇਜ ਦਾ ਬਾਦਸ਼ਾਹ ਸੀ। ਉਹ ਮੰਚ 'ਤੇ ਜਾ ਕੇ ਕੋਈਵਧੀਆ ਗੱਲ ਬੇਮੌਕੇ ਵੀ ਕਰਦਾ ਜਾਂ ਆਪਣੀ ਕਵਿਤਾ ਪੜ੍ਹਦਾ ਤਾਂ ਸਰੋਤੇ ਝੂਮ ਉੱਠਦੇ ਸਨ। ਮੇਰੇ ਵਿਆਹ ਦੇ ਜਾਂਝੀਆਂ ਵਿਚ ਉਹ ਵੀ ਸ਼ਾਮਿਲ ਸੀ। ਪਰ ਉਹ ਏਨੀ ਦੇਰ ਨਾਲ ਪਹੁੰਚਿਆ ਕਿ ਆਉਂਦੇ ਸਾਰ ਸੌਂ ਗਿਆ ਤੇ ਸਰੋਤਿਆਂ ਨੂੰ ਸਵੇਰ ਤੱਕ ਉਡੀਕਣਾ ਪਿਆ, ਵਿਆਹ ਦੀ ਰਸਮ ਤੋਂ ਪਿੱਛੋਂ ਤੱਕ। ਫੇਰ ਅਨੰਦ ਕਾਰਜ ਤੋਂ ਪਿੱਛੋਂ ਜਿਹੜਾ ਗੀਤ ਉਸ ਨੇ ਗਾ ਕੇ ਸੁਣਾਇਆ, ਉਹ ਹੈ ਤਾਂ ਉਸ ਦੀ ਭਾਰਤੀ ਸਾਹਿਤ ਸਨਮਾਨ ਪ੍ਰਾਪਤ 'ਲੂਣਾਂ' 'ਚੋਂ ਪਰ ਹੈ ਸੀ ਧੀਆਂ ਦੇ ਦੁੱਖਾਂ ਵਾਲਾ। ਲੂਣਾ ਦੇ ਸ਼ਬਦਾਂ ਤੇ ਸ਼ਿਵ ਦੇ ਬੋਲਾਂ ਵਿਚ ਏਨਾ ਦਰਦ ਸੀ ਕਿ ਹਰ ਸਰੋਤੇ ਦੀਆਂ ਅੱਖਾਂ ਵਿਚ ਹੰਝੂ ਆ ਗਏ। ਮਾਹੌਲ ਏਨਾ ਸੋਗਮਈ ਹੋ ਗਿਆ ਕਿ ਸੰਤ ਸਿੰਘ ਸੇਖੋਂ ਨੇ ਆਪਣੀਆਂ ਬਹੁਤੀਆਂ ਧੀਆਂ ਦਾ ਹਵਾਲਾ ਦੇ ਕੇ ਸਹਿਜ ਸੰਤੁਸ਼ਟੀ ਲਿਆਂਦੀ।
ਸ਼ਿਵ ਨੇ ਆਪਣੇ ਪੰਜਾਬ ਦੇ ਇਤਿਹਾਸ, ਮਿਥਿਹਾਸ, ਚੰਨ-ਤਾਰਿਆਂ ਤੇ ਥੋਹਰ ਕਥੂਰੀਆਂ ਨੂੰ ਆਪਣੇ ਮਨਭਾਉਂਦੇ ਰੰਗ ਵਿਚ ਗੁੰਨ੍ਹ ਕੇ ਏਸ ਤਰ੍ਹਾਂ ਪਾਠਕਾਂ ਦੇ ਪੱਲੇ ਪਾਇਆ ਕਿ ਲੋਕਾਂ ਦੇ ਮਨ ਅੱਜ ਵੀ ਕਾਇਲ ਹਨ। ਉਸ ਨੇ ਰੁੱਖਾਂ, ਪੌਦਿਆਂ, ਛੱਤਾਂ, ਕੰਧਾਂ ਤੇ ਉਨ੍ਹਾਂ ਦੇ ਪਰਛਾਵਿਆਂ ਨੂੰ ਡੂੰਘੇ ਤੇ ਨਵੇਂ ਅਰਥ ਦਿੱਤੇ।
ਮੈਂ ਇਕ ਯਾਤਰਾ ਸਮੇਂ ਉਸ ਨੂੰ ਦਿਨ ਵੇਲੇ ਤਾਰੇ ਤੋੜਦੇ ਵੀ ਤੱਕਿਆ। ਮੈਂ ਦਿੱਲੀ ਤੋਂ ਚੰਡੀਗੜ੍ਹ ਪਹੁੰਚਿਆ ਹੋਇਆ ਸਾਂ। ਅਸੀਂ ਦੋਵੇਂ ਮਾਸ ਮੁਰਗੇ ਦੇ ਅਚਾਰ ਤੇ ਦਾਰੂ ਦਰਮਲ ਦੀ ਭਾਲ ਵਿਚ ਚੰਡੀਗੜ੍ਹ ਤੋਂ ਸੋਲਨ ਦੇ ਰਾਹ ਵਿਚ ਪੈਂਦੇ ਢਲੀ ਨਾਂਅ ਦੇ ਮੋੜ ਵੱਲ ਨੂੰ ਤੁਰ ਪਏ, ਸਸਤੀ ਬੀਅਰ ਦਾ ਅੱਡਾ ਹੋਣ ਕਰਕੇ ਵੀ। ਸ਼ਿਵ ਕੁਮਾਰ ਨੂੰ ਨਦੀਓਂ ਪਾਰ ਇਕ ਪਹਾੜਨ ਮਹਿਲਾ ਦਾ ਝਾਉਲ ਪਿਆ। ਅਚਾਨਕ ਹੀ ਮੈਨੂੰ ਕਾਰ ਚਲਾਉਂਦਿਆਂ ਆਪਣੇ ਖੱਬੇ ਪਾਸਿਓਂ ਸ਼ਿਵ ਦੇ ਬੋਲ ਸੁਣਾਈ ਦਿੱਤੇ।
ਚੜ੍ਹ ਆ, ਚੜ੍ਹਾ ਆ, ਚੜ੍ਹ ਆ
ਧਰਤੀ 'ਤੇ ਧਰਤੀ ਧਰ ਆ
ਅੱਜ ਸਾਰਾ ਅੰਬਰ ਤੇਰਾ
ਤੈਨੂੰ ਰੋਕਣ ਵਾਲਾ ਕਿਹੜਾ
ਉਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਉਂਝ ਵੀ ਸ਼ਿਵ ਦੇ ਮੱਦਾਹ ਖੱਬੇ-ਸੱਜੇ ਜੇਬਾਂ ਵਿਚ ਪੈਸੇ ਭਰ ਕੇ ਉਸ ਨੂੰ ਦਿੱਲੀ ਦੱਖਣ ਤੇ ਸੱਤ ਸਮੁੰਦਰੋਂ ਪਾਰ ਉਡਾਈ ਫਿਰਦੇ ਸਨ। ਉਸ ਦੇ ਅੰਦਰ ਕੀ ਸੀ? ਉਸ ਦੇ ਆਪਣੇ ਸ਼ਬਦ ਸੁਣੋ:-
ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ
ਮਹਿਕਾਂ ਦੀ ਜੂਨ ਹੰਢਾਈ ਹੈ,
ਪਰ ਲੋਕ ਵਿਚਾਰੇ ਕੀ ਜਾਨਣ
ਗੀਤਾਂ ਦੀ ਵਿਥਿਆ ਦਰਦ ਭਰੀ।
ਮੇਰਾ ਮੱਤ ਹੈ ਕਿ ਸ਼ਿਵ ਦਾ ਚੰਚਲ ਮਨ ਸਦਾ ਨਵੀਂ ਤੇ ਨਰੋਈ ਗੱਲ ਕਰਨ ਲਈ ਤੜਫਦਾ ਰਿਹਾ। ਉਹ ਪੁਰਾਣੀ ਅੱਖ ਨਾਲ ਵੇਖਣ ਦੇ ਹੱਕ ਵਿਚ ਨਹੀਂ ਸੀ।
ਪੁਰਾਣੀ ਅੱਖ ਮੇਰੇ ਮੱਥੇ 'ਚੋਂ ਕੱਢ ਕੇ
ਸੁੱਟ ਦਿਓ ਕਿਧਰੇ
ਇਹ ਅੰਨ੍ਹੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ
ਹੁਣ ਆਪਣਾ ਆਪਾ ਵੀ ਨਹੀਂ ਦਿਸਦਾ
ਤੁਹਾਨੂੰ ਕਿੰਝ ਵੇਖਾਂਗਾ
ਬਦਲਦੇ ਮੌਸਮਾਂ ਦੀ ਅੱਗ ਸਾਵੀ
ਕਿੰਝ ਸੇਕਾਂਗਾ
ਸ਼ਿਵ ਦੀ ਕਵਿਤਾ ਦਾ ਅਸਲ ਮੂਲ ਸੁਰਜੀਤ ਪਾਤਰ ਨੇ ਪਾਇਆ ਸੀ। ਉਦੋਂ ਜਦ ਖ਼ਾਲਿਸਤਾਨ ਮੰਗਣ ਵਾਲੇ ਪੰਜਾਬ ਦੇ ਹੋਰ ਟੁਕੜੇ ਕਰਨੇ ਚਾਹੁੰਦੇ ਸਨ। ਪਾਤਰ ਦੇ ਬੋਲ ਸਨ:-
ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ,
ਹੁਣ ਸ਼ਿਵ ਕੁਮਾਰ ਦੀ ਵਾਰੀ ਹੈ।
ਉਹ ਜ਼ਖ਼ਮ ਪੁਰਾਣੇ ਭੁੱਲ ਹੀ ਗਏ,
ਨਵਿਆਂ ਦੀ ਹੋਈ ਤਿਆਰੀ ਹੈ।
ਪ੍ਰਸੰਗ ਕੋਈ ਵੀ ਹੋਵੇ ਭਾਵਨਾ ਮਿਰਜ਼ਾ ਗਾਲਿਬ ਵਾਲੀ ਹੈ:-
ਰੇਖ਼ਤੇ ਕੇ ਤੁਮ੍ਹੀ ਉਸਤਾਦ ਨਹੀਂ ਹੋ ਗਾਲਿਬ,
ਕਹਿਤੇ ਹੈਂ ਅਗਲੇ ਜ਼ਮਾਨੇ ਮੇਂ ਕੋਈ ਮੀਰ ਭੀ ਥਾ।
ਜਿੱਥੋਂ ਤੱਕ ਮੇਰਾ ਸਬੰਧ ਹੈ, ਮੈਂ ਇਸ ਭਾਵਨਾ ਨੂੰ ਸਦਾ ਆਪਣੇ ਸਰ੍ਹਾਣੇ ਰੱਖਦਾ ਹਾਂ। ਸ਼ਿਵ ਕੁਮਾਰ ਦੇ ਬੇਟੇ ਮਿਹਰਬਾਨ ਬਟਾਲਵੀ ਵਲੋਂ ਸੰਪਾਦਤ 'ਸ਼ਿਵ ਕੁਮਾਰ ਸਮੁੱਚੀ ਕਵਿਤਾ' ਦੇ ਰੂਪ ਵਿਚ ਜਿਹੜੀ ਸ਼ਿਵ ਦੇ ਮੱਦਾਹ ਤੇ ਮੇਰੇ ਮਿੱਤਰ ਵਿਜੇ ਦੇਵ ਨੇ ਮੈਨੂੰ ਪਿਛਲੇ ਵਰ੍ਹੇ ਦੇ ਆਖਰੀ ਦਿਨਾਂ ਵਿਚ ਭੇਟ ਕੀਤੀ ਸੀ।
ਈਮੇਲ : sandhugulzar@yahoo.com