ਸਦੀਆਂ ਤੋਂ ਭਾਰਤ ਦੀ ਇਕ ਵਿਲੱਖਣ ਪਛਾਣ ਰਹੀ ਹੈ। ਉਸ ਦੀ ਇਹ ਪਛਾਣ 'ਵਸੁਧੈਵ ਕੁਟੁੰਬਕਮ' ਭਾਵ ਪੂਰੀ ਦੁਨੀਆ ਨੂੰ ਇਕ ਇਕਾਈ ਤੇ ਸਾਰੇ ਜੀਵ-ਜੰਤੂਆਂ ਨੂੰ ਇਕ ਮੰਨਣ ਦੀ ਮਹਾਨ ਸੋਚ ਵਿਚ ਸਮਾਈ ਹੋਈ ਹੈ। ਭਾਰਤ ਦੇ ਇਸ ਅਧਿਆਤਮਕ ਗਿਆਨ 'ਤੇ ਆਧਾਰਿਤ ਯੋਗ ਇਕ ਅਜਿਹੀ ਪ੍ਰਾਚੀਨ ਸਿੱਖਿਆ ਹੈ ਜੋ ਸਰੀਰ, ਮਨ ਤੇ ਆਤਮਾ ਵਿਚਕਾਰ ਇਕ ਸੰਤੁਲਨ ਸਥਾਪਤ ਕਰਦੀ ਹੈ। ਯੋਗ ਦੇ ਮੂਲ ਤੱਤਾਂ ਵਿਚ ਆਸਣ (ਸਰੀਰਕ ਮੁਦਰਾਵਾਂ), ਪ੍ਰਾਣਾਯਾਮ (ਸਾਹ ਲੈਣ ਦੀਆਂ ਤਕਨੀਕਾਂ) ਅਤੇ ਧਿਆਨ ਸ਼ਾਮਿਲ ਹਨ। ਇਨ੍ਹਾਂ ਤੱਤਾਂ ਦਾ ਸੁਮੇਲ ਸਰੀਰਕ ਤੰਦਰੁਸਤੀ, ਮਾਨਸਿਕ ਸਪੱਸ਼ਟਤਾ ਤੇ ਭਾਵਨਾਤਮਕ ਸੰਤੁਲਨ ਨੂੰ ਬਿਹਤਰ ਬਣਾਉਂਦਾ ਹੈ।
27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੁਨੀਆ ਨੂੰ ਰਹਿਣ ਯੋਗ ਤੇ ਸਥਿਰ ਬਣਾਉਣ ਦੇ ਉਦੇਸ਼ ਨਾਲ ਲੋਕਾਂ ਦੀ ਜੀਵਨ ਸ਼ੈਲੀ ਵਿਚ ਬਦਲਾਅ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਯੋਗ ਮਨ ਤੇ ਸਰੀਰ, ਸੋਚ ਤੇ ਕਾਰਵਾਈ, ਸੰਜਮ ਤੇ ਸੰਤੁਸ਼ਟੀ ਵਿਚਕਾਰ ਏਕਤਾ, ਇਨਸਾਨ ਤੇ ਕੁਦਰਤ ਵਿਚਕਾਰ ਤਾਲਮੇਲ ਅਤੇ ਸਿਹਤ ਤੇ ਭਲਾਈ ਨਾਲ ਸਬੰਧਿਤ ਇਕ ਸੰਪੂਰਨ ਦ੍ਰਿਸ਼ਟੀਕੋਣ ਦਾ ਸੰਗਮ ਹੈ। ਪ੍ਰਧਾਨ ਮੰਤਰੀ ਦੀ ਬੇਨਤੀ 'ਤੇ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੇ 21 ਜੂਨ ਨੂੰ 'ਅੰਤਰਰਾਸ਼ਟਰੀ ਯੋਗ ਦਿਵਸ' ਐਲਾਨ ਕਰਨ ਨਾਲ ਸਬੰਧਿਤ 174 ਤੋਂ ਵੱਧ ਦੇਸ਼ਾਂ ਦੇ ਸਾਂਝੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਸਾਲ 21 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਜਿੱਥੇ ਕੋਲਕਾਤਾ ਵਿਚ ਯੋਗ ਦਿਵਸ ਦੀ ਅਗਵਾਈ ਕਰਨਗੇ, ਉੱਥੇ ਹੀ ਮੈਂ ਇਸ ਸਮਾਰੋਹ ਵਿਚ ਹਿੱਸਾ ਲੈਣ ਲਈ ਲੱਦਾਖ ਵਿਚ ਰਹਾਂਗਾ।
ਭਾਰਤ ਦੀ ਸਦੀਵੀ ਵਿਰਾਸਤ-ਮੰਨਿਆ ਜਾਂਦਾ ਹੈ ਕਿ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਭਲਾਈ ਨਾਲ ਸਬੰਧਿਤ ਯੋਗ ਦੇ ਸਦੀਵੀ ਅਭਿਆਸ ਦੀ ਸ਼ੁਰੂਆਤ ਸਾਡੀ ਸੱਭਿਅਤਾ ਦੇ ਉਦੈ ਦੇ ਨਾਲ ਹੀ ਹੋਈ ਸੀ। ਯੋਗ ਦੀ ਪਰੰਪਰਾ ਵਿਚ ਭਗਵਾਨ ਸ਼ਿਵ ਨੂੰ ਜਿੱਥੇ ਸਭ ਤੋਂ ਪਹਿਲਾ ਯੋਗੀ ਜਾਂ ਆਦਿ ਯੋਗੀ ਅਤੇ ਸਭ ਤੋਂ ਪਹਿਲਾ ਗੁਰੂ ਜਾਂ ਆਦਿ ਗੁਰੂ ਮੰਨਿਆ ਜਾਂਦਾ ਹੈ, ਉੱਥੇ ਹੀ ਯੋਗ ਦੇ ਸਿਧਾਂਤਾਂ ਨੂੰ ਯੋਗ ਸੂਤਰ ਵਿਚ ਵਿਵਸਥਿਤ ਰੂਪ ਵਿਚ ਸ਼ਾਮਿਲ ਕਰਨ ਦੇ ਕਾਰਨ ਮਹਾਰਿਸ਼ੀ ਪਤੰਜਲੀ ਨੂੰ ਸ਼ਾਸਤਰੀ ਯੋਗ ਦਾ ਜਨਕ ਮੰਨਿਆ ਜਾਂਦਾ ਹੈ। ਸਾਡੇ ਰਿਸ਼ੀਆਂ-ਮੁਨੀਆਂ ਨੇ ਦੁਨੀਆ ਨੂੰ ਯੋਗ ਦਾ ਅਨਮੋਲ ਖਜ਼ਾਨਾ ਦਿੱਤਾ ਹੈ। ਸ੍ਰੀ ਰਾਮਕ੍ਰਿਸ਼ਣ ਪਰਮਹੰਸ ਨੇ ਯੋਗ ਦੇ ਤਿੰਨ ਮਹਾਨ ਮਾਰਗਾਂ ਦੀ ਵਿਆਖਿਆ ਕੀਤੀ ਹੈ- ਗਿਆਨ ਯੋਗ ਜੋ ਬੁੱਧੀ ਤੇ ਗਿਆਨ ਦਾ ਮਾਰਗ ਹੈ, ਕਰਮ ਯੋਗ ਜੋ ਨਿਰਸਵਾਰਥ ਸੇਵਾ ਤੇ ਸਹੀ ਕਰਮ ਦਾ ਮਾਰਗ ਹੈ ਅਤੇ ਭਗਤੀ ਯੋਗ ਜੋ ਸ਼ੁੱਧ ਪ੍ਰੇਮ ਤੇ ਭਗਤੀ ਦਾ ਮਾਰਗ ਹੈ।
ਸਿਹਤਮੰਦ ਬੁਢਾਪੇ ਲਈ ਯੋਗ-ਯੋਗ ਦੇ ਇਸ ਵਰ੍ਹੇ 'ਸਿਹਤਮੰਦ ਬੁਢਾਪੇ ਲਈ ਯੋਗ' ਥੀਮ ਤਹਿਤ ਖ਼ਾਸ ਮਹੱਤਵ ਹੈ। ਸਿਹਤ ਸੰਭਾਲ ਤੇ ਜਨਤਕ ਸਿਹਤ ਪ੍ਰਣਾਲੀ ਵਿਚ ਹੋਈ ਸ਼ਲਾਘਾਯੋਗ ਪ੍ਰਗਤੀ ਅਤੇ ਮੌਤ ਦਰ ਵਿਚ ਆਈ ਕਮੀ ਕਾਰਨ ਦੁਨੀਆ ਭਰ ਵਿਚ ਲੋਕਾਂ ਦੀ ਔਸਤ ਉਮਰ ਵਧੀ ਹੈ। ਭਾਰਤ ਵੀ ਆਬਾਦੀ ਵਿਚ ਹੋ ਰਹੇ ਇਸ ਵੱਡੇ ਬਦਲਾਅ ਦਾ ਗਵਾਹ ਬਣ ਰਿਹਾ ਹੈ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂ.ਐਨ.ਐਫ.ਪੀ.ਏ.) ਦੀ 'ਇੰਡੀਆ ਏਜਿੰਗ ਰਿਪੋਰਟ 2023' ਅਨੁਸਾਰ 2050 ਤੱਕ ਭਾਰਤ ਵਿਚ ਹਰ ਪੰਜਾਂ 'ਚੋਂ ਲਗਭਗ ਇਕ ਵਿਅਕਤੀ ਦੀ ਉਮਰ 60 ਸਾਲ ਤੋਂ ਵੱਧ ਹੋਵੇਗੀ। ਆਬਾਦੀ ਵਿਚ ਆਏ ਇਸ ਬਦਲਾਅ ਕਾਰਨ ਭਾਰਤ ਵਿਚ 'ਸਿਲਵਰ ਇਕਾਨਮੀ' ਦਾ ਵਿਸਥਾਰ ਹੋਇਆ ਹੈ, ਜੋ ਮੁੱਖ ਰੂਪ ਵਿਚ ਸਿਹਤ ਸੰਭਾਲ ਤੇ ਬਜ਼ੁਰਗ ਨਾਗਰਿਕਾਂ ਦੀਆਂ ਜ਼ਰੂਰਤਾਂ ਨਾਲ ਜੁੜੇ ਸਾਮਾਨਾਂ ਅਤੇ ਸੇਵਾਵਾਂ 'ਤੇ ਕੇਂਦ੍ਰਿਤ ਹੈ। ਉਦਯੋਗ ਜਗਤ ਦੇ ਮਾਹਿਰਾਂ ਦਾ ਅਨੁਮਾਨ ਹੈ ਕਿ ਹੁਣ ਇਸ ਦਾ ਆਕਾਰ ਲਗਭਗ 73,000 ਕਰੋੜ ਰੁਪਏ ਦਾ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵਿਚ ਯੋਗ ਨੂੰ ਸਿਹਤ, ਭਲਾਈ ਅਤੇ ਕਦਰਾਂ-ਕੀਮਤਾਂ 'ਤੇ ਆਧਾਰਿਤ ਸਿੱਖਿਆ ਦੇ ਇਕ ਅਹਿਮ ਹਿੱਸੇ ਵਜੋਂ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ।
ਸਰੀਰਕ ਸਮੱਸਿਆਵਾਂ ਦਾ ਹੱਲ-ਨੈਸ਼ਨਲ ਇੰਸਟੀਟਿਊਟਸ ਆਫ਼ ਹੈਲਥ (ਐਨ.ਆਈ.ਐਚ.) ਅਤੇ ਹਾਰਵਰਡ ਮੈਡੀਕਲ ਸਕੂਲ ਵਰਗੇ ਵੱਡੇ ਸੰਸਥਾਨਾਂ ਅਤੇ 'ਲੈਂਸੇਟ' ਵਰਗੀਆਂ ਕਈ ਵੱਕਾਰੀ ਖੋਜ-ਪੱਤ੍ਰਿਕਾਵਾਂ ਨੇ ਆਪਣੀਆਂ ਖੋਜਾਂ ਵਿਚ ਇਸ ਤੱਥ ਨੂੰ ਦਰਸਾਇਆ ਹੈ ਕਿ ਨਿਯਮਿਤ ਰੂਪ ਵਿਚ ਯੋਗ ਕਰਨ ਨਾਲ ਬਜ਼ੁਰਗਾਂ ਵਿਚ ਸੰਤੁਲਨ, ਲਚਕੀਲਾਪਣ ਅਤੇ ਚੱਲਣ-ਫਿਰਨ ਦੀ ਸਮਰੱਥਾ ਸੁਰੱਖਿਅਤ ਰੂਪ ਵਿਚ ਬਿਹਤਰ ਹੁੰਦੀ ਹੈ। ਇਸ ਨਾਲ ਉਨ੍ਹਾਂ ਦੇ ਡਿਗਣ ਦਾ ਡਰ ਅਤੇ ਜੋਖ਼ਮ ਬਹੁਤ ਘੱਟ ਹੋ ਜਾਂਦਾ ਹੈ। ਯੋਗ ਨਾਲ ਹੱਡੀਆਂ ਦੀ ਮਜ਼ਬੂਤੀ ਵਧਦੀ ਹੈ, ਗਠੀਏ ਦਾ ਦਰਦ ਘੱਟ ਹੁੰਦਾ ਹੈ, ਸਾਹ ਲੈਣ ਦੀ ਸਮਰੱਥਾ ਬਿਹਤਰ ਹੁੰਦੀ ਹੈ, ਬਲੱਡ ਪ੍ਰੈਸ਼ਰ ਸਥਿਰ ਰਹਿੰਦਾ ਹੈ ਅਤੇ ਮਾਨਸਿਕ ਸਿਹਤ ਚੰਗੀ ਰਹਿੰਦੀ ਹੈ। ਨਾਲ ਹੀ, ਧਿਆਨ ਤੇ ਸਾਹ ਲੈਣ ਦੀਆਂ ਕਸਰਤਾਂ ਨਾਲ ਬਜ਼ੁਰਗਾਂ ਦੀ ਨੀਂਦ ਦੀ ਗੁਣਵੱਤਾ, ਔਖੀਆਂ ਸਥਿਤੀਆਂ ਦਾ ਸਾਹਮਣਾ ਕਰਨ ਦੀ ਮਾਨਸਿਕ ਸਮਰੱਥਾ ਅਤੇ ਸੋਚਣ-ਸਮਝਣ ਦੀ ਸ਼ਕਤੀ ਵਿਚ ਵੀ ਸੁਧਾਰ ਦੇਖਿਆ ਗਿਆ ਹੈ। ਮੇਰੇ ਆਪਣੇ ਅਨੁਭਵ ਦੇ ਅਨੁਸਾਰ ਅਹਿਮ ਗੱਲ ਇਹ ਹੈ ਕਿ ਸਿਹਤਮੰਦ ਬੁਢਾਪੇ ਲਈ ਯੋਗ ਵਿਚ ਬਹੁਤ ਜ਼ਿਆਦਾ ਸਰੀਰਕ ਮਿਹਨਤ ਦੀ ਜ਼ਰੂਰਤ ਨਹੀਂ ਹੁੰਦੀ। ਪਰੰਪਰਾਗਤ ਯੋਗ ਕਿਰਿਆਵਾਂ ਨੂੰ ਕਾਫ਼ੀ ਸੋਚ-ਸਮਝ ਕੇ ਅਜਿਹੇ ਸਰਲ ਤਰੀਕਿਆਂ ਵਿਚ ਢਾਲਿਆ ਗਿਆ ਹੈ, ਜੋ ਬਜ਼ੁਰਗਾਂ ਲਈ ਢੁਕਵੇਂ ਹਨ। ਇਨ੍ਹਾਂ ਵਿਚ ਯੋਗਿਕ ਸੂਕਸ਼ਮ ਵਿਆਯਾਮ (ਜੋੜਾਂ ਦੀਆਂ ਹਲਕੀਆਂ ਹਰਕਤਾਂ), ਕੁਰਸੀ ਦੀ ਮਦਦ ਨਾਲ ਕੀਤੇ ਜਾਣ ਵਾਲੇ ਆਸਣ, ਸਾਹ ਲੈਣ ਦੀਆਂ ਨਿਰਦੇਸ਼ਿਤ ਤਕਨੀਕਾਂ ਅਤੇ ਧਿਆਨ ਵਰਗੀਆਂ ਕਿਰਿਆਵਾਂ ਸ਼ਾਮਿਲ ਹਨ। ਯੋਗ ਦੇ ਵਿਆਪਕ ਲਾਭਾਂ ਨੂੰ ਦੇਖਦੇ ਹੋਏ ਆਯੂਸ਼ ਮੰਤਰਾਲੇ ਨੇ ਗ਼ੈਰ-ਸੰਚਾਰੀ ਬਿਮਾਰੀਆਂ ਅਤੇ ਟੀਚਾਗਤ ਸਮੂਹਾਂ ਲਈ ਯੋਗ ਦੀਆਂ 10 ਵਿਧਾਵਾਂ ਨਾਲ ਜੁੜੀ ਇਕ ਅਹਿਮ ਪਹਿਲ ਸ਼ੁਰੂ ਕੀਤੀ ਹੈ। ਇਸ ਵਿਚ ਬਜ਼ੁਰਗਾਂ ਦੀ ਸਿਹਤ ਲਈ ਖ਼ਾਸ ਤੌਰ 'ਤੇ ਪ੍ਰਮਾਣਾਂ 'ਤੇ ਆਧਾਰਿਤ ਯੋਗ ਮਾਡਿਊਲ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ 100 ਦਿਨਾਂ ਦਾ ਮੁਫ਼ਤ ਨਿਰਦੇਸ਼ਿਤ ਆਨਲਾਈਨ ਯੋਗ ਪ੍ਰੋਗਰਾਮ ਪ੍ਰਦਾਨ ਕਰਨ ਵਾਲੀ 'ਯੋਗ 365' ਪਹਿਲ ਨਾਂਅ ਦੀ ਇਕ ਦੇਸ਼ਵਿਆਪੀ ਮੁਹਿੰਮ ਵੀ ਤਿਆਰ ਕੀਤੀ ਗਈ ਹੈ।
ਅੰਤਰਰਾਸ਼ਟਰੀ ਯੋਗ ਦਿਵਸ 2026 ਮੌਕੇ ਮੈਂ ਹਰ ਨਾਗਰਿਕ, ਵਿੱਦਿਅਕ ਸੰਸਥਾ, ਸਿਵਲ ਸੁਸਾਇਟੀ ਸੰਗਠਨ, ਸਿਹਤ ਸੇਵਾਵਾਂ ਨਾਲ ਜੁੜੇ ਪੇਸ਼ਾਵਰਾਂ ਅਤੇ ਭਾਈਚਾਰਿਆਂ ਦੇ ਆਗੂਆਂ ਨੂੰ ਤਾਕੀਦ ਕਰਦਾ ਹਾਂ, ਕਿ ਉਹ ਯੋਗ ਨੂੰ ਸਿਰਫ਼ ਕਦੇ-ਕਦਾਈਂ ਨਹੀਂ, ਸਗੋਂ ਜੀਵਨ ਭਰ ਚੱਲਣ ਵਾਲੀ ਸੱਭਿਆਚਾਰਕ ਤੇ ਸਿਹਤ ਨਾਲ ਜੁੜੀ ਇਕ ਆਦਤ ਵਜੋਂ ਅਪਣਾਉਣ। ਯੋਗ ਨੂੰ ਜੀਵਨ ਦੀ ਇਕ ਲੈਅ ਬਣਾ ਕੇ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਾਡੇ ਨਾਗਰਿਕਾਂ ਦੇ ਜੀਵਨ ਦੇ ਸੁਨਹਿਰੀ ਸਾਲ ਸੱਚਮੁੱਚ ਸਿਹਤ, ਇਕਸਾਰਤਾ ਤੇ ਸੰਤੁਸ਼ਟੀ ਨਾਲ ਭਰੇ ਹੋਣ।
ਯੋਗ-ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
ਅਜੀਤ ਡੈਸਕ
21-06-2026