13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਭਾਰਤ ਦੇ 60 ਕਰੋੜ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਜਲ ਸੰਕਟ ਦਾ ਸਾਹਮਣਾ

Ad Position 21
repet_subhas-goyals [Copy P29]
ਅਜੀਤ ਡੈਸਕ 21-06-2026

ਪਾਣੀ ਦਾ ਸੰਕਟ ਸਿਰਫ਼ ਵਾਤਾਵਰਨ ਦਾ ਮੁੱਦਾ ਨਹੀਂ ਹੈ, ਸਗੋਂ ਇਕ ਅਜਿਹਾ ਮਨੁੱਖੀ ਸੰਕਟ ਹੈ, ਜਿਸ ਦੀ ਕੀਮਤ ਸਮਾਜ ਦੇ ਹਰੇਕ ਵਰਗ ਨੂੰ ਚੁਕਾਉਣੀ ਪੈਂਦੀ ਹੈ। ਭਾਰਤ ਦੇ 60 ਕਰੋੜ ਲੋਕ ਜਲ ਸੰਕਟ ਦੇ ਕਗਾਰ 'ਤੇ ਖੜ੍ਹੇ ਹਨ ਤੇ ਦੇਸ਼ ਦੀ 45 ਫ਼ੀਸਦੀ ਆਬਾਦੀ ਨੂੰ ਹਰ ਸਾਲ ਗਰਮੀਆਂ ਵਿਚ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ। ਨੀਤੀ ਆਯੋਗ ਅਨੁਸਾਰ 2030 ਤੱਕ ਪਾਣੀ ਦੀ ਮੰਗ ਤੇ ਸਪਲਾਈ ਵਿਚ 40 ਫ਼ੀਸਦੀ ਦਾ ਫਰਕ ਪੈਣ ਨਾਲ 70 ਕਰੋੜ ਲੋਕ ਪ੍ਰਭਾਵਿਤ ਹੋ ਸਕਦੇ ਹਨ। ਭਾਰਤ ਦੀ ਲਗਭਗ 50 ਫ਼ੀਸਦੀ ਆਬਾਦੀ ਖੇਤੀ 'ਤੇ ਨਿਰਭਰ ਹੈ, ਪਾਣੀ ਦੀ ਘਾਟ ਕਰਕੇ ਕਰੋੜਾਂ ਕਿਸਾਨ ਤੇ ਮਜ਼ਦੂਰ ਪ੍ਰਭਾਵਿਤ ਹੋ ਰਹੇ ਹਨ। ਦੁਨੀਆ ਭਰ ਵਿਚ 20 ਫ਼ੀਸਦੀ ਤਾਜ਼ਾ ਪਾਣੀ ਸਿਰਫ਼ ਉਦਯੋਗਿਕ ਇਕਾਈਆਂ ਵਰਤ ਰਹੀਆਂ ਹਨ। ਪਾਣੀ ਦੇ ਸੰਕਟ ਦਾ ਅਸਰ ਉਤਪਾਦਨ ਤੇ ਰੁਜ਼ਗਾਰ 'ਤੇ ਵੀ ਪੈ ਰਿਹਾ ਹੈ। ਵਿਸ਼ਵ ਬੈਂਕ ਅਨੁਸਾਰ ਜਲ ਸੰਕਟ ਕਾਰਨ ਭਾਰਤ ਦੀ ਜੀ.ਡੀ.ਪੀ. ਵਿਚ 6 ਫ਼ੀਸਦੀ ਤੱਕ ਦੀ ਕਮੀ ਆ ਸਕਦੀ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਿਕ ਦੂਸ਼ਿਤ ਪਾਣੀ ਤੇ ਸਫਾਈ ਦੀ ਕਮੀ ਕਾਰਨ ਹਰ ਸਾਲ ਦੁਨੀਆ ਭਰ ਵਿਚ 5 ਸਾਲ ਤੋਂ ਘੱਟ ਉਮਰ ਦੇ 4.85 ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਰੋਜ਼ਾਨਾ 1,000 ਤੋਂ ਵੱਧ ਬੱਚੇ ਦੂਸ਼ਿਤ ਪਾਣੀ ਪੀਣ ਕਾਰਨ ਆਪਣੀ ਜਾਨ ਗੁਆ ਰਹੇ ਹਨ। ਭਾਰਤ ਵਿਚ ਜਲ- ਜੀਵਨ ਮਿਸ਼ਨ ਨਾਲ ਜੁੜੇ ਅਧਿਐਨ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਜੇਕਰ ਘਰਾਂ ਵਿਚ ਸਾਫ਼ ਪਾਣੀ ਮਿਲਣ ਲੱਗ ਜਾਵੇ ਤਾਂ ਛੋਟੇ ਬੱਚਿਆਂ ਦੀ ਮੌਤ ਦਰ ਵਿਚ ਕਾਫੀ ਕਮੀ ਆ ਸਕਦੀ ਹੈ। ਯੂਨੀਸੈਫ ਅਨੁਸਾਰ ਵਿਸ਼ਵ ਭਰ ਵਿਚ ਸਕੂਲ ਜਾਂਦੇ ਤਿੰਨ 'ਚੋਂ ਇਕ ਬੱਚੇ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ। ਭਾਰਤ ਵਿਚ ਸ਼ਹਿਰੀ ਆਬਾਦੀ ਤੇਜ਼ੀ ਨਾਲ ਵੱਧਣ ਕਰਕੇ ਸ਼ਹਿਰਾਂ ਵਿਚ ਪਾਣੀ ਦੀ ਮੰਗ ਹੋਰ ਵੀ ਵੱਧ ਜਾਵੇਗੀ। ਇਸ ਸੰਬੰਧੀ ਚੇਨਈ ਦੇ 2019 ਦੇ ਜਲ ਸੰਕਟ ਦੇ ਕੇਸ ਨੂੰ ਦੇਖਿਆ ਜਾ ਸਕਦਾ ਹੈ, ਜਿੱਥੇ ਲੱਖਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਟੈਂਕਰਾਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ। ਨੀਤੀ ਆਯੋਗ ਦੀ ਰਿਪੋਰਟ ਅਨੁਸਾਰ ਭਾਰਤ ਦੇ 21 ਵੱਡੇ ਸ਼ਹਿਰਾਂ ਵਿਚ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਨੇੜੇ ਹੈ, ਜਿਸ ਨਾਲ 10 ਕਰੋੜ ਦੇ ਕਰੀਬ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੇਂਡੂ ਖੇਤਰ ਵਿਚ ਰਹਿੰਦੇ 22 ਫ਼ੀਸਦੀ ਤੇ ਸ਼ਹਿਰੀ ਖੇਤਰ ਦੇ 12 ਫ਼ੀਸਦੀ ਬਜ਼ੁਰਗ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ।
ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਦੂਸ਼ਿਤ ਪਾਣੀ ਤੇ ਸਫ਼ਾਈ ਦੀ ਕਮੀ ਕਾਰਨ ਹਰ ਸਾਲ ਦੁਨੀਆ ਵਿਚ 70 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ, ਜਿਨ੍ਹਾਂ 'ਚ ਵੱਡੀ ਗਿਣਤੀ ਬਜ਼ੁਰਗਾਂ ਤੇ ਬੱਚਿਆਂ ਦੀ ਹੈ। ਨੀਤੀ ਆਯੋਗ ਦੀ ਕੰਪੋਜ਼ਿਟ ਵਾਟਰ ਮੈਨੇਜਮੈਂਟ ਇੰਡੈਕਸ ਰਿਪੋਰਟ ਅਨੁਸਾਰ ਭਾਰਤ ਵਿਚ ਲਗਭਗ 60 ਕਰੋੜ ਲੋਕ ਪਾਣੀ ਦੀ ਘਾਟ ਕਾਰਨ ਤਣਾਅ ਵਿਚ ਰਹਿੰਦੇ ਹਨ। ਜਲ ਸੰਕਟ ਦਾ ਸਾਹਮਣਾ ਕਰ ਰਹੇ ਕਈ ਸੂਬਿਆਂ 'ਚ ਪੀਣ ਵਾਲਾ ਪਾਣੀ ਘਰ ਲਿਆਉਣ ਲਈ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਸਾਲਾਨਾ ਔਸਤਨ 173 ਕਿਲੋਮੀਟਰ ਤੁਰਨਾ ਪੈਂਦਾ ਹੈ, ਕਿਉਂਕਿ ਪਾਣੀ ਲਿਆਉਣ ਦੀ ਜ਼ਿੰਮੇਵਾਰੀ ਜ਼ਿਆਦਾਤਰ ਔਰਤਾਂ ਤੇ ਲੜਕੀਆਂ ਸਿਰ ਪਈ ਹੋਈ ਹੈ। ਪਾਣੀ ਢੋਂਦੇ ਰਹਿਣ ਕਰਕੇ ਇਨ੍ਹਾਂ ਔਰਤਾਂ 'ਚ ਕਮਰ ਤੇ ਗਰਦਨ ਦੇ ਜੋੜਾਂ ਦੀ ਸਮੱਸਿਆ ਵਧ ਰਹੀ ਹੈ।
ਦੁਨੀਆ ਦੇ ਕਰੀਬ 2 ਅਰਬ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ। ਭਾਰਤ ਦੇ ਕਈ ਸ਼ਹਿਰਾਂ ਵਿਚ ਲੋਕਾਂ ਨੂੰ ਪਾਣੀ ਦੀ ਘਾਟ ਪੂਰੀ ਕਰਨ ਲਈ ਟੈਂਕਰ ਦਾ ਜਾਂ ਬੋਤਲਬੰਦ ਪਾਣੀ ਖਰੀਦਣਾ ਪੈ ਰਿਹਾ ਹੈ। ਵਿਸ਼ਵ ਬੈਂਕ ਅਨੁਸਾਰ ਦੁਨੀਆ ਦੀ ਕੁੱਲ ਆਬਾਦੀ ਦਾ 18 ਫੀਸਦੀ ਹਿੱਸਾ ਭਾਰਤ ਵਿਚ ਰਹਿੰਦਾ ਹੈ, ਜਿਨ੍ਹਾਂ 'ਚੋਂ ਲਗਭਗ ਅੱਧੇ ਲੋਕਾਂ ਦਾ ਜੀਵਨ ਪਾਣੀ ਦੀ ਘਾਟ ਕਾਰਨ ਚੁਣੌਤੀਪੂਰਨ ਬਣਿਆ ਹੋਇਆ ਹੈ। ਭਾਰਤ ਦੇ ਸ਼ਹਿਰਾਂ 'ਚ ਰਹਿੰਦੇ 12 ਫੀਸਦੀ ਪਰਿਵਾਰ ਰੋਜ਼ਾਨਾ ਬੋਤਲ ਵਾਲਾ ਪਾਣੀ ਪੀਣ ਲੱਗੇ ਹਨ।
ਦੱਸਣਯੋਗ ਹੈ ਕਿ ਇਕ ਲੀਟਰ ਬੋਤਲ ਬੰਦ ਪਾਣੀ ਬਣਾਉਣ ਲਈ ਲਗਭਗ 5.5 ਲੀਟਰ ਤਾਜ਼ਾ ਪਾਣੀ ਲਗਦਾ ਹੈ। ਸ਼ਹਿਰਾਂ ਵਿਚ ਪਾਈਪਲਾਈਨ ਦਾ ਪਾਣੀ ਸੁਰੱਖਿਅਤ ਨਹੀਂ ਮੰਨਿਆ ਜਾ ਰਿਹਾ, ਜਦਕਿ ਧਰਤੀ ਹੇਠਲੇ ਪਾਣੀ ਦਾ 70 ਫੀਸਦੀ ਹਿੱਸਾ ਦੂਸ਼ਿਤ ਹੈ। ਪਾਣੀ ਦੀ ਦੁਰਵਰਤੋਂ ਦਾ ਇਕ ਹੋਰ ਪੱਖ ਅਣਗੌਲਿਆ ਚਲਿਆ ਆ ਰਿਹਾ ਹੈ। ਅਸੀਂ ਆਪਣੇ ਘਰਾਂ ਵਿਚ ਪਾਣੀ ਦੀ ਵਰਤੋਂ ਸੰਕੋਚ ਨਾਲ ਨਹੀਂ ਕਰਦੇ। ਸ਼ਹਿਰਾਂ 'ਚ ਉਸਾਰੀਆਂ ਜਾ ਰਹੀਆਂ ਅਸਮਾਨ ਨੂੰ ਛੂੰਹਦੀਆਂ ਇਮਾਰਤਾਂ ਬਣਾਉਣ ਲਈ ਵਰਤਿਆ ਜਾ ਰਿਹਾ ਜ਼ਰੂਰਤ ਤੋਂ ਕਿਤੇ ਵੱਧ ਪਾਣੀ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਮਾਰਤਾਂ ਦੀ ਉਸਾਰੀ ਵਿਚ ਲੱਗੇ ਪ੍ਰਵਾਸੀ ਮਜ਼ਦੂਰ ਵਲੋਂ ਪਾਣੀ ਦੀ ਮਹੱਤਤਾ ਤੋਂ ਅਨਜਾਣ ਹੋਣ ਕਾਰਨ ਰੋਜ਼ਾਨਾ ਲੱਖਾਂ ਲੀਟਰ ਪਾਣੀ ਬੇਵਜ੍ਹਾ ਜ਼ਮੀਨ 'ਤੇ ਵਹਾਇਆ ਜਾ ਰਿਹਾ ਹੈ।
ਪਾਣੀ ਮਨੁੱਖਤਾ ਨੂੰ ਕੁਦਰਤ ਵਲੋਂ ਦਿੱਤੀ ਇਕ ਅਨਮੋਲ ਦਾਤ ਹੈ, ਜੋ ਸਾਂਭ-ਸੰਭਾਲ ਪੱਖੋਂ ਮਨੁੱਖੀ ਲਾਪ੍ਰਵਾਹੀ ਕਾਰਨ ਅੱਜ ਇਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਭਾਰਤ ਵਿਚ ਪਾਣੀ ਦਾ ਸੰਕਟ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ, ਜਿੱਥੇ ਹਰ ਸਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਔਸਤਨ 4 ਮੀਟਰ ਹੇਠਾਂ ਜਾ ਰਿਹਾ ਹੈ। ਭਾਰਤ ਪੀਣ ਯੋਗ ਸਾਫ਼ ਪਾਣੀ ਦੀ ਪੂਰਤੀ ਦੇ ਮਾਮਲੇ ਵਿਚ ਦੁਨੀਆ ਦੇ ਸਭ ਤੋਂ ਹੇਠਲੇ ਨੰਬਰ 'ਤੇ ਆਉਂਦਾ ਹੈ। ਅਸੀਂ ਗੁਰਬਾਣੀ ਵਿਚ ਦਿੱਤੇ ਸੁਨੇਹੇ- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦੇ ਮਹੱਤਵ ਨੂੰ ਭੁੱਲਦੇ ਜਾ ਰਹੇ ਹਾਂ। ਹੁਣ ਪਾਣੀ ਨੂੰ ਸੰਜਮ ਤੇ ਸੰਕੋਚ ਨਾਲ ਵਰਤਣ ਦਾ ਹੋਕਾ ਦੇਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ। ਅਸੀਂ ਹੁਣ ਪਾਣੀ ਬਚਾਉਣ ਦੀ ਜ਼ਿੰਮੇਵਾਰੀ ਕਿਸਾਨਾਂ ਜਾਂ ਸਰਕਾਰਾਂ ਸਿਰ ਪਾ ਕੇ ਖ਼ੁਦ ਸੁਰਖਰੂ ਨਹੀਂ ਹੋ ਸਕਦੇ।

ਮੋਬਾਈਲ : 98147-34035

Ad Position 22
No active advertisement
ਪਿਛਲੀ ਖ਼ਬਰ 21-06-26 ਅਗਲੀ ਖ਼ਬਰ ਯੋਗ-ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
Ad Position 24