ਅਜੇ ਕੁਝ ਦਿਨ ਪਹਿਲਾਂ ਅਚਾਨਕ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਸਨ ਕਿ ਆਲੀਆ ਭੱਟ ਦੀ ਔਰਤ ਪ੍ਰਧਾਨ ਭੂਮਿਕਾ ਵਾਲੀ ਆਉਣ ਵਾਲੀ ਫ਼ਿਲਮ 'ਅਲਫ਼ਾ' ਨੂੰ ਥੀਏਟਰ ਦੀ ਬਜਾਏ ਸਿੱਧੇ ਓ.ਟੀ.ਟੀ. 'ਤੇ ਰਿਲੀਜ਼ ਕੀਤਾ ਜਾਵੇਗਾ।
ਇਹ ਫ਼ਿਲਮ ਪਿਛਲੇ ਸਾਲ ਦਸੰਬਰ ਵਿਚ ਸਿਨੇਮਾ ਘਰਾਂ ਵਿਚ ਆਉਣੀ ਸੀ ਪਰ ਜਦੋਂ ਤੋਂ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ, ਉਦੋਂ ਫ਼ਿਲਮ ਦੇ ਓ.ਟੀ.ਟੀ. 'ਤੇ ਰਿਲੀਜ਼ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਹੋਰ ਦਮ ਮਿਲਿਆ।
ਸ਼ਿਵ ਰਵੇਲ ਵਲੋਂ ਨਿਰਦੇਸ਼ਿਤ ਕੀਤੀ ਗਈ ਆਦਿੱਤਿਆ ਚੋਪੜਾ ਦੇ ਸਪਾਈ ਯੂਨੀਵਰਸ ਦੀ ਇਸ ਪਹਿਲੀ 'ਫੀਮੇਲ ਸਪਾਈ ਫ਼ਿਲਮ' ਵਿਚ ਆਲੀਆ ਭੱਟ, ਸ਼ਰਵਰੀ ਅਤੇ ਬੌਬੀ ਦਿਓਲ ਮੁੱਖ ਭੂਮਿਕਾ ਵਿਚ ਹਨ।
ਥੀਏਟਰ ਦੀ ਥਾਂ ਓ.ਟੀ.ਟੀ. 'ਤੇ ਫ਼ਿਲਮ ਨੂੰ ਰਿਲੀਜ਼ ਕੀਤੇ ਜਾਣ ਬਾਰੇ ਇਹ ਤਰਕ ਸਾਹਮਣੇ ਆਇਆ ਹੈ ਕਿ ਨਿਰਮਾਤਾ ਨੂੰ ਲਗਦਾ ਹੈ ਕਿ ਇਹ ਇਕ ਮਹਿਲਾ ਪ੍ਰਧਾਨ ਰੋਲ ਵਾਲਾ ਪ੍ਰੋਜੈਕਟ ਹੈ, ਇਸ ਲਈ ਇਸ ਨੂੰ ਥੀਏਟਰ ਦੀ ਬਜਾਏ ਓ.ਟੀ.ਟੀ. 'ਤੇ ਰਿਲੀਜ਼ ਕਰਨਾ ਜ਼ਿਆਦਾ ਵਧੀਆ ਰਹੇਗਾ। ਨਿਰਮਾਤਾ ਨੂੰ ਲਗਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਫ਼ਿਲਮ ਨੂੰ ਵੱਡੇ ਹਿੱਸੇਦਾਰ ਅਤੇ ਸੁਰੱਖਿਤ ਮੁੱਲ ਵਾਲਾ ਮਾਡਲ ਮਿਲੇਗਾ।
ਹੁਣ ਜਦੋਂ ਆਲੀਆ ਭੱਟ ਨੇ ਨਿਰਮਾਤਾ ਦੀ ਇਸ ਖੁਹਾਇਸ਼ ਦਾ ਡਟ ਕੇ ਵਿਰੋਧ ਕਰਦੇ ਹੋਏ ਇਸ ਨੂੰ ਥੀਏਟਰ ਵਿਚ ਰਿਲੀਜ਼ ਕਰਨ ਲਈ ਆਪਣੇ ਤਰਕ ਦਿੱਤੇ, ਉਦੋਂ ਨਿਰਮਾਤਾ ਨੂੰ ਇਸ ਨੂੰ ਫਿਰ ਤੋਂ ਥੀਏਟਰ ਵਿਚ ਰਿਲੀਜ਼ ਕਰਨ ਬਾਰੇ ਸੋਚਣ ਲਈ ਮਜਬੂਰ ਹੋਣਾ ਪਿਆ।
ਹੁਣ 'ਅਲਫ਼ਾ' ਦੀ ਰਿਲੀਜ਼ ਨੂੰ ਲੈ ਕੇ ਇਕ ਨਵਾਂ ਅਪਟੇਡ ਸਾਹਮਣੇ ਆਇਆ ਹੈ, ਜਿਸ ਅਨੁਸਾਰ ਫ਼ਿਲਮ ਦੀ ਰਿਲੀਜ਼ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਪ੍ਰੋਡਕਸ਼ਨ ਹਾਊਸ ਵਲੋਂ ਤਾਜ਼ਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਕਿਹਾ ਗਿਆ, ਕਿ ਫ਼ਿਲਮ ਦੇ ਵੀ.ਐਫ.ਐਕਸ 'ਤੇ ਕੰਮ ਪੂਰਾ ਨਾ ਹੋਣ ਦੀ ਵਜ੍ਹਾ ਕਰਕੇ ਰਿਲੀਜ਼ ਨੂੰ ਟਾਲਣਾ ਪਿਆ।
ਫ਼ਿਲਮ 'ਅਲਫ਼ਾ' ਦੀ ਟੀਮ ਫਿਲਹਾਲ ਸ਼ੂਟਿੰਗ ਦਾ ਆਖਰੀ ਸ਼ਡਿਊਲ ਪੂਰਾ ਕਰ ਰਹੀ ਹੈ ਅਤੇ ਹੁਣ ਇਸ ਨੂੰ ਅਪ੍ਰੈਲ ਵਿਚ ਸਿਨੇਮਾ ਘਰਾਂ ਵਿਚ ਰਿਲੀਜ਼ ਕੀਤਾ ਜਾਵੇਗਾ। ਪ੍ਰੋਡਕਸ਼ਨ ਹਾਊਸ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ, ਜਿਸ ਅਨੁਸਾਰ ਇਹ ਫ਼ਿਲਮ 'ਸਿਨੇਮਾ-ਫਰਸਟ' ਤਜਰਬਾ ਦੇਣ ਲਈ ਬਣਾਈ ਗਈ ਹੈ, ਇਸ ਲਈ ਇਹ ਯੋਜਨਾ ਅਨੁਸਾਰ ਸਿਨੇਮਾ ਘਰਾਂ ਵਿਚ ਹੀ ਰਿਲੀਜ਼ ਹੋਵੇਗੀ।
ਫ਼ਿਲਮ 'ਅਲਫ਼ਾ' ਦੀ ਰਿਲੀਜ਼ ਨੂੰ ਲੈ ਕੇ ਨਿਰਮਾਤਾ ਦੀ ਦੁਚਿੱਤੀ
ਅਜੀਤ ਡੈਸਕ
25-02-2026