07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਅਦਾਕਾਰ ਸੁਨੀਲ ਗਰੋਵਰ ਦੇ ਸੰਘਰਸ਼ ਦੀਆਂ ਪ੍ਰੇਰਨਾਦਾਇਕ ਗੱਲਾਂ

Ad Position 21
No active advertisement
ਅਜੀਤ ਡੈਸਕ 25-02-2026

ਫ਼ਿਲਮੀ ਅਦਾਕਾਰ ਸੁਨੀਲ ਗਰੋਵਰ ਦੀ ਜ਼ਿੰਦਗੀ ਦੇ ਸੰਘਰਸ਼ ਦਾ ਇਹ ਵਿਰਤਾਂਤ ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ ਜੋ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਲਈ ਜ਼ਿੰਦਗੀ ਦੇ ਸੰਘਰਸ਼ ਅੱਗੇ ਹਾਰ ਨੂੰ ਕਦੇ ਵੀ ਕਬੂਲ ਨਹੀਂ ਕਰਦੇ। ਜੋ ਇਸ ਗੱਲ ਤੋਂ ਜਾਣੂ ਹੁੰਦੇ ਹਨ ਕਿ ਜ਼ਿੰਦਗੀ ਦੇ ਸੰਘਰਸ਼ ਅੱਗੇ ਉਹੀ ਟਿਕ ਪਾਉਂਦੇ ਹਨ ਜਿਹੜੇ ਡਿੱਗਣ ਤੋਂ ਬਾਅਦ ਵੀ ਉੱਠ ਕੇ ਚੱਲਣ ਦਾ ਇਰਾਦਾ ਅਤੇ ਹੌਂਸਲਾ ਰੱਖਦੇ ਹਨ। ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ ਹਨ। ਸੁਨੀਲ ਗਰੋਵਰ ਦੇ ਫ਼ਰਸ਼ ਤੋਂ ਅਰਸ਼ ਤੱਕ ਪਹੁੰ ਚਣ ਦੀ ਕਹਾਣੀ ਤੋਂ ਸਿੱਖਣ ਵਾਲੀਆਂ ਗੱਲਾਂ ਇਹ ਹਨ ਕਿ ਮਨੁੱਖ ਦੀ ਪ੍ਰਤਿਭਾ ਮੰਜਿਲ ਦਾ ਕੇਵਲ ਦਰਵਾਜ਼ਾ ਖੋਲ੍ਹਦੀ ਹੈ, ਮੰਜਿਲ ਤੱਕ ਮਨੁੱਖ ਨੂੰ ਉਸ ਦੇ ਯਤਨ, ਹੌਂਸਲਾ ਅਤੇ ਅਕੀਦਾ ਹੀ ਪਹੁੰਚਾਉਂਦੇ ਹਨ। ਕੋਈ ਵੀ ਕੰਮ ਛੋਟਾ ਨਹੀਂ ਹੁੰਦਾ। ਵੱਡੀ ਸਫ਼ਲਤਾ ਛੋਟੇ ਕੰਮ ਤੋਂ ਹੀ ਸ਼ੁਰੂ ਹੁੰਦੀ ਹੈ। ਹਾਰ ਮੰਨ ਲੈਣਾ ਹੀ ਹਾਰ ਹੁੰਦੀ ਹੈ। ਅਸਫ਼ਲਤਾ ਹਾਰ ਨਹੀਂ ਹੁੰਦੀ ਸਗੋਂ ਪ੍ਰੀਖਿਆ ਹੁੰਦੀ ਹੈ। ਦੂਜਿਆਂ ਦੀ ਅਸਫ਼ਲਤਾ ਤੋਂ ਸਬਕ ਸਿੱਖ ਕੇ ਉਸ ਨੂੰ ਚੁਣੌਤੀ ਬਣਾਇਆ ਜਾ ਸਕਦਾ ਹੈ।
ਅਸਫ਼ਲਤਾ ਤੋਂ ਬਾਅਦ ਰੁੱਕ ਜਾਣਾ ਜ਼ਿੰਦਗੀ ਭਰ ਲਈ ਪਛਤਾਵਾ ਬਣ ਜਾਂਦਾ ਹੈ। ਸਫ਼ਲਤਾ ਦੇ ਸਿਖਰ ਤੱਕ ਪਹੁੰਚਣ ਤੋਂ ਬਾਅਦ ਵੀ ਜ਼ਮੀਨ ਨਾਲ ਜੁੜੇ ਰਹਿਣਾ ਮਨੁੱਖ ਨੂੰ ਮਹਾਨ ਬਣਾ ਦਿੰਦਾ ਹੈ। 3 ਅਗਸਤ 1977 ਨੂੰ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਜਨਮੇ ਸੁਨੀਲ ਗਰੋਵਰ ਨੂੰ ਆਪਣੀ ਜ਼ਿੰਦਗੀ ਵਿਚ ਬਹੁਤ ਉਤਰਾਅ ਚੜ੍ਹਾਅ ਵੇਖਣੇ ਪਏ। ਉਸ ਦੇ ਪਿਤਾ ਬੈਂਕ ਵਿਚ ਕੰਮ ਕਰਦੇ ਸਨ। ਬਚਪਨ ਤੋਂ ਹੀ ਉਸ ਦੇ ਮਨ ਦੀ ਇੱਛਾ ਸੀ ਕਿ ਉਹ ਆਪਣੀ ਕਲਾ ਰਾਹੀਂ ਵੱਡਾ ਕਾਮੇਡੀਅਨ ਬਣ ਕੇ ਸਾਰੀ ਦੁਨੀਆ ਨੂੰ ਆਪਣੀ ਆਵਾਜ਼ ਸੁਣਾਵੇ। ਉਸ ਨੂੰ ਐਕਟਿੰਗ ਦਾ ਸ਼ੌਂਕ ਹੋਣ ਕਾਰਨ ਉਹ ਅਮਿਤਾਬ ਬੱਚਨ ਅਤੇ ਸ਼ਾਹਰੁਖ ਖਾਨ ਦੀਆਂ ਫ਼ਿਲਮਾਂ ਵੇਖਦਾ ਸੀ।
ਸਕੂਲੀ ਦਿਨਾਂ ਵਿਚ ਬਾਹਰਵੀਂ ਜਮਾਤ ਵਿਚ ਇਕ ਨਾਟਕ ਵਿਚ ਉਸ ਦੀ ਐਕਟਿੰਗ ਵੇਖ ਕੇ ਮੁੱਖ ਮਹਿਮਾਨ ਨੇ ਕਹਿ ਦਿੱਤਾ ਸੀ ਕਿ ਉਹ ਵੱਡਾ ਹੋ ਕੇ ਇਕ ਵੱਡਾ ਅਦਾਕਾਰ ਬਣੇਗਾ। ਉਸ ਨੂੰ ਇਹ ਗੱਲ ਛੇਤੀ ਸਮਝ ਆ ਗਈ ਸੀ ਕਿ ਹੁਨਰ ਦੇ ਨਾਲ ਸੰਘਰਸ਼ ਅਤੇ ਯਤਨ ਵੀ ਜ਼ਰੂਰੀ ਹਨ।
ਆਪਣੇ ਥਇਏਟਰ ਦੇ ਜਨੂੰਨ ਨੂੰ ਪੂਰਾ ਕਰਨ ਲਈ ਉਸ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਥਇਏਟਰ 'ਚ ਮਾਸਟਰ ਡਿਗਰੀ ਕੀਤੀ। ਕਾਮੇਡੀਅਨ ਜਸਪਾਲ ਭੱਟੀ ਨੇ ਉਸ ਨੂੰ ਗੁਟਰੂੰ ਗੂੰ ਪ੍ਰੋਗਰਾਮ ਵਿਚ ਲੈ ਲਿਆ। 1998 ਵਿਚ ਅਜੈ ਦੇਵਗਣ ਦੀ ਫ਼ਿਲਮ 'ਚ ਛੋਟੀ ਜਿਹੀ ਭੂਮਿਕਾ ਨੇ ਉਸ ਦੀ ਫ਼ਿਲਮੀ ਦੁਨੀਆ ਵਿਚ ਪਹਿਚਾਣ ਬਣਾ ਦਿੱਤੀ। ਬੜੇ ਸੁਪਨੇ ਲੈ ਕੇ ਮੁੰਬਈ ਪਹੁੰਚਣ 'ਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਫ਼ਿਲਮੀ ਖੇਤਰ ਵਿਚ ਸੰਘਰਸ਼ ਕਰਦੇ ਹੋਏ ਵੇਖਿਆ। ਮਕਾਨ ਦੇ ਕਿਰਾਏ, ਖੁੱਲ੍ਹੇ ਖਰਚੇ ਨੇ ਛੇਤੀ ਹੀ ਉਸ ਦੇ ਜੋੜੇ ਹੋਏ ਅਤੇ ਘਰ ਤੋਂ ਲਿਆਂਦੇ ਪੈਸੇ ਖ਼ਤਮ ਕਰ ਦਿੱਤੇ। ਉਸ ਨੇ ਸੋਚਿਆ ਕਿ ਭਾਵੇਂ ਮੈਨੂੰ ਹੁਣ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਆਉਣ ਵਾਲੇ ਸਮੇਂ ਵਿਚ ਉਸ ਨੂੰ ਸਫ਼ਲਤਾ ਜ਼ਰੂਰ ਮਿਲੇਗੀ। ਲੋਕਾਂ ਨੂੰ ਸੰਘਰਸ਼ ਕਰਦਿਆਂ ਵੇਖ ਕੇ ਉਸ ਨੂੰ ਛੇਤੀ ਹੀ ਗੱਲ ਸਮਝ ਆ ਗਈ ਕਿ ਸਫ਼ਲਤਾ ਹਾਸਲ ਕਰਨੀ ਸੌਖੀ ਨਹੀਂ ਹੈ। ਉਸ ਨੂੰ ਬਹੁਤ ਵੇਰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਿਆ। ਕਦੇ ਉਸ ਨੂੰ ਕਿਸੇ ਪ੍ਰੋਗਰਾਮ ਲਈ ਚੁਣੇ ਜਾਣ ਤੋਂ ਬਾਅਦ ਵੀ ਮਨ੍ਹਾ ਕਰ ਦਿੱਤਾ ਗਿਆ, ਕਦੇ ਸ਼ੂਟਿੰਗ ਉੱਤੇ ਦੇਰ ਨਾਲ ਪਹੁੰਚਣ ਕਾਰਨ ਉਸ ਨੂੰ ਨਾਂਹ ਕਰ ਦਿੱਤੀ ਗਈ। ਉਸ ਨੇ ਰਿਜੈਕਸ਼ਨ ਨੂੰ ਅਸਫ਼ਲਤਾ ਨਹੀਂ ਸਮਝਿਆ। ਫ਼ਿਲਮਾਂ ਅਤੇ ਟੈਲੀਵਿਜ਼ਨ ਵਿਚ ਕੰਮ ਤੋਂ ਨਾਂਹ ਹੋਣ ਤੋਂ ਬਾਅਦ ਉਸ ਨੇ ਮੰਚ ਸੰਚਾਲਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਿਆ। ਉਸ ਨੇ ਕਿਹਾ ਕਿ ਛੋਟੀ ਕਮਾਈ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਾਧਨ ਬਣਦੀ ਹੈ। ਉਸ ਨੇ ਆਪਣੇ ਪਿਤਾ ਦੇ ਰੇਡੀਓ ਦੇ ਅਨਾਉਂਸਰ ਨਾ ਬਣ ਸਕਣ ਦੇ ਪਛਤਾਵੇ ਤੋਂ ਸਬਕ ਲੈ ਕੇ ਇਹ ਫੈਸਲਾ ਕਰ ਲਿਆ ਕਿ ਉਹ ਹਿਮਤ ਹਾਰ ਕੇ ਉਮਰ ਭਰ ਪਛਤਾਏਗਾ ਨਹੀਂ।
ਉਸ ਨੇ ਆਪਣੇ ਸੁਪਨਿਆਂ ਨੂੰ ਮਰਨ ਨਹੀਂ ਦਿੱਤਾ। ਰੇਡੀਓ ਉੱਤੇ ਮਿਲੇ ਇਕ ਪ੍ਰੋਗਰਾਮ ਤੋਂ ਮਿਲੀ ਪ੍ਰਸਿੱਧੀ ਤੋਂ ਬਾਅਦ ਉਸ ਨੂੰ ਰੇਡੀਓ ਅਤੇ ਫ਼ਿਲਮਾਂ 'ਚ ਕੰਮ ਮਿਲਣਾ ਸ਼ੁਰੂ ਹੋ ਗਿਆ। ਟੈਲੀਵਿਜ਼ਨ ਦੇ ਕਪਿਲ ਸ਼ਰਮਾ ਦੇ ਸ਼ੋਅ ਵਿਚ ਮਿਲੀ ਗੁੱਥੀ ਦੀ ਭੂਮਿਕਾ ਨੇ ਲੋਕਾਂ ਨੂੰ ਉਸ ਦਾ ਦੀਵਾਨਾ ਬਣਾ ਦਿੱਤਾ। ਕਪਿਲ ਸ਼ਰਮਾ ਦੇ ਪ੍ਰੋਗਰਾਮ 'ਚ ਡਾਕਟਰ ਮਸ਼ਹੂਰ ਗੁਲਾਟੀ, ਰਿੰਕੂ ਭਾਬੀ ਅਤੇ ਗੱਬਰ ਇਜ਼ ਬੈਕ, ਬਾਗੀ, ਭਾਰਤ ਜਵਾਨ, ਵੈਬ ਸੀਰੀਜ਼, ਤਾਂਡਵ ਅਤੇ ਸੰਸਾਰ ਵਿਚ ਨਿਭਾਈਆਂ ਭੂਮਿਕਾਵਾਂ ਨੇ ਉਸ ਨੂੰ ਫ਼ਿਲਮ ਖੇਤਰ ਵਿਚ ਨਾਮੀ ਅਦਾਕਾਰ ਬਣਾ ਦਿੱਤਾ। ਇਕ ਮੌਕੇ ਕਪਿਲ ਸ਼ਰਮਾ ਨਾਲ ਹੋਏ ਤਕਰਾਰ ਨਾਲ ਉਸ ਦੀ ਪ੍ਰਸਿੱਧੀ ਵਿਚ ਕੋਈ ਫਰਕ ਨਹੀਂ ਪਿਆ। ਸਨ 2022 ਵਿਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਬਾਈ ਪਾਸ ਸਰਜਰੀ ਨੇ ਉਸ ਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ ਪਰ ਉਹ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਗਿਆ। ਸਫ਼ਲਤਾ, ਪੈਸਾ, ਨਾਮ ਸਿਖਰ ਉੱਤੇ, ਲਗਜ਼ਰੀ ਗੱਡੀਆਂ ਅਤੇ ਇਕ ਐਪੀਸੋਡ ਦੀ ਲੱਖਾਂ ਰੁਪਏ ਫੀਸ ਨਾਲ ਵੀ ਉਸ ਵਿਚ ਘੁਮੰਡ ਦੀ ਭਾਵਨਾ ਪੈਦਾ ਨਹੀਂ ਹੋਈ। ਉਹ ਆਪਣੇ ਪਰਿਵਾਰ ਨਾਲ ਸਧਾਰਣ ਜ਼ਿੰਦਗੀ ਜੀਅ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਫ਼ਿਲਮ 'ਅਲਫ਼ਾ' ਦੀ ਰਿਲੀਜ਼ ਨੂੰ ਲੈ ਕੇ ਨਿਰਮਾਤਾ ਦੀ ਦੁਚਿੱਤੀ ਅਗਲੀ ਖ਼ਬਰ ਬਾਕਮਾਲ ਗੀਤ ਰਚਣ ਵਾਲਾ ਲਾਮਿਸਾਲ ਸ਼ਾਇਰ ਸੀ : ਜਾਂ ਨਿਸਾਰ ਅਖ਼ਤਰ
Ad Position 24