(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਇਸ ਤੋਂ ਬਾਅਦ ਉਨ੍ਹਾਂ ਦੇ ਗੀਤਾਂ ਨਾਲ ਸ਼ਿੰਗਾਰੀਆਂ ਫ਼ਿਲਮਾਂ ਵਿਚ 'ਨਇਆ ਅੰਦਾਜ਼', 'ਬਲੈਕ ਕੈਟ', 'ਰੁਸਤਮ-ਸੋਹਰਾਬ', 'ਪ੍ਰੇਮ ਪਰਬਤ', 'ਸ਼ੰਕਰ ਹੁਸੈਨ', 'ਨੂਰੀ' ਅਤੇ 'ਰਜ਼ੀਆ ਸੁਲਤਾਨ ' ਆਦਿ ਸਮੇਤ ਕਈ ਹੋਰ ਫ਼ਿਲਮਾਂ ਸ਼ਾਮਿਲ ਸਨ। ਉਨ੍ਹਾਂ ਨੇ ਬਤੌਰ ਲੇਖਕ, ਗੀਤਕਾਰ ਅਤੇ ਨਿਰਮਾਤਾ ਫ਼ਿਲਮ 'ਬਹੂ ਬੇਗਮ' ਕੀਤੀ ਸੀ ਜੋ ਕਿ ਬਹੁਤ ਹੀ ਕਾਮਯਾਬ ਰਹੀ ਸੀ। ਅਖ਼ਤਰ ਸਾਹਿਬ ਦੀ ਪੁਰਸਰੂਰ ਸ਼ਾਇਰੀ ਨਾਲ ਲਬਰੇਜ਼ ਜੋ ਕਾਵਿ-ਸੰਗ੍ਰਹਿ ਪਾਠਕਾਂ ਤੱਕ ਪੁੱਜੇ ਸਨ ਉਨ੍ਹਾਂ ਵਿਚ 'ਖ਼ਾਮੋਸ਼ ਆਵਾਜ਼', 'ਪਿਛਲੇ ਪਹਿਰ', 'ਨਜ਼ਰੇ ਬੁੱਤਾਂ', 'ਘਰ ਆਂਗਨ', 'ਨਿਗਾਹੋਂ ਕੇ ਸਾਏ', 'ਤੁਮ੍ਹਾਰੇ ਨਾਮ' ਅਤੇ 'ਖ਼ਾਕ-ਏ-ਦਿਲ' ਆਦਿ ਸ਼ਾਮਿਲ ਸਨ। ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਜਦੋਂ ਉਨ੍ਹਾਂ ਨੂੰ ਬੀਤੇ 300 ਸਾਲ ਵਿਚ ਲਿਖੀ ਗਈ ਬਾਕਮਾਲ ਹਿੰਦੁਸਤਾਨੀ ਸ਼ਾਇਰੀ ਇਕੱਤਰ ਕਰਕੇ ਉਸਦਾ ਸੰਗ੍ਰਹਿ ਛਾਪਣ ਦੀ ਤਾਕੀਦ ਕੀਤੀ ਗਈ ਤਾਂ ਫ਼ਲਸਰੂਪ 'ਹਿੰਦੁਸਤਾਨ ਹਮਾਰਾ' ਨਾਮਕ ਕਾਵਿ ਸੰਗ੍ਰਹਿ ਹੋਂਦ ਵਿਚ ਆਇਆ ਜਿਸ ਦੀਆਂ ਤਿੰਨ ਜਿਲਦਾਂ ਦੀ ਪ੍ਰਕਾਸ਼ਨਾ ਸੰਨ 1965, 1974 ਅਤੇ 2006 ਵਿਚ ਕੀਤੀ ਗਈ ਸੀ।
ਸ਼ਾਦੀ ਤੋਂ ਠੀਕ ਦਸ ਸਾਲ ਬਾਅਦ ਸੰਨ 1953 ਵਿਚ ਜਾਂ ਨਿਸਾਰ ਅਖ਼ਤਰ ਹੁਰਾਂ ਦੀ ਬੇਗ਼ਮ ਸਾਫ਼ੀਆ ਆਪਣੇ ਪਿੱਛੇ ਦੋ ਬੇਟੇ ਜਾਵੇਦ ਅਖ਼ਤਰ ਅਤੇ ਸਲਮਾਨ ਅਖ਼ਤਰ ਨੂੰ ਛੱਡ ਕੇ ਇਸ ਜਹਾਨ ਤੋਂ ਸਦਾ ਲਈ ਰੁਖ਼ਸਤ ਹੋ ਗਈ। ਸੰਨ 1956 ਵਿਚ ਅਖ਼ਤਰ ਸਾਹਿਬ ਨੇ ਬੀਬੀ ਖਦੀਜਾ ਤਲਤ ਨਾਲ ਦੂਜੀ ਸ਼ਾਦੀ ਕਰ ਲਈ ਪਰ ਖਦੀਜਾ ਨੇ ਅਖ਼ਤਰ ਸਾਹਿਬ ਦੇ ਬੇਟਿਆਂ ਨਾਲ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ। ਆਪਣੇ ਬੇਟਿਆਂ ਨੂੰ ਪਾਲਣ ਪੋਸ਼ਣ ਹਿੱਤ ਆਪਣੇ ਰਿਸ਼ਤੇਦਾਰਾਂ ਨੂੰ ਸੌਂਪ ਕੇ ਅਖ਼ਤਰ ਸਾਹਿਬ ਬਾਲੀਵੁੱਡ 'ਚ ਮਸਰੂਫ਼ ਹੋ ਗਏ ਤੇ ਅਖ਼ੀਰ 19 ਅਗਸਤ, 1976 ਉਹ ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਗਏ। ਆਪਣੇ ਦੇਹਾਂਤ ਸਮੇਂ ਉਹ ਆਪਣੇ ਪਰਮ ਮਿੱਤਰ ਜਨਾਬ ਕਮਾਲ ਅਮਰੋਹੀ ਨਾਲ ਫ਼ਿਲਮ 'ਰਜ਼ੀਆ ਸੁਲਤਾਨ' ਉੱਤੇ ਕੰਮ ਕਰ ਰਹੇ ਸਨ। ਸੰਨ 1980 ਵਿਚ ਆਈ ਫ਼ਿਲਮ 'ਨੂਰੀ' ਦੇ ਗੀਤ 'ਆਜਾ ਰੇ ਓ ਮੇਰੇ ਦਿਲਬਰ ਆਜਾ' ਲਈ ਮਰਨ ਉਪਰੰਤ ਉਨ੍ਹਾਂ ਨੂੰ ਫ਼ਿਲਮ ਫ਼ੇਅਰ ਦੇ 'ਸਰਬੋਤਮ ਗੀਤਕਾਰ ਪੁਰਸਕਾਰ' ਲਈ ਨਾਮਜ਼ਦ ਕੀਤਾ ਗਿਆ ਸੀ। (ਸਮਾਪਤ)
-410, ਚੰਦਰ ਨਗਰ, ਬਟਾਲਾ।