ਲੰਮੇ ਸਮੇਂ ਤੋਂ ਸਿਨੇਮਾਈ ਪਰਦੇ ਤੋਂ ਦੂਰ ਰਹੀ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਹਿੰਦੀ ਸਿਨੇਮਾ ਵਿਚ ਆਪਣੀ ਵਾਪਸੀ ਨੂੰ ਲੈ ਕੇ ਚਰਚਾ ਵਿਚ ਹੈ। ਇਸ ਖ਼ਬਰ ਦੇ ਸਾਹਮਣੇ ਆਉਣ 'ਤੇ ਐਸ਼ਵਰਿਆ ਰਾਏ ਦੇ ਪ੍ਰਸੰਸਕ ਬੇਹੱਦ ਉਤਸ਼ਾਹਿਤ ਹਨ। ਹਾਲਾਂਕਿ ਹੁਣ ਤੱਕ ਐਸ਼ਵਰਿਆ ਰਾਏ ਦੇ ਨਵੇਂ ਪ੍ਰਾਜੈਕਟਾਂ 'ਤੇ ਕੋਈ ਖ਼ਾਸ ਅਪਡੇਟ ਸਾਹਮਣੇ ਨਹੀਂ ਆਈ ਹੈ ਪਰ ਇਸ ਤਰ੍ਹਾਂ ਦੀਆਂ ਖ਼ਬਰਾਂ ਹਨ ਕਿ ਉਨ੍ਹਾਂ ਨੇ ਇਕ ਵਾਰ ਫਿਰ ਧੂਮ ਮਚਾਉਣ ਦੀ ਤਿਆਰੀ ਕਰ ਲਈ ਹੈ। ਕਿਹਾ ਜਾ ਰਿਹਾ ਹੈ ਕਿ ਇਕ ਖ਼ਾਸ ਰਣਨੀਤੀ ਹੇਠ ਇਸ ਪ੍ਰਾਜੈਕਟ ਦੀ ਅਧਿਕਾਰਕ ਜਾਣਕਾਰੀ ਨੂੰ ਫਿਲਹਾਲ ਗੁਪਤ ਰੱਖਿਆ ਗਿਆ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਐਸ਼ਵਰਿਆ ਰਾਏ ਕਿਸੇ ਵੱਡੇ ਬ੍ਰਾਂਡ ਦੀ ਬ੍ਰਾਂਡ ਅੰਬੈਸਡਰ ਦੇ ਰੂਪ ਵਿਚ ਵੀ ਸਾਹਮਣੇ ਆਉਣ ਵਾਲੀ ਹੈ। ਉਸ ਦੇ ਇਸ ਪ੍ਰਾਜੈਕਟ ਦਾ ਐਲਾਨ ਵੀ ਛੇਤੀ ਹੀ ਹੋਣ ਵਾਲਾ ਹੈ। 53 ਸਾਲ ਦੀ ਹੋ ਚੁੱਕੀ ਐਸ਼ਵਰਿਆ ਰਾਏ ਅੱਜ ਵੀ ਓਨੀ ਹੀ ਖ਼ੂਬਸੂਰਤ ਅਤੇ ਗਲੈਮਰਸ ਨਜ਼ਰ ਆਉਂਦੀ ਹੈ ਜਿੰਨੀ 25 ਸਾਲ ਪਹਿਲਾਂ ਸੀ। ਉਸ ਨੂੰ ਨਿਹਾਰਨਾ, ਅੱਜ ਵੀ ਹਰ ਕਿਸੇ ਨੂੰ ਚੰਗਾ ਲਗਦਾ ਹੈ। 1994 ਵਿਚ ਹੋਈ 'ਮਿਸ ਇੰਡੀਆ' ਪ੍ਰਤੀਯੋਗਤਾ ਵਿਚ ਐਸ਼ਵਰਿਆ ਰਾਏ ਉਪ-ਜੇਤੂ ਬਣੀ ਪਰ ਉਸੇ ਸਾਲ ਉਸ ਨੇ 'ਮਿਸ ਵਰਲਡ ਪੇਜੈਂਟ' ਜਿੱਤ ਕੇ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਔਰਤ ਹੋਣ ਦਾ ਸਨਮਾਨ ਹਾਸਿਲ ਕੀਤਾ। ਐਸ਼ਵਰਿਆ ਰਾਏ 'ਮਿਸ ਵਰਲਡ ਦਾ ਤਾਜ' ਆਪਣੇ ਨਾਂਅ ਕਰਨ ਵਾਲੀ ਦੂਜੀ ਭਾਰਤੀ ਮਾਡਲ ਸੀ। ਉਸ ਤੋਂ ਪਹਿਲਾਂ ਸਾਲ 1966 ਵਿਚ ਮੁੰਬਈ ਦੀ ਰੀਤਾ ਫਾਰੀਆ ਨੇ ਇਹ ਪੁਰਸਕਾਰ ਜਿੱਤਿਆ ਸੀ।
ਵਾਪਸੀ ਨੂੰ ਲੈ ਕੇ ਸੁਰਖੀਆਂ ਵਿਚ ਹੈ ਐਸ਼ਵਰਿਆ ਰਾਏ
ਅਜੀਤ ਡੈਸਕ
29-04-2026