ਪਹਿਲਾਂ ਖੂਬ ਚਰਚਾ ਪਤੀ ਦੇਵ ਸ੍ਰੀ ਅਦਿਤਿਯ ਧਰ ਦੀ 'ਧੁਰੰਧਰ-2' ਕਰਕੇ ਰਹੀ ਤੇ ਹੁਣ ਪਤਨੀ ਯਾਮੀ ਗੌਤਮ ਆਏ ਦਿਨ ਕਿਸੇ ਨਾ ਕਿਸੇ ਰਾਸ਼ਟਰੀ ਅਖ਼ਬਾਰ, ਫਿਲਮ ਮੈਗਜ਼ੀਨ ਤੇ ਫਿਲਮੀ ਇੰਟਰਨੈੱਟ ਪੋਰਟਲ 'ਤੇ ਸੁਰਖੀਆਂ 'ਚ ਹੈ। ਅਸਲ 'ਚ ਯਾਮੀ ਦੀ ਫਿਲਮ 'ਹੱਕ' ਦੀ ਗੱਲ ਸੀ, ਜਿਸ 'ਚ ਆਪਣੇ ਕਿਰਦਾਰ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਯਾਮੀ ਗੌਤਮ 'ਕੁਰਾਨ ਪੜ੍ਹ ਰਹੀ ਸੀ ਤੇ ਇਸਲਾਮੀ ਮਰਿਆਦਾ ਸਿੱਖਣ' ਵੱਲ ਧਿਆਨ ਦੇ ਰਹੀ ਸੀ। ਡਾਇਰੈਕਟਰ ਸੁਪਰਣ ਐਸ. ਵਰਮਾ ਆਪ ਖੁਲਾਸਾ ਕਰ ਰਹੇ ਹਨ ਕਿ ਫਿਲਮ 'ਹੱਕ' ਲਈ ਉਹ ਯਾਮੀ ਨਾਲ ਮਿਲ ਕੇ ਕਈ ਕਿਤਾਬਾਂ ਪੜ੍ਹ ਕੇ ਬਹੁਤ ਕੁਝ ਖੋਜ ਕਰ ਰਹੇ ਸਨ। ਇਸ ਸਮੇਂ ਯਾਮੀ ਗੌਤਮ ਇਕ ਫਿਲਮ ਹਰਮਨ-ਪਿਆਰੇ ਗਾਇਕ ਤੇ ਨਾਇਕ ਦਿਲਜੀਤ ਦੋਸਾਂਝ ਨਾਲ ਕਰ ਰਹੀ ਹੈ। ਅਨੰਦ ਐਲ. ਰਾਏ ਦੀ ਫਿਲਮ 'ਨਈ ਨਵੇਲੀ' 'ਚ ਉਹ 'ਨਵੀਂ ਨਵੇਲੀ' ਲੱਗੇ, ਇਧਰ ਯਾਮੀ ਦਾ ਪੂਰਾ ਧਿਆਨ ਹੈ। ਯਾਮੀ ਨੇ ਪੂਰੇ ਡੇਢ ਸਾਲ ਇਸਲਾਮਿਕ ਸਿੱਖਿਆ ਲਈ ਹੈ ਤੇ ਪਵਿੱਤਰ ਕੁਰਾਨ ਸ਼ਰੀਫ਼ ਦਾ ਅਧਿਐਨ ਕੀਤਾ ਹੈ। ਤਿੰਨ ਸਾਲ ਪਹਿਲਾਂ ਆਈ ਯਾਮੀ ਗੌਤਮ ਦੀ ਫਿਲਮ 'ਚੋਰ ਨਿਕਲ ਕੇ ਭਾਗਾ' ਦਾ ਅਗਲਾ ਹਿੱਸਾ ਵੀ ਬਣ ਰਿਹਾ ਹੈ ਤੇ ਇਸ ਫਿਲਮ 'ਚ ਵੀ ਯਾਮੀ ਗੌਤਮ ਹੈ। ਯਾਮੀ ਨੇ ਬਾਲੀਵੁੱਡ ਦੀਆਂ ਫਿਲਮੀ ਪਾਰਟੀਆਂ 'ਚ ਜਾਣਾ ਬੰਦ ਕਰ ਦਿੱਤਾ ਹੈ ਤੇ ਉਹ ਆਪਣੇ ਕੰਮ ਨੂੰ ਪਹਿਲ ਦੇ ਰਹੀ ਹੈ। ਯਾਮੀ ਦਾ ਕਹਿਣਾ ਹੈ ਕਿ ਇਨ੍ਹਾਂ ਪਾਰਟੀਆਂ 'ਚ ਸ਼ਰਾਬ, ਸ਼ਬਾਬ ਤੇ ਕਬਾਬ ਦਾ ਪੱਲੜਾ ਭਾਰੀ ਹੁੰਦਾ ਹੈ ਤੇ ਉਹ ਪ੍ਰਭੂ ਸਿਮਰਨ ਵੱਲ ਜ਼ਿਆਦਾ ਧਿਆਨ ਦਿੰਦੀ ਹੈ ਤੇ ਹੁਣ ਇਕ ਪਾਸੇ ਭਗਤੀ ਤੇ ਦੂਜੇ ਪਾਸੇ ਵਾਟਰ ਸ਼ਕਤੀ ਇਹ ਤਾਂ ਹੋ ਨਹੀਂ ਸਕਦਾ। 'ਕਿਸਮਤ ਦੀ ਸਭ ਤੋਂ ਖ਼ੂਬਸੂਰਤ ਆਦਤ ਪਤਾ ਹੈ ਕੀ ਹੈ?' ਉਹ ਸਮਾਂ ਆਉਣ 'ਤੇ ਬਦਲਦੀ ਜ਼ਰੂਰ ਹੈ। ਇਹ ਗੱਲ ਯਾਮੀ ਗੌਤਮ 'ਤੇ ਫਿੱਟ ਬੈਠਦੀ ਹੈ ਕਿਉਂਕਿ ਫਿਲਮ 'ਧੁਰੰਧਰ' ਤੇ 'ਹੱਕ' ਨੇ ਸਭ ਕੁਝ ਬਦਲ ਦਿੱਤਾ ਹੈ। ਯਾਦ ਹੈ ਕਰਨ ਜੌਹਰ ਨੇ ਯਾਮੀ ਨੂੰ ਆਪਣੇ ਸ਼ੋਅ 'ਚ ਇਹ ਸਮਝ ਕੇ ਨਹੀਂ ਬੁਲਾਇਆ ਕਿ ਉਹ ਕਿਹੜੀ ਵੱਡੀ ਹੀਰੋਇਨ ਹੈ। ਇਕੱਲਾ ਰਿਤਿਕ ਆਇਆ ਸੀ ਤੇ ਜੌਹਰ ਸਾਹਬ ਨੇ ਕਿਹਾ ਸੀ 'ਯਾਮੀ ਕੌਣ ਹੈ ਕੋਈ ਨਹੀਂ ਜਾਣਦਾ।' ਹੁਣ ਉਹੀ ਕਰਨ ਜੌਹਰ ਆਪਣੇ-ਆਪ ਨੂੰ 'ਸਾਰੀ ਜ਼ਿੰਦਗੀ ਦਾ ਪ੍ਰਸੰਸਕ ਅਖਵਾ ਕੇ ਖੁਸ਼ ਹੈ। ਯਾਮੀ ਰੁਮਾਂਟਿਕ ਨਾਵਲ ਅੱਜਕਲ੍ਹ ਖੂਬ ਪੜ੍ਹ ਰਹੀ ਹੈ ਤੇ ਉਸ ਅਨੁਸਾਰ ਇਹ ਸਭ ਅਦਿੱਤਿਯ ਦੇ ਪਿਆਰ ਕਾਰਨ ਹੀ ਹੈ। ਚਾਹ ਪੀਣ ਦੀ ਉਸ ਦੀ ਆਦਤ ਹੀ ਹੈ ਕਿ ਜਦ ਉਹ ਵਿਦੇਸ਼ ਜਾਂਦੀ ਹੈ ਤਦ ਆਪਣੀ ਚਾਹ ਦੀ ਕਿੱਟ ਨਾਲ ਲੈ ਕੇ ਜਾਂਦੀ ਹੈ। ਉਸ ਨੂੰ ਭਾਰਤ ਦੀ 'ਚਾਹ ਪੱਤੀ' ਹੀ ਪਸੰਦ ਹੈ ਤਾਂ ਹੀ ਵਿਦੇਸ਼ ਵਿਚ ਉਹ ਬਹੁਤ ਸਾਰੇ ਚਾਹ ਪਾਣੀ ਦੇ ਪੈਕੇਟ ਨਾਲ ਲੈ ਕੇ ਜਾਂਦੀ ਹੈ। ਯਾਮੀ ਗੌਤਮ ਅੱਛੀ ਪੋਪ ਡਾਂਸਰ ਵੀ ਹੈ ਤੇ ਇਸ ਸਮੇਂ ਯਾਮੀ ਦੇ ਸਿਤਾਰੇ ਪੂਰੇ ਬੁਲੰਦ ਹਨ।
-ਸੁਖਜੀਤ ਕੌਰ