ਉੱਤਰਾਖੰਡ ਦੇ ਅਲਮੋੜਾ ਦੀ ਰਹਿਣ ਵਾਲੀ, ਛੋਟੇ ਪਰਦੇ ਦੀ ਅਦਾਕਾਰਾ ਦੇ ਰੂਪ ਵਿਚ ਦੁਰਗਾਪਾਲ ਨੇ 2006 ਵਿਚ ਗ੍ਰਾਫਿਕ ਏਰਾ ਡੀਮੰਡ ਟੂ ਬੀ ਯੂਨੀਵਰਸਿਟੀ ਤੋਂ ਇੰਸਟਰੂਮੈਂਟੇਸ਼ਨ ਅਤੇ ਕੰਟਰੋਲ ਇੰਜੀਨੀਅਰਿੰਗ ਵਿਚ ਬੈਚਲਰ ਆਫ਼ ਤਕਨਾਲੋਜੀ ਦੀ ਡਿਗਰੀ ਹਾਸਿਲ ਕੀਤੀ ਅਤੇ ਐਕਟਿੰਗ ਵਿਚ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸਮੇਂ ਤੱਕ ਮਲਟੀਨੈਸ਼ਨਲ ਆਈ.ਟੀ. ਕੰਪਨੀ 'ਇਨਫੋਸਿਸ' ਵਿਚ ਕੰਮ ਕੀਤਾ। ਰੂਪ ਦੁਰਗਾਪਾਲ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2012 ਵਿਚ 'ਸੀ.ਆਈ.ਡੀ.' ਦੇ ਇਕ ਐਪੀਸੋਡ ਵਿਚ ਸੁਨੀਤਾ ਦੇ ਕਿਰਦਾਰ ਤੋਂ ਕੀਤੀ ਸੀ। ਉਸ ਤੋਂ ਬਾਅਦ ਉਸ ਨੂੰ ਟੀ.ਵੀ. ਸ਼ੋਅ 'ਬਾਲਵੀਰ' ਵਿਚ ਦੇਖਿਆ ਗਿਆ। ਸੀਰੀਅਲ 'ਬਾਲਿਕਾ ਵਧੂ' ਵਿਚ 'ਸਾਂਚੀ' ਦੇ ਕਿਰਦਾਰ ਵਿਚ ਰੂਪ ਨੂੰ ਜ਼ਬਰਦਸਤ ਕਾਮਯਾਬੀ ਮਿਲੀ। ਰੂਪ ਦੁਰਗਾਪਾਲ ਨੇ 'ਅਕਬਰ ਬੀਰਬਲ' ਵਿਚ ਇਕ 'ਇੱਛਾਧਾਰੀ ਨਾਗਿਨ' ਦਾ ਕਿਰਦਾਰ ਨਿਭਾਇਆ ਸੀ। ਉਸ ਨੇ ਕਲਰਜ਼ ਚੈਨਲ ਦੇ ਸ਼ੋਅ 'ਸਵਰਾਗਿਨੀ : ਜੋੜੇਂ ਰਿਸ਼ਤੋਂ ਕੇ ਸੁਰ' ਵਿਚ 'ਕਾਵਿਆ ਮਾਹੇਸ਼ਵਰੀ' ਅਤੇ ਸੋਨੀ ਟੀ.ਵੀ. ਦੇ ਸ਼ੋਅ 'ਕੁਛ ਰੰਗ ਪਿਆਰ ਕੇ ਐਸੇ ਭੀ' ਵਿਚ 'ਨਤਾਸ਼ਾ ਗੁਜਰਾਲ' ਦੇ ਸ਼ਾਨਦਾਰ ਕਿਰਦਾਰ ਨਿਭਾਏ। ਜ਼ਿੰਗ ਟੀ.ਵੀ. ਦੇ ਸੀਰੀਅਲ 'ਤੁਝਸੇ ਹੈ ਰਾਬਤਾ' ਵਿਚ ਉਸ ਨੇ ਪਹਿਲੀ ਵਾਰ ਇਕ ਮਰਾਠੀ ਕੁੜੀ 'ਕੇਤਕੀ' ਦਾ ਕਿਰਦਾਰ ਨਿਭਾਇਆ। ਉਹ ਐਂਡ ਟੀ.ਵੀ. 'ਤੇ ਪ੍ਰਸਾਰਿਤ ਹੋਣ ਵਾਲੇ ਰੋਮਾਂਟਿਕ ਡਰਾਉਣੇ ਸ਼ੋਅ 'ਲਾਲ ਇਸ਼ਕ' ਅਤੇ 'ਕੁਛ ਰੰਗ ਪਿਆਰ ਕੇ ਐਸੇ ਭੀ' ਦਾ ਹਿੱਸਾ ਵੀ ਸੀ। ਉਸ ਨੇ ਵੱਡੇ ਪਰਦੇ 'ਤੇ ਪੇਸ਼ਕਾਰੀ ਕਰਨ ਤੋਂ ਇਲਾਵਾ ਥੀਏਟਰ ਵਿਚ ਵੀ ਕੰਮ ਕੀਤਾ। ਉਹ ਟੈਲੀਵਿਜ਼ਨ ਇਸ਼ਤਿਹਾਰਾਂ ਵਿਚ ਵੀ ਨਜ਼ਰ ਆ ਚੁੱਕੀ ਹੈ। ਹਾਲ ਹੀ ਵਿਚ ਅਭਿਨੇਤਰੀ ਰੂਪ ਦੁਰਗਾਪਾਲ ਨੇ ਐਮਾਜ਼ਨ, ਐਮ. ਐਕਸ. 'ਤੇ 11 ਮਾਰਚ ਨੂੰ ਆਨ ਸਟ੍ਰੀਮ ਹੋਈ 10 ਐਪੀਸੋਡ ਵਾਲੀ ਪ੍ਰਕਾਸ਼ ਝਾਅ ਨਿਰਦੇਸ਼ਿਤ ਵੈੱਬ ਸੀਰੀਜ਼ 'ਸੰਕਲਪ' ਜ਼ਰੀਏ ਓ.ਟੀ.ਟੀ. 'ਤੇ ਸ਼ੁਰੂਆਤ ਕੀਤੀ ਹੈ।
ਅਦਾਕਾਰਾ ਰੂਪ ਦੁਰਗਾਪਾਲ ਦਾ ਓ.ਟੀ.ਟੀ. 'ਤੇ ਦਾਖਲਾ
ਅਜੀਤ ਡੈਸਕ
29-04-2026