ਪਹੁੰਚ ਅਮਰੀਕਾ ਤੱਕ ਹੈ ਅਭਿਨੇਤਰੀ ਤਿ੍ਪਤੀ ਡਿਮਰੀ ਦੀ, ਜਿਸ ਨੂੰ 'ਐਪਲ' ਜਿਹੀ ਦੁਨੀਆ ਦੀ ਵੱਡੀ ਫੋਨ ਕੰਪਨੀ ਨੇ ਆਪਣੇ ਨਵੇਂ ਆਈਫੋਨ ਦੇ ਮਹੂਰਤ ਮੌਕੇ ਖਾਸ ਮਹਿਮਾਨ ਦੇ ਤੌਰ 'ਤੇ ਸੱਦਿਆ | ਇਥੇ ਉਸ ਨੂੰ ਦੁਨੀਆ ਦੇ ਮਸ਼ਹੂਰ ਯੂ-ਟਿਊਬਰ 'ਆਈਸ਼ੋਅ ਸਪੀਡ' ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ | ਇਸ ਨਾਲ ਤਿ੍ਪਤੀ ਨੂੰ ਬੇਹਤਾਸ਼ਾ ਪ੍ਰਚਾਰ ਮਿਲਿਆ ਤੇ ਸੋਸ਼ਲ ਮੀਡੀਆ 'ਤੇ ਅਜੇ ਤੱਕ ਗੱਲਾਂ ਤਿ੍ਪਤੀ ਦੀਆਂ ਹੋ ਰਹੀਆਂ ਹਨ | ਤਿ੍ਪਤੀ ਆਪਣੀ ਆਰਥਿਕਤਾ ਦਾ ਵੀ ਧਿਆਨ ਰੱਖ ਰਹੀ ਹੈ ਤੇ ਉਤਪਾਦ 'ਪੀਪ ਬਿਊਟੀ' ਦੀ ਉਹ ਸਹਿ-ਨਿਰਮਾਤਾ ਵੀ ਬਣੀ ਹੈ ਤੇ ਨਾਲ ਹੀ ਉਸ ਨੇ ਪੀਪ ਬਿਊਟੀ ' 'ਚ ਆਪਣਾ ਹਿੱਸਾ-ਪੱਤੀ ਰੱਖ ਲਿਆ ਹੈ ਅਰਥਾਤ ਤਿ੍ਪਤੀ ਨੇ ਇਸ ਕੰਪਨੀ 'ਚ ਨਿਵੇਸ਼ ਕੀਤਾ ਹੈ, ਪੈਸਾ ਲਾਇਆ ਹੈ | ਉਹ ਅਸਲ ਵਿਚ ਆਪਣਾ ਭਵਿੱਖ ਸੁਰੱਖਿਅਤ ਕਰ ਰਹੀ ਹੈ | 'ਐਨੀਮਲ ਪਾਰਕ' ਜਿਹੀ ਵੱਡੀ ਫ਼ਿਲਮ ਵੀ ਉਸ ਕੋਲ ਹੈ ਤੇ ਨਾਲ ਹੀ ਤਿ੍ਪਤੀ ਡਿਮਰੀ 'ਸਪਿਰਟ' ਫ਼ਿਲਮ ਨਾਲ ਅੱਗੇ ਆਉਣ ਲਈ ਖੂਬ ਜ਼ੋਰ ਲਾ ਰਹੀ ਹੈ | ਤਿ੍ਪਤੀ ਨੇ ਕਿਹਾ ਕਿ ਉਹ ਕਦੇ ਵੀ ਟਿਕਟ ਖਿੜਕੀ ਦੇ ਨੰਬਰਾਂ 'ਚ ਵਿਸ਼ਵਾਸ ਨਹੀਂ ਰੱਖਦੀ ਤੇ ਉਸ ਦਾ ਸਾਰਾ ਧਿਆਨ ਆਪਣੇ ਕੰਮ, ਕਿਰਦਾਰ ਵੱਲ ਹੁੰਦਾ ਹੈ ਤੇ ਉਹ ਖੂਬ ਮਿਹਨਤ ਕਰ ਕੇ ਆਪਣੀ ਭੂਮਿਕਾ ਵੀ ਵਧੀਆ ਤਰੀਕੇ ਨਾਲ ਅਦਾ ਕਰਦੀ ਹੈ | ਸਭ ਤੋਂ ਜ਼ਿਆਦਾ ਉਸ ਨੂੰ ਸ਼ਾਹਿਦ ਕਪੂਰ ਨੇ ਪ੍ਰਭਾਵਿਤ ਕੀਤਾ ਹੈ | ਉਹ ਬਹੁਤ ਹੀ ਨੇਕ ਸੁਭਾਅ ਵਾਲਾ ਪੈਰ-ਪੈਰ 'ਤੇ ਸਹਿਯੋਗ ਦੇਣ ਵਾਲਾ ਹੀਰੋ ਹੈ | 'ਲੈਲਾ ਮਜਨੂੰ' ਫ਼ਿਲਮ ਨੂੰ ਉਹ ਆਪਣੀ ਖਾਸ ਯਾਦ ਰੱਖਣ ਯੋਗ ਫ਼ਿਲਮ ਆਖਦੀ ਹੈ ਤੇ ਪਿਆਰ 'ਤੇ ਤਿ੍ਪਤੀ ਨੇ ਤਾਂ ਬੋਲ ਕੇ ਤਿ੍ਪਤ ਹੀ ਕਰ ਦਿੱਤਾ ਕਿ ਅੰਨੇ੍ਹ ਪਿਆਰ 'ਚ ਉਸ ਦੀ ਰਤੀ ਭਰ ਵੀ ਦਿਲਚਸਪੀ ਨਹੀਂ ਹੈ ਪਰ ਸੱਚੇ ਪਿਆਰ 'ਤੇ ਉਸ ਨੂੰ ਭਰੋਸਾ ਹੈ, ਵਿਸ਼ਵਾਸ ਹੈ | ਆਪਣੇ ਹੁਣ ਤੱਕ ਦੇ ਕਰੀਅਰ ਤੋਂ ਤਿ੍ਪਤ ਹੈ ਤਿ੍ਪਤੀ ਡਿਮਰੀ |
-ਸੁਖਜੀਤ ਕੌਰ