ਗੁਆਂਢੀ ਦੇਸ਼ ਪਾਕਿਸਤਾਨ ਪਹਿਲਾਂ ਤੋਂ ਹੀ ਭਾਰਤ ਲਈ ਵੱਡੀ ਸਿਰਦਰਦੀ ਬਣਿਆ ਰਿਹਾ ਹੈ | ਪਿਛਲੇ ਲੰਮੇ ਸਮੇਂ ਤੋਂ ਜਿਸ ਕਦਰ ਦੋਵਾਂ ਦੇਸ਼ਾਂ ਦੇ ਸੰਬੰਧ ਬੇਹੱਦ ਉਲਝੇ ਅਤੇ ਗੰਭੀਰ ਬਣੇ ਰਹੇ ਹਨ, ਉਨ੍ਹਾਂ ਤੋਂ ਭਵਿੱਖ ਵਿਚ ਵੀ ਛੇਤੀ ਕੀਤਿਆਂ ਇਨ੍ਹਾਂ ਦੇ ਸੰਬੰਧ ਅਤੇ ਇਸ ਖਿੱਤੇ ਦੇ ਹਾਲਾਤ ਆਮ ਵਾਂਗ ਬਣਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ | ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਕ ਵਾਰ ਕਿਹਾ ਸੀ ਕਿ ਤੁਸੀਂ ਦੋਸਤ ਤਾਂ ਬਦਲ ਸਕਦੇ ਹੋ ਪਰ ਗੁਆਂਢੀ ਨਹੀਂ | ਉਨ੍ਹਾਂ ਦੀ ਇਸ ਗੱਲ ਵਿਚ ਵੱਡੀ ਸਚਾਈ ਛਿਪੀ ਹੋਈ ਹੈ, ਕਿਉਂਕਿ ਸਾਡੇ ਗੁਆਂਢੀ ਦੇਸ਼ ਦੀਆਂ ਪਿਛਲੇ ਲੰਮੇ ਸਮੇਂ ਤੋਂ ਬਣੀਆਂ ਸਰਕਾਰਾਂ ਨੇ ਭਾਰਤ ਵਿਰੁੱਧ ਅਕਸਰ ਜ਼ਹਿਰ ਹੀ ਨਹੀਂ ਉੱਗਲਿਆ, ਸਗੋਂ ਇਸ ਨੂੰ ਹਮੇਸ਼ਾ ਤੰਗ ਪ੍ਰੇਸ਼ਾਨ ਕਰਨ ਲਈ ਅਜਿਹੀਆਂ ਯੋਜਨਾਵਾਂ ਨੂੰ ਅੰਜਾਮ ਵੀ ਦਿੱਤਾ, ਜਿਨ੍ਹਾਂ ਨੇ ਹੁਣ ਤੱਕ ਭਾਰਤ ਦਾ ਹਰ ਪੱਖ ਤੋਂ ਬੇਹੱਦ ਨੁਕਸਾਨ ਕੀਤਾ ਹੈ |
ਅੱਜ ਪਾਕਿਸਤਾਨ ਜਿਸ ਨੂੰ ਤਰ੍ਹਾਂ-ਤਰ੍ਹਾਂ ਦੇ ਅੱਤਵਾਦੀਆਂ ਦਾ ਗੜ੍ਹ ਮੰਨਿਆ ਜਾਣ ਲੱਗਾ ਹੈ, ਉੱਥੇ ਅਫ਼ਗਾਨਿਸਤਾਨ ਅਤੇ ਹੋਰ ਰਸਤਿਆਂ ਰਾਹੀਂ ਹਥਿਆਰਾਂ ਦੇ ਨਾਲ-ਨਾਲ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਪੁੱਜਦੀਆਂ ਰਹਿੰਦੀਆਂ ਹਨ, ਜਿਨ੍ਹਾਂ ਤੋਂ ਵੱਡਾ ਮੁਨਾਫ਼ਾ ਕਮਾਉਣ ਲਈ ਪਾਕਿਸਤਾਨ ਦੇ ਹਰ ਪੱਧਰ ਦੇ ਤਸਕਰਾਂ ਦੇ ਤਾਰ ਹਮੇਸ਼ਾ ਉਥੋਂ ਦੇ ਪ੍ਰਸ਼ਾਸਨ ਨਾਲ ਵੀ ਜੁੜੇ ਰਹਿੰਦੇ ਹਨ | ਉਹ ਵੱਡੀਆਂ ਖੇਪਾਂ ਕਿਸੇ ਨਾ ਕਿਸੇ ਢੰਗ-ਤਰੀਕੇ ਨਾਲ ਭਾਰਤ ਪਹੁੰਚਾਉਣ ਦੇ ਯਤਨਾਂ ਵਿਚ ਲੱਗੇ ਰਹਿੰਦੇ ਹਨ | ਪਾਕਿਸਤਾਨ ਦੀ ਪੰਜਾਬ ਨਾਲ ਕਰੀਬ 553 ਕਿੱਲੋਮੀਟਰ ਸਰਹੱਦ ਲਗਦੀ ਹੈ, ਜਿਸ ਰਾਹੀਂ ਨਸ਼ੇ, ਹਥਿਆਰ ਅਤੇ ਵਿਸਫੋਟਕ ਸਮੱਗਰੀ ਇੱਧਰ ਲਗਾਤਾਰ ਭੇਜੀ ਜਾਂਦੀ ਹੈ, ਜਿਸ ਨੇ ਪੰਜਾਬ ਦੇ ਸਮਾਜਿਕ ਜੀਵਨ ਨੂੰ ਇਕ ਤਰ੍ਹਾਂ ਨਾਲ ਬੁਰੀ ਤਰ੍ਹਾਂ ਝਿੰਜੋੜ ਕੇ ਰੱਖ ਦਿੱਤਾ ਹੈ | ਪੰਜਾਬ ਦੇ ਕਈ ਸੰਗਠਨਾਂ ਅਤੇ ਤਸਕਰਾਂ ਨਾਲ ਉੱਧਰਲੇ ਅੱਤਵਾਦੀ ਸੰਗਠਨਾਂ ਅਤੇ ਤਸਕਰਾਂ ਦੇ ਤਾਰ ਜੁੜੇ ਰਹਿੰਦੇ ਹਨ, ਜਿਸ ਕਾਰਨ ਸਰਹੱਦੋਂ ਪਾਰੋਂ ਆਉਣ ਵਾਲੀ ਅਜਿਹੀ ਸਮੱਗਰੀ ਨੂੰ ਰੋਕਿਆ ਜਾਣਾ ਬੇਹੱਦ ਮੁਸ਼ਕਿਲ ਹੋ ਗਿਆ |
ਇਕ ਸਮਾਂ ਸੀ ਜਦੋਂ ਗੁਆਂਢੀ ਦੇ ਅਜਿਹੇ ਵਿਵਹਾਰ ਤੋਂ ਬੇਹੱਦ ਪ੍ਰੇਸ਼ਾਨ ਹੋ ਕੇ ਪੰਜਾਬ ਦੀਆਂ ਸਰਹੱਦਾਂ 'ਤੇ ਵਾੜਾਂ ਲਗਾਈਆਂ ਗਈਆਂ ਸਨ, ਤਾਂ ਜੋ ਸਮੱਗਲਰਾਂ ਨੂੰ ਰੋਕ ਸਕਣ ਵਿਚ ਵੱਡੀ ਮਦਦ ਮਿਲ ਸਕੇ ਪਰ ਇਸ ਦੇ ਬਾਵਜੂਦ ਨਵੇਂ-ਨਵੇਂ ਢੰਗ-ਤਰੀਕੇ ਅਪਣਾ ਕੇ ਗੁਆਂਢ ਦੇ ਅਸਮਾਜਿਕ ਅਨਸਰ ਜਿਨ੍ਹਾਂ ਨੇ ਪਾਕਿਸਤਾਨ ਵਿਚ ਵੀ ਪੂਰੀ ਤਰ੍ਹਾਂ ਜ਼ਹਿਰ ਘੋਲਿਆ ਹੋਇਆ ਹੈ, ਸਰਹੱਦਾਂ ਰਾਹੀਂ ਕਾਫ਼ੀ ਹੱਦ ਤੱਕ ਘੁਸਪੈਠ ਕਰਨ ਵਿਚ ਸਫ਼ਲ ਹੋ ਜਾਂਦੇ ਹਨ | ਹੁਣ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਲਈ ਡਰੋਨਾਂ ਦੀ ਵਰਤੋਂ ਵੀ ਹੋਣ ਲੱਗ ਪਈ ਹੈ | ਇਧਰਲੇ ਲੋਕ ਹੀ ਨਹੀਂ ਸਗੋਂ ਦੂਸਰੇ ਪਾਸੇ ਸਰਹੱਦਾਂ ਨਾਲ ਲਗਦੇ ਪਾਕਿਸਤਾਨੀ ਪਿੰਡਾਂ ਦੇ ਲੋਕ ਵੀ ਤਸਕਰਾਂ ਦੀਆਂ ਸਰਗਰਮੀਆਂ ਤੋਂ ਬੇਹੱਦ ਸਹਿਮੇ ਹੋਏ ਅਤੇ ਖੌਫ਼ਜ਼ਦਾ ਹਨ, ਕਿਉਂਕਿ ਇਸ ਪਾਸੇ ਆਪਣੀ ਸਮੱਗਰੀ ਭੇਜਣ ਲਈ ਇਹ ਸਰਹੱਦ ਨਾਲ ਲਗਦੇ ਪਿੰਡਾਂ ਦੀ ਵਰਤੋਂ ਕਰਦੇ ਹਨ | ਇਸ ਅਮਲ ਨੇ ਖ਼ਬਰਾਂ ਅਨੁਸਾਰ ਉੱਧਰ ਆਮ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ | ਲਾਹੌਰ, ਕਸੂਰ ਅਤੇ ਨਾਰੋਵਾਲ ਜ਼ਿਲਿ੍ਹਆਂ ਦੀਆਂ ਸਰਹੱਦਾਂ 'ਤੇ ਵਸੇ ਹੋਏ ਲੋਕਾਂ ਅਨੁਸਾਰ ਸ਼ਾਮ ਪੈਂਦਿਆਂ ਹੀ ਸਮੱਗਲਰ ਖੇਤਾਂ 'ਚ ਡਰੋਨ ਉਡਾਉਣ ਅਤੇ ਉਤਾਰਨ ਦੀਆਂ ਸਰਗਰਮੀਆਂ ਸ਼ੁਰੂ ਕਰ ਦਿੰਦੇ ਹਨ | ਕਈ ਵੱਡੇ ਤਸਕਰਾਂ ਦੇ ਇਨ੍ਹਾਂ ਕੰਮਾਂ ਲਈ ਵਿਸ਼ਾਲ ਨੈੱਟਵਰਕ ਬਣੇ ਹੋਏ ਹਨ, ਜਿਨ੍ਹਾਂ ਦੀਆਂ ਤਾਰਾਂ ਸਰਹੱਦ ਪਾਰ ਦੇ ਅਜਿਹੇ ਲੋਕਾਂ ਨਾਲ ਜੁੜੀਆਂ ਹੋਈਆਂ ਹਨ | ਪਾਕਿਸਤਾਨ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਤਸਕਰਾਂ ਦੀਆਂ ਕਾਰਵਾਈਆਂ ਰੋਕਣ ਲਈ ਉੱਧਰਲੇ ਪ੍ਰਸ਼ਾਸਨ ਨੂੰ ਬੜੀਆਂ ਅਪੀਲਾਂ ਕੀਤੀਆਂ ਪਰ ਉਨ੍ਹਾਂ ਦਾ ਕੋਈ ਅਸਰ ਨਹੀਂ ਹੋਇਆ |
ਸਰਹੱਦ ਪਾਰੋਂ ਹੈਰੋਇਨ ਅਤੇ ਚਿੱਟੇ ਦਾ ਕਾਰੋਬਾਰ ਲਗਾਤਾਰ ਜਾਰੀ ਹੈ | ਇਸੇ ਕਾਰਨ ਸੁਰੱਖਿਆ ਬਲਾਂ ਵਲੋਂ ਅਜਿਹੇ ਤਸਕਰਾਂ ਅਤੇ ਦੋਸ਼ੀਆਂ ਨੂੰ ਫੜਨ ਦੀਆਂ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਮਿਲਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਅਜਿਹੀ ਸਮੱਗਰੀ ਦੀ ਬਹੁਤ ਕੀਮਤ ਹੈ | ਇਸ ਲਈ ਦੋਵਾਂ ਪਾਸਿਆਂ ਦੇ ਅਜਿਹੇ ਅਨਸਰਾਂ ਦਾ ਇਸ ਕੰਮ ਵਿਚ ਤਾਲਮੇਲ ਬਣਿਆ ਰਹਿੰਦਾ ਹੈ | ਇਸ ਤਸਕਰੀ ਦੇ ਧੰਦੇ ਦੇ ਨੈੱਟਵਰਕ ਨੂੰ ਤੋੜਨ ਲਈ ਪੰਜਾਬ ਦੇ 200 ਕਿੱਲੋਮੀਟਰ ਤੋਂ ਵੀ ਵਧੇਰੇ ਖੇਤਰ ਵਿਚ ਐਂਟੀ ਡਰੋਨ ਸਿਸਟਮ ਲਗਾਏ ਗਏ ਹਨ, ਜਿਨ੍ਹਾਂ ਨਾਲ ਕਾਫ਼ੀ ਹੱਦ ਤੱਕ ਸੁਰੱਖਿਆ ਬਲ ਉੱਧਰੋਂ ਭੇਜੇ ਜਾਂਦੇ ਇਨ੍ਹਾਂ ਡਰੋਨਾਂ ਨੂੰ ਫੜਨ ਵਿਚ ਕਾਮਯਾਬ ਹੋ ਜਾਂਦੇ ਹਨ | ਇਸ ਪ੍ਰਬੰਧ ਨੂੰ ਲਾਗੂ ਕੀਤਿਆਂ ਚਾਹੇ ਸਾਲ ਭਰ ਦਾ ਸਮਾਂ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਨੂੰ ਪੂਰੀ ਸਫ਼ਲਤਾ ਮਿਲਦੀ ਦਿਖਾਈ ਨਹੀਂ ਦੇ ਰਹੀ | ਇਸ ਦਾ ਇਕ ਕਾਰਨ ਵਾੜ ਦਾ ਹੀ ਖੇਤ ਨੂੰ ਖਾਣਾ ਵੀ ਕਿਹਾ ਜਾ ਸਕਦਾ ਹੈ | ਪੁਲਿਸ ਅਤੇ ਪ੍ਰਸ਼ਾਸਨ ਵਿਚ ਕੁਝ ਅਜਿਹੇ ਅਨਸਰ ਮੌਜੂਦ ਹਨ, ਜੋ ਕੀਤੇ ਗਏ ਅਜਿਹੇ ਪ੍ਰਬੰਧਾਂ ਨੂੰ ਬੇਹੱਦ ਕਮਜ਼ੋਰ ਕਰ ਦਿੰਦੇ ਹਨ | ਪੁਲਿਸ ਤੰਤਰ ਤੋਂ ਵੀ ਅਜਿਹੀਆਂ ਖ਼ਬਰਾਂ ਲਗਾਤਾਰ ਮਿਲਦੀਆਂ ਰਹਿੰਦੀਆਂ ਹਨ | ਪਿਛਲੇ ਦਿਨੀਂ ਇਕ ਕਾਂਸਟੇਬਲ ਸੰਬੰਧੀ ਖ਼ੁਲਾਸਾ ਸੁਣ ਕੇ ਬੇਹੱਦ ਹੈਰਾਨੀ ਅਤੇ ਪ੍ਰੇਸ਼ਾਨੀ ਹੋਈ ਹੈ | ਇਹ ਪੁਲਿਸ ਕਰਮੀ ਸਰਹੱਦ 'ਤੇ ਨਸ਼ਾ, ਹਥਿਆਰ ਅਤੇ ਵਿਸਫ਼ੋਟਕ ਸਮੱਗਰੀ ਦੀ ਸਮਗਲਿੰਗ ਨੂੰ ਰੋਕਣ ਲਈ ਲਗਾਏ ਗਏ ਐਂਟੀ ਡਰੋਨ ਸਿਸਟਮ ਨੂੰ ਸੰਚਾਲਿਤ ਕਰਨ ਲਈ ਤਾਇਨਾਤ ਸੀ, ਪਰ ਉਹ ਉੱਧਰੋਂ ਆਉਂਦੀਆਂ ਖੇਪਾਂ ਨੂੰ ਅੱਗੇ ਪਹੁੰਚਾਉਣ ਵਿਚ ਭਾਈਵਾਲੀ ਕਰ ਰਿਹਾ ਸੀ | ਉਸ ਕੋਲੋਂ 15 ਕਿੱਲੋ ਦੇ ਕਰੀਬ ਹੈਰੋਇਨ ਪ੍ਰਾਪਤ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਇਕ ਸੌ ਕਰੋੜ ਰੁਪਏ ਦੱਸੀ ਜਾਂਦੀ ਹੈ | ਜੇਕਰ ਰਾਖੀ ਕਰਨ ਵਾਲੇ ਵਿਅਕਤੀ ਹੀ ਅਜਿਹੀਆਂ ਨਾਂਹ-ਪੱਖੀ ਕਾਰਵਾਈਆਂ ਵਿਚ ਗ਼ਲਤਾਨ ਹੋ ਜਾਣ ਤਾਂ ਸੂਬੇ ਦਾ ਤਾਂ ਫਿਰ ਰੱਬ ਹੀ ਰਾਖਾ ਹੈ |
ਪਿਛਲੇ ਦਿਨੀਂ ਮਾਨਸਾ ਵਿਚ ਜੋ ਕਤਲ ਹੋਇਆ ਸੀ, ਉਹ ਵੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਹਰ ਥਾਂ 'ਤੇ ਨਸ਼ੇ ਆਮ ਵਿਕਦੇ ਹਨ ਅਤੇ ਇਸ ਮਾੜੇ ਕਰਮ ਵਿਚ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦਾ ਨੈੱਟਵਰਕ ਲੱਗਿਆ ਹੋਇਆ ਹੈ, ਜਿਸ ਨੂੰ ਲੱਖਾਂ ਯਤਨਾਂ ਦੇ ਬਾਵਜੂਦ ਵੀ ਪ੍ਰਸ਼ਾਸਨ ਤੋੜਨ ਵਿਚ ਅਸਮਰੱਥ ਰਿਹਾ ਹੈ | ਚਾਹੇ ਸਰਕਾਰ ਵਲੋਂ ਅਤੇ ਸਿਆਸੀ ਪਾਰਟੀਆਂ ਵਲੋਂ ਲਗਾਤਾਰ ਨਸ਼ਿਆਂ ਵਿਰੁੱਧ ਮੁਹਿੰਮਾਂ ਵਿੱਢੀਆਂ ਗਈਆਂ ਹਨ, ਪਰ ਇਨ੍ਹਾਂ ਦਾ ਅਸਰ ਇਕ ਹੱਦ ਤੱਕ ਹੀ ਸੀਮਤ ਰਿਹਾ ਹੈ, ਜਿਸ ਨੇ ਪ੍ਰਸ਼ਾਸਨ ਅਤੇ ਸਮਾਜ ਸਾਹਮਣੇ ਇਕ ਵੱਡੀ ਚੁਣੌਤੀ ਖੜ੍ਹੀ ਕੀਤੀ ਹੋਈ ਹੈ | ਹਾਲ ਦੀ ਘੜੀ ਇਸ ਵਿਗੜੇ ਪ੍ਰਬੰਧ ਨੂੰ ਠੀਕ ਕਰ ਸਕਣ ਦਾ ਤਰੀਕਾ ਅਸਫ਼ਲ ਹੀ ਸਿੱਧ ਹੋਇਆ ਹੈ, ਪਰ ਸਮਾਜ ਨੂੰ ਸਿਹਤਮੰਦ ਲੀਹਾਂ 'ਤੇ ਤੋਰਨ ਲਈ ਹਰ ਹੀਲੇ ਇਸ ਨੈੱਟਵਰਕ ਨੂੰ ਤੋੜਨ ਦੀ ਜ਼ਰੂਰਤ ਹੋਵੇਗੀ, ਜਿਸ ਵਿਚ ਸਮੁੱਚੇ ਸਮਾਜ ਦੀ ਸ਼ਮੂਲੀਅਤ ਹੋਣੀ ਵੀ ਜ਼ਰੂਰੀ ਹੈ |
-ਬਰਜਿੰਦਰ ਸਿੰਘ ਹਮਦਰਦ