ਬੇਲਫਾਸਟ, 26 ਜੂਨ (ਏਜੰਸੀ)-ਵਿਸ਼ਵ ਚੈਂਪੀਅਨ ਟੀਮ ਇੰਡੀਆ ਨੂੰ ਟੀ-20 ਸੀਰੀਜ਼ ਦੇ ਪਹਿਲੇ ਮੈਚ ’ਚ ਆਇਰਲੈਂਡ ਤੋਂ 34 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਹਿਲੀ ਵਾਰ ਹੈ ਜਦੋਂ ਆਇਰਲੈਂਡ ਨੇ ਅੰਤਰਰਾਸ਼ਟਰੀ ਕ੍ਰਿਕਟ ’ਚ ਭਾਰਤ ਨੂੰ ਹਰਾਇਆ ਹੈ। ਸਿਵਲ ਸਰਵਿਸ ਕ੍ਰਿਕਟ ਕਲੱਬ ’ਚ ਹੋਏ ਪਹਿਲੇ ਮੈਚ ’ਚ ਆਇਰਲੈਂਡ ਨੇ 9 ਵਿਕਟਾਂ ’ਤੇ 182 ਦੌੜਾਂ ਬਣਾਈਆਂ। ਸਟਾਰਾਂ ਨਾਲ ਭਰੀ ਭਾਰਤੀ ਬੱਲੇਬਾਜ਼ੀ ਲਾਈਨਅੱਪ 19ਵੇਂ ਓਵਰ ’ਚ 148 ਦੌੜਾਂ ’ਤੇ ਸਿਮਟ ਗਈ। ਆਇਰਲੈਂਡ ਨੇ ਹੁਣ 2 ਮੈਚਾਂ ਦੀ ਲੜੀ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਇਹ ਸ਼੍ਰੇਅਸ ਅਈਅਰ ਦਾ ਭਾਰਤੀ ਕਪਤਾਨ ਵਜੋਂ ਪਹਿਲਾ ਮੈਚ ਸੀ; ਉਸਨੂੰ ਸੂਰਿਆਕੁਮਾਰ ਯਾਦਵ ਤੋਂ ਪਹਿਲਾਂ ਕਪਤਾਨ ਨਿਯੁਕਤ ਕੀਤਾ ਗਿਆ ਸੀ, ਹਾਲਾਂਕਿ ਬਾਅਦ ਵਾਲੇ ਨੇ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਅੱਜ ਦੇ ਮੈਚ ’ਚ ਆਇਰਲੈਂਡ ਚੰਗੀ ਸ਼ੁਰੂਆਤ ਨਹੀਂ ਕਰ ਸਕਿਆ, 7.1 ਓਵਰਾਂ ’ਚ 51 ਦੌੜਾਂ ’ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ, ਕਪਤਾਨ ਲੋਰਕਨ ਟਕਰ ਤੇ ਗੈਰੇਥ ਡੇਲਾਨੀ ਨੇ ਪੰਜਵੀਂ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਕਰਕੇ ਇਕ ਵੱਡੇ ਸਕੋਰ ਦੀ ਨੀਂਹ ਰੱਖੀ। ਟਕਰ 36 ਗੇਂਦਾਂ ’ਤੇ 50 ਦੌੜਾਂ ਬਣਾ ਕੇ ਆਊਟ ਹੋਇਆ। ਡੇਲਾਨੀ ਨੇ ਜਾਰਜ ਡੌਕਰੇਲ ਨਾਲ ਛੇਵੀਂ ਵਿਕਟ ਲਈ 49 ਦੌੜਾਂ ਜੋੜੀਆਂ। ਡੌਕਰੇਲ 10 ਗੇਂਦਾਂ ’ਤੇ 19 ਦੌੜਾਂ ਬਣਾ ਕੇ ਆਊਟ ਹੋਇਆ, ਜਦੋਂ ਕਿ ਡੇਲਾਨੀ ਨੇ 32 ਗੇਂਦਾਂ ’ਤੇ 49 ਦੌੜਾਂ ਬਣਾਈਆਂ। ਆਇਰਲੈਂਡ ਨੇ ਆਪਣੇ 20 ਓਵਰ 9 ਵਿਕਟਾਂ ‘ਤੇ 182 ਦੌੜਾਂ ‘ਤੇ ਖਤਮ ਕੀਤੇ। ਭਾਰਤੀ ਟੀਮ ਨੇ ਦੂਜੇ ਓਵਰ ’ਚ ਸੰਜੂ ਸੈਮਸਨ ਨੂੰ ਵਿਕਟ ਗਵਾ ਦਿੱਤੀ। ਅਭਿਸ਼ੇਕ ਸ਼ਰਮਾ ਇਕ ਸਿਰੇ ‘ਤੇ ਤੇਜ਼ੀ ਨਾਲ ਸਕੋਰ ਕਰ ਰਿਹਾ ਸੀ, ਪਰ ਈਸ਼ਾਨ ਕਿਸ਼ਨ (1) ਤੇ ਸ਼੍ਰੇਅਸ ਅਈਅਰ (3) ਪ੍ਰਭਾਵ ਪਾਉਣ ’ਚ ਅਸਫਲ ਰਹੇ। ਅਭਿਸ਼ੇਕ ਨੇ 19 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ 20ਵੀਂ ਗੇਂਦ ‘ਤੇ ਆਊਟ ਹੋ ਗਿਆ। ਉਪ-ਕਪਤਾਨ ਤਿਲਕ ਵਰਮਾ 19 ਦੌੜਾਂ, ਵਾਸ਼ਿੰਗਟਨ ਸੁੰਦਰ 9 ਦੌੜਾਂ ਹੀ ਬਣਾ ਸਕੇ। ਭਾਰਤ ਲਈ ਕੋਈ ਹੋਰ ਬੱਲੇਬਾਜ਼ ਕੁੱਝ ਵਧੀਆ ਪ੍ਰਦਰਸ਼ਨ ਨਾ ਕਰ ਸਕੇ ਤੇ ਭਾਰਤੀ ਟੀਮ 19ਵੇਂ ਓਵਰ ’ਚ 148 ਦੌੜਾਂ ਹੀ ਬਣਾ ਪਾਈ।