ਲੰਡਨ, 16 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਸ਼ਰਨ ਲੈਣ ਲਈ ਸਮਲਿੰਗੀ ਹੋਣ ਦਾ ਦਾਅਵਾ ਕਰਨ ਵਾਲਿਆਂ 'ਚ ਬਹੁ ਗਿਣਤੀ ਪਾਕਿਸਤਾਨੀ ਤੇ ਬੰਗਲਾਦੇਸ਼ੀ ਨਾਗਰਿਕਾਂ ਦੀ ਹੈ | ਜਦਕਿ ਇਮੀਗ੍ਰੇਸ਼ਨ ਸਲਾਹਕਾਰਾਂ ਵਲੋਂ ਸਮਲਿੰਗੀ ਹੋਣ ਦਾ ਦਿਖਾਵਾ ਕਰਨ ਲਈ ਹਜ਼ਾਰਾਂ ਪੌਂਡ ਵਸੂਲੇ ਜਾ ਰਹੇ ਹਨ | ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਹੜੇ ਪ੍ਰਵਾਸੀਆਂ ਦੇ ਵੀਜ਼ੇ ਖ਼ਤਮ ਹੋਣ ਵਾਲੇ ਹੁੰਦੇ ਹਨ, ਉਨ੍ਹਾਂ ਵਲੋਂ ਜਾਅਲੀ ਕਹਾਣੀਆਂ ਤੇ ਮਨਘੜਤ ਸਬੂਤ ਬਣਾਏ ਜਾਂਦੇ ਹਨ | ਫਿਰ ਉਹ ਸਮਲਿੰਗੀ ਹੋਣ ਦਾ ਦਾਅਵਾ ਕਰਦੇ ਹੋਏ ਤੇ ਪਾਕਿਸਤਾਨ ਜਾਂ ਬੰਗਲਾਦੇਸ਼ ਵਾਪਸ ਆਉਣ 'ਤੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਸ਼ਰਨ ਲਈ ਅਰਜ਼ੀ ਦਿੰਦੇ ਹਨ | ਯੂ.ਕੇ. ਦੀ ਸ਼ਰਨ ਪ੍ਰਕਿਰਿਆ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਜੋ ਆਪਣੇ ਘਰੇਲੂ ਦੇਸ਼ਾਂ 'ਚ ਵਾਪਸ ਨਹੀਂ ਆ ਸਕਦੇ ਕਿਉਂਕਿ ਉਹ ਖ਼ਤਰੇ 'ਚ ਹੋਣਗੇ | ਜਾਂਚ 'ਚ ਪਤਾ ਲੱਗਾ ਹੈ ਕਿ ਇਕ ਕਾਨੂੰਨੀ ਫ਼ਰਮ ਨੇ ਇਕ ਝੂਠਾ ਸ਼ਰਨ ਦਾਅਵਾ ਬਣਾਉਣ ਲਈ 7,000 ਪੌਂਡ ਤੱਕ ਫ਼ੰਡ ਲਿਆ ਤੇ ਵਾਅਦਾ ਕੀਤਾ ਕਿ ਗ੍ਰਹਿ ਦਫ਼ਤਰ ਵਲੋਂ ਇਨਕਾਰ ਕਰਨ ਦੀ ਸੰਭਾਵਨਾ 'ਬਹੁਤ ਘੱਟ' ਸੀ | ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਇਮੀਗ੍ਰੇਸ਼ਨ ਢਾਂਚੇ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਗ੍ਰਹਿ ਵਿਭਾਗ ਨੇ ਕਿਹਾ ਕਿ ਕਿਸੇ ਵੀ ਫ਼ਰਜ਼ੀ ਸਮਲਿੰਗੀ ਬਿਨੈਕਾਰ ਨੂੰ ਬਿਨਾਂ ਦੇਰੀ ਦੇਸ਼ ਨਿਕਾਲਾ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ 2023 'ਚ 578 ਪਾਕਿਸਤਾਨੀ ਨਾਗਰਿਕਾਂ ਨੇ, 175 ਬੰਗਲਾਦੇਸ਼ ਨਾਗਰਿਕਾਂ ਨੇ, 105 ਨਾਈਜੀਰੀਅਨ ਤੇ 39 ਭਾਰਤੀਆਂ ਨੇ ਸਮਲਿੰਗੀ ਦੱਸ ਸ਼ਰਨ ਲਈ ਸੀ |