ਪੀਟਰ ਮੈਂਡੇਲਸਨ ਨੂੰ ਰਾਜਦੂਤ ਵਜੋਂ ਨਿਯੁਕਤ ਕਰਨ ਦੀ ਗਲਤੀ 'ਤੇ ਯੂ.ਕੇ. ਦੇ ਪ੍ਰਧਾਨ ਮੰਤਰੀ ਸਟਾਰਮਰ ਗੁੱਸੇ
ਅਜੀਤ ਡੈਸਕ
18-04-2026
ਲੰਡਨ, 17 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਉਹ ਇਕ ਸੁਰੱਖਿਆ ਗਲਤੀ 'ਤੇ 'ਗੁੱਸੇ' ਹਨ ਜਿਸਨੇ ਵਿਵਾਦਪੂਰਨ ਪੀਅਰ ਪੀਟਰ ਮੈਂਡੇਲਸਨ ਨੂੰ ਅਮਰੀਕਾ ਵਿਚ ਯੂ.ਕੇ. ਦੇ ਰਾਜਦੂਤ ਵਜੋਂ ਨਿਯੁਕਤ ਕਰਨ ਦੀ ਆਗਿਆ ਦਿੱਤੀ, ਜਿਸਨੂੰ ਬਾਅਦ 'ਚ ਦੋਸ਼ੀ ਠਹਿਰਾਏ ਗਏ ਜਿਣਸੀ ਅਪਰਾਧੀ ਜੈਫਰੀ ਐਪਸਟਾਈਨ ਨਾਲ ਸਬੰਧਾਂ ਕਾਰਨ ਬਰਖਾਸਤ ਕਰ ਦਿੱਤਾ ਗਿਆ ਸੀ | ਗਾਰਡੀਅਨ ਦੀ ਇਕ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਲਾਰਡ ਮੈਂਡੇਲਸਨ ਜੋ ਉੱਚ-ਪ੍ਰੋਫਾਈਲ ਸਰਕਾਰੀ ਨਿਯੁਕਤੀਆਂ ਲਈ ਕੀਤੀ ਜਾਣ ਵਾਲੀ ਲਾਜ਼ਮੀ ਸੁਰੱਖਿਆ ਜਾਂਚ ਵਿਚ ਵੀ ਅਸਫਲ ਰਹੇ ਸਨ | ਇਹ ਸਾਹਮਣੇ ਆਇਆ ਕਿ ਵਿਦੇਸ਼ੀ, ਰਾਸ਼ਟਰਮੰਡਲ ਤੇ ਵਿਕਾਸ ਦਫਤਰ ਨੇ ਪਿਛਲੇ ਸਾਲ ਨਿਯੁਕਤੀ ਨੂੰ ਹਰੀ ਝੰਡੀ ਦੇਣ ਲਈ ਉਸ ਜਾਂਚ ਨੂੰ ਰੱਦ ਕਰ ਦਿੱਤਾ ਸੀ | ਪ੍ਰਧਾਨ ਮੰਤਰੀ ਸਟਾਰਮਰ ਨੇ ਕਿਹਾ ਕਿ ਇਹ ਮੈਨੂੰ ਨਹੀਂ ਦੱਸਿਆ ਗਿਆ ਸੀ ਨਿਯੁਕਤੀ ਕਰਨ ਵੇਲੇ ਪੀਟਰ ਮੈਂਡੇਲਸਨ ਸੁਰੱਖਿਆ ਜਾਂਚ ਵਿਚ ਅਸਫਲ ਰਿਹਾ ਸੀ | ਸਟਾਰਮਰ, ਜੋ ਹੋਰਮੁਜ਼ ਜਲਡਮਰੂ ਨੂੰ ਸੁਰੱਖਿਅਤ ਕਰਨ ਲਈ ਇਕ ਰੱਖਿਆਤਮਕ ਯੋਜਨਾ 'ਤੇ ਸਹਿਮਤ ਹੋਣ ਲਈ ਇਕ ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਹਨ | ਜਿੱਥੇ ਉਹਨਾਂ ਨੂੰ ਇਹਨਾਂ ਸਵਾਲਾਂ ਦਾ ਸਹਮਣਾ ਕਰਨਾ ਪਿਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਸੰਸਦ ਨੂੰ ਦੱਸ ਰਿਹਾ ਸੀ ਕਿ ਢੁੱਕਵੀਂ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਸੀ ਤਾਂ ਮੈਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ ਸੁਰੱਖਿਆ ਜਾਂਚ ਵਿੱਚ ਅਸਫਲ ਰਿਹਾ ਸੀ, ਇਹ ਮੁਆਫ਼ ਕਰਨ ਯੋਗ ਨਹੀਂ ਹੈ | ਨਾ ਸਿਰਫ਼ ਮੈਨੂੰ ਦੱਸਿਆ ਗਿਆ, ਨਾ ਹੀ ਕਿਸੇ ਮੰਤਰੀ ਨੂੰ ਦੱਸਿਆ ਗਿਆ ਤੇ ਮੈਂ ਇਸ ਬਾਰੇ ਪੂਰੀ ਤਰ੍ਹਾਂ ਨਿਰਾਸ਼ਾ ਵਿਚ ਹਾਂ | ਉਹਨਾਂ ਕਿਹਾ ਕਿ ਮੈਂ ਸੋਮਵਾਰ ਨੂੰ ਸੰਸਦ ਵਿਚ ਜਾ ਕੇ ਸਾਰੇ ਸੰਬੰਧਿਤ ਤੱਥਾਂ ਨੂੰ ਪਾਰਦਰਸ਼ਤਾ ਨਾਲ ਪੇਸ਼ ਕਰਾਂਗਾ, ਤਾਂ ਜੋ ਸੰਸਦ ਕੋਲ ਪੂਰਾ ਸੱਚ ਹੋਵੇ | ਸਰਕਾਰ ਨੇ ਵਿਦੇਸ਼ ਦਫ਼ਤਰ ਦੇ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਵਿਭਾਗ ਦੇ ਸਭ ਤੋਂ ਉੱਚ ਸਿਵਲ ਸੇਵਕ ਸਰ ਓਲੀ ਰੌਬਿਨਸ ਨੂੰ ਬਰਖਾਸਤ ਕੀਤਾ ਹੈ | ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਅਤੇ ਸਟਾਰਮਰ ਦੇ ਆਪਣੇ ਲੇਬਰ ਪਾਰਟੀ ਦੇ ਕੁਝ ਸਾਥੀਆਂ ਨੇ ਦਾਅਵਿਆਂ ਦੀ ਭਰੋਸੇਯੋਗਤਾ 'ਤੇ ਸਵਾਲ ਉਠਾਏ ਹਨ | ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਪ੍ਰਧਾਨ ਮੰਤਰੀ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ |