ਲੰਡਨ, 17 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੇ 43 ਸਾਲਾ ਰਿਤੇਸ਼ ਪਟੇਲ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਨਿਊਪੋਰਟ ਕਰਾਊਨ ਕੋਰਟ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ | ਰਿਤੇਸ਼ ਇਕ ਸੰਗਠਿਤ ਅਪਰਾਧ ਸਮੂਹ (ਓ.ਸੀ.ਜੀ.) ਦਾ ਮੁੱਖੀ ਸੀ, ਜਿਸ ਨੂੰ ਅਕਤੂਬਰ 2025 ਵਿਚ ਥਾਈਲੈਂਡ ਤੋਂ ਹਵਾਲਗੀ ਤੋਂ ਬਾਅਦ ਯੂ.ਕੇ. ਲਿਆਂਦਾ ਗਿਆ ਸੀ | ਗਰੋਹ ਨੇ ਇੰਗਲੈਂਡ ਭਰ ਵਿਚ ਨਸ਼ੀਲੇ ਪਦਾਰਥਾਂ ਤੇ ਨਕਦੀ ਦੀ ਢੋਆ ਢੋਆਈ ਲਈ ਅਪਰਾਧਿਕ ਕੋਰੀਅਰਾਂ ਦੇ ਇਕ ਨੈਟਵਰਕ ਦੀ ਵਰਤੋਂ ਕੀਤੀ | ਦੱਸਣਯੋਗ ਹੈ ਕਿ ਗਰੋਹ ਦੇ 14 ਮੈਂਬਰਾਂ ਨੂੰ 17 ਅਕਤੂਬਰ 2022 ਨੂੰ 140 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ | ਜਦ ਕਿ ਉਸ ਸਮੇਂ ਪਟੇਲ ਦੇਸ਼ ਤੋਂ ਬਾਹਰ ਸੀ | 2 ਜੂਨ 2022 ਨੂੰ ਰਿਤੇਸ਼ ਪਟੇਲ ਵਿਰੁੱਧ ਦੋਸ਼ ਲਗਾਏ ਗਏ ਸਨ ਤੇ ਉਸੇ ਮਹੀਨੇ ਹੀ ਪਟੇਲ ਨੂੰ ਥਾਈਲੈਂਡ ਵਿਚ ਜਾਅਲੀ ਪਾਸਪੋਰਟ ਰੱਖਣ ਦੇ ਦੋਸ਼ ਵਿਚ ਗਿ੍ਫਤਾਰ ਕੀਤਾ ਗਿਆ ਸੀ | ਪਟੇਲ ਨੇ 30 ਲੱਖ ਪੌਂਡ ਦੀ 102 ਕਿਲੋ 50 ਗ੍ਰਾਮ ਕਲਾਸ 'ਏ' ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿਚ ਸ਼ਮੂਲੀਅਤ ਦੇ ਦੋਸ਼ ਮੰਨਣ ਤੋਂ ਬਾਅਦ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ |