ਲੰਡਨ, 14 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸਿਹਤ ਸਕੱਤਰ ਵੈਸ ਸਟ੍ਰੀਟਿੰਗ ਨੇ ਅਧਿਕਾਰਤ ਤੌਰ 'ਤੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜੋ ਕਿ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਸਰਕਾਰ ਲਈ ਇਕ ਵੱਡਾ ਝਟਕਾ ਹੈ | ਆਪਣੇ ਅਸਤੀਫ਼ੇ 'ਚ ਸਟ੍ਰੀਟਿੰਗ ਨੇ ਕਿਹਾ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚੋਂ ਭਰੋਸਾ ਉੱਠ ਗਿਆ ਹੈ | ਉਹਨਾਂ ਦਲੀਲ ਦਿੱਤੀ ਕਿ ਪ੍ਰਧਾਨ ਮੰਤਰੀ ਦਾ ਅਹੁਦੇ 'ਤੇ ਬਣੇ ਰਹਿਣਾ ਨਿਰਾਸ਼ਾਜਨਕ ਤੇ ਸਿਧਾਂਤਹੀਣ ਹੋਵੇਗਾ | ਜ਼ਿਕਰਯੋਗ ਹੈ ਕਿ ਇਹ ਅਸਤੀਫ਼ਾ ਬੁੱਧਵਾਰ ਨੂੰ ਸਟ੍ਰੀਟਿੰਗ ਤੇ ਸਟਾਰਮਰ ਵਿਚਕਾਰ ਹੋਈ ਇਕ ਅਹਿਮ ਮੀਟਿੰਗ ਤੋਂ ਬਾਅਦ ਆਇਆ ਹੈ, ਜੋ ਕਥਿਤ ਤÏਰ 'ਤੇ ਸਿਰਫ਼ 16 ਮਿੰਟ ਚੱਲੀ ਸੀ | ਸਟ੍ਰੀਟਿੰਗ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਕੋਲ ਕੋਈ ਦੂਰਦਰਸ਼ਤਾ ਨਹੀਂ ਹੈ ਤੇ ਇਹ ਸਹੀ ਦਿਸ਼ਾ ਦੀ ਬਜਾਏ ਭਟਕ ਰਹੀ ਹੈ | ਸਟ੍ਰੀਟਿੰਗ ਅਸਤੀਫ਼ਾ ਦੇਣ ਵਾਲੇ ਪਹਿਲੇ ਕੈਬਨਿਟ ਮੰਤਰੀ ਹਨ, ਪਰ ਉਹਨਾਂ ਤੋਂ ਪਹਿਲਾਂ ਇਸ ਹਫ਼ਤੇ 4 ਜੂਨੀਅਰ ਮੰਤਰੀਆਂ ਨੇ ਵੀ ਅਸਤੀਫ਼ੇ ਦਿੱਤੇ ਹਨ, ਜਿਨ੍ਹਾਂ ਵਿਚ ਜ਼ੁਬੀਰ ਅਹਿਮਦ, ਜੇਸ ਫਿਲਿਪਸ ਅਤੇ ਮਿਯਾਟਾ ਫਾਨਬੁਲੇਹ ਸ਼ਾਮਲ ਹਨ | ਪ੍ਰਧਾਨ ਮੰਤਰੀ ਇਸ ਵੇਲੇ ਅੰਦਰੂਨੀ ਬਗਾਵਤ ਦਾ ਸਾਹਮਣਾ ਕਰ ਰਹੇ ਹਨ ਤੇ ਖ਼ਬਰਾਂ ਅਨੁਸਾਰ 90 ਤੋਂ ਵੱਧ ਲੇਬਰ ਸੰਸਦ ਮੈਂਬਰ ਉਹਨਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ |