ਸਿਆਟਲ, 14 ਮਈ (ਹਰਮਨਪ੍ਰੀਤ ਸਿੰਘ)-ਅਮਰੀਕਾ-ਇਜ਼ਰਾਈਲ ਤੇ ਈਰਾਨ ਜੰਗ ਦੇ ਕਾਰਨ ਬਾਕੀ ਮੁਲਕਾਂ ਦੇ ਨਾਲ-ਨਾਲ ਇਸ ਵੇਲੇ ਅਮਰੀਕਾ ਵਿਚ ਵੀ ਮਹਿੰਗਾਈ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ | ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਿਹਾ ਬੇਤਹਾਸ਼ਾ ਵਾਧਾ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ | ਜਿਹੜਾ ਪੈਟਰੋਲ ਪਹਿਲਾਂ ਸਾਢੇ ਤਿੰਨ ਡਾਲਰ ਗੈਲਨ ਸੀ, ਹੁਣ ਉਹ ਤਕਰੀਬਨ ਸਾਢੇ ਛੇ-ਸੱਤ ਡਾਲਰ ਤੋਂ ਪਾਰ ਹੋ ਗਿਆ ਹੈ | ਡੀਜ਼ਲ ਦੀਆਂ ਕੀਮਤਾਂ ਵੀ ਦੁੱਗਣੀਆਂ ਤੋਂ ਜ਼ਿਆਦਾ ਹਨ | ਟਰਾਂਸਪੋਰਟ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਕਾਰਨ ਖਾਣ-ਪੀਣ ਤੇ ਕਰਿਆਨੇ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋ ਗਿਆ ਹੈ | ਭਾਰਤ ਸਮੇਤ ਦੂਸਰੇ ਮੁਲਕਾਂ ਤੋਂ ਆਉਣ ਵਾਲਾ ਖਾਣ-ਪੀਣ ਦਾ ਸਾਮਾਨ ਤੇ ਬਾਕੀ ਵਸਤੂਆਂ ਵਿਚ ਵੀ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਭਾਰਤੀ ਕਰਿਆਨੇ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ | ਭਾਰਤੀ ਕਰਿਆਨੇ ਦਾ ਥੋਕ ਕਾਰੋਬਾਰ ਕਰਨ ਵਾਲੇ ਡਿਸਟਰੀਬਿਊਟਰਾਂ ਨੇ ਕਿਹਾ ਕਿ ਉਨ੍ਹਾਂ ਨੇ ਵਾਧਾ ਤਾਂ ਕੀਤਾ ਹੈ ਪਰ ਹਿਸਾਬ ਨਾਲ, ਪਰ ਕਰਿਆਨੇ ਦੇ ਰਿਟੇਲ ਕਾਰੋਬਾਰੀਆਂ ਨੇ ਇਕਦਮ ਕੀਮਤਾਂ ਚੱਕ ਦਿੱਤੀਆਂ | ਪੈਟਰੋਲ ਦੀਆਂ ਵਧੀਆ ਕੀਮਤਾਂ ਕਾਰਨ ਲੋਕਾਂ ਦਾ ਰੁਝਾਨ ਹੁਣ ਇਲੈਕਟਿ੍ਕ ਵਾਹਨਾਂ ਵੱਲ ਵੱਧ ਰਿਹਾ ਹੈ, ਜਿਸ ਕਾਰਨ ਬੀਤੇ ਕੁਝ ਦਿਨਾਂ ਤੋਂ ਇਲੈਕਟਿ੍ਕ ਕਾਰਾਂ ਦੀ ਵਿਕਰੀ ਵਿਚ ਭਾਰੀ ਵਾਧਾ ਹੋ ਰਿਹਾ ਹੈ | ਮਹਿੰਗਾਈ ਵਧਣ ਕਾਰਨ ਰੈਸਟੋਰੈਂਟਾਂ ਦੇ ਖਾਣਿਆਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ |