ਲੰਡਨ, 14 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਜਾ ਚਾਰਲਸ ਦੇ ਜਨਮ ਦਿਨ ਮੌਕੇ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਸ਼ਾਹੀ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ ਹੈ | ਸ਼ਾਹੀ ਮਹੱਲ ਵੱਲੋਂ ਜਾਰੀ ਕੀਤੀ ਗਈ ਸੂਚੀ 'ਚ ਮਹਾਰਾਜਾ ਚਾਰਲਸ ਦੇ ਅੰਗ ਰੱਖਿਅਕ ਜਗਜੀਵਨ ਸਿੰਘ ਖੰਗੂੜਾ ਸਮੇਤ ਸਿਹਤ ਸੰਭਾਲ, ਫੈਸ਼ਨ, ਸਮਾਜ ਸੇਵਾ, ਰਾਸ਼ਟਰੀ ਸੁਰੱਖਿਆ, ਪੁਲਿਸਿੰਗ ਤੇ ਫੋਸਟਰ ਕੇਅਰ (ਬੱਚਿਆਂ ਦੀ ਪ੍ਰਵਰਿਸ਼) ਦੇ ਖੇਤਰਾਂ ਵਿਚੋਂ ਸਿੱਖਾਂ ਅਤੇ ਸਿੱਖ ਵਿਰਾਸਤ ਨਾਲ ਸਬੰਧਤ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ | ਇਨ੍ਹਾਂ ਸਨਮਾਨਿਤ ਹਸਤੀਆਂ 'ਚ ਜਗਜੀਵਨ ਸਿੰਘ ਖੰਗੂੜਾ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ਾਹੀ ਪਰਿਵਾਰ ਤੇ ਵਿਸ਼ੇਸ਼ ਸੁਰੱਖਿਆ ਦੇ ਖੇਤਰ 'ਚ ਸ਼ਾਨਦਾਰ ਸੇਵਾਵਾਂ ਬਦਲੇ ਮੈਂਬਰ ਆਫ਼ ਦ ਰਾਇਲ ਵਿਕਟੋਰੀਅਨ ਆਰਡਰ (ਐਮ.ਵੀ.ਓ.) ਵਜੋਂ ਨਿਵਾਜਿਆ ਗਿਆ ਹੈ | ਉਹ ਮੈਟਰੋਪੋਲੀਟਨ ਪੁਲਿਸ ਦੇ ਸਾਬਕਾ ਅਧਿਕਾਰੀ ਹਨ, ਜਿਨ੍ਹਾਂ ਨੇ ਕਈ ਸਾਲਾਂ ਤੱਕ ਚਾਰਲਸ ਤੀਜੇ ਦੀ ਸੁਰੱਖਿਆ ਕੀਤੀ | ਪਹਿਲਾਂ ਪਿ੍ੰਸ ਆਫ਼ ਵੇਲਜ਼ ਅਤੇ ਬਾਅਦ 'ਚ ਮਹਾਰਾਜਾ ਬਣਨ ਤੋਂ ਬਾਅਦ ਵੀ ਮਹਾਰਾਜੇ ਦੇ ਅੰਗ ਰੱਖਿਅਕ ਵਜੋਂ ਕੰਮ ਕਰਦੇ ਰਹੇ, ਹਾਲਾਂਕਿ ਉਨ੍ਹਾਂ ਦਾ ਨਾਮ ਕਈ ਸਾਲਾਂ ਤੱਕ ਗੁਪਤ ਰੱਖਿਆ ਗਿਆ ਸੀ | ਰਾਇਲਟੀ ਪ੍ਰੋਟੈਕਸ਼ਨ ਕਮਾਂਡ ਵਿੱਚ ਕੰਮ ਕਰਦਿਆਂ, ਉਨ੍ਹਾਂ ਨੇ ਵੱਡੇ ਜਨਤਕ ਅਤੇ ਅੰਤਰਰਾਸ਼ਟਰੀ ਦੌਰਿਆਂ ਦੌਰਾਨ ਸ਼ਾਹੀ ਪਰਿਵਾਰ ਦੇ ਨਾਲ ਪੂਰੀ ਗੁਪਤਤਾ ਵਿਚ ਰਹਿ ਕੇ ਸੇਵਾ ਨਿਭਾਈ | ਆਪਣੀ ਪੇਸ਼ੇਵਰਤਾ, ਅਗਵਾਈ ਤੇ ਸਮਝਦਾਰੀ ਲਈ ਜਗਜੀਵਨ ਸਿੰਘ ਆਪਣੇ ਬਿਹਤਰੀਨ ਪਹਿਰਾਵੇ ਤੇ ਪ੍ਰਭਾਵਸ਼ਾਲੀ ਦਿੱਖ ਲਈ ਵੀ ਜਾਣੇ ਜਾਂਦੇ ਸਨ | ਉਨ੍ਹਾਂ ਦੀ ਆਖਰੀ ਵੱਡੀ ਜ਼ਿੰਮੇਵਾਰੀ 2026 'ਚ ਅਮਰੀਕਾ ਤੇ ਬਰਮੂਡਾ ਦੇ ਸ਼ਾਹੀ ਦੌਰੇ ਦੌਰਾਨ ਸੀ, ਜਿਸ ਤੋਂ ਬਾਅਦ ਉਹ ਸੇਵਾਮੁਕਤ ਹੋ ਗਏ | ਜਗਜੀਵਨ ਸਿੰਘ ਨੇ ਕਿਹਾ ਕਿ ਮਹਾਰਾਜਾ ਦੀ ਸੁਰੱਖਿਆ ਵਿਚ ਕੰਮ ਕਰਨਾ ਮੇਰੇ ਲਈ ਇੱਕ ਮਾਣ ਦੀ ਗੱਲ ਰਹੀ ਹੈ | ਜਿਸਦੀ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ | ਜਗਜੀਵਨ ਸਿੰਘ ਲੁਧਿਆਣਾ ਜਿਲ੍ਹੇ ਨਾਲ ਸਬੰਧਿਤ ਹਨ | ਇਸ ਤੋਂ ਇਲਾਵਾ ਡਾਕਟਰ ਇੰਦਰਪਾਲ ਸਿੰਘ ਬਜ਼ੁਰਗਾਂ ਦੀਆਂ ਹੱਡੀਆਂ ਦੀ ਬਿਮਾਰੀ ਦੇ ਇਲਾਜ ਤੇ ਦੇਖਭਾਲ 'ਚ ਪਾਏ ਯੋਗਦਾਨ ਲਈ ਓ.ਬੀ.ਈ. ਨਾਲ ਸਨਮਾਨਿਤ ਕੀਤਾ ਗਿਆ ਹੈ | ਸਲੋਹ ਦੇ ਰਹਿਣ ਵਾਲੇ ਫੈਸ਼ਨ ਦੀ ਦੁਨੀਆ ਵਿੱਚ ਪਰਵਿੰਦਰ ਕੌਰ ਮਠਾਰੂ ਅਤੇ ਰਵਿੰਦਰ ਸਿੰਘ ਮਠਾਰੂ ਨੂੰ ਐਮ.ਬੀ.ਈ. ਨਾਲ ਨਿਵਾਜਿਆ ਗਿਆ ਹੈ | ਇਸ ਦੇ ਨਾਲ ਹੀ ਉਹ ਪਹਿਲੇ ਸਿੱਖ ਜੋੜਾ ਹੈ ਜਿਸ ਨੂੰ ਇੱਕੋ ਸਮੇਂ ਸ਼ਾਹੀ ਸਨਮਾਨ ਮਿਲਿਆ ਹੈ | ਬਿ੍ਸਟਲ ਦੇ ਈਸਟਸਾਈਡ ਕਮਿਊਨਿਟੀ ਟ੍ਰਸਟ ਵਿੱਚ ਕਮਿਊਨਿਟੀ ਕੁੱਕ ਨਿਰਮਲ ਸਿੰਘ ਨੂੰ ਬਿ੍ਸਟਲ 'ਚ ਸਮਾਜ ਸੇਵਾ ਲਈ ਬਿ੍ਟਿਸ਼ ਐਂਪਾਇਰ ਮੈਡਲ (ਬੀ.ਈ.ਐਮ.) ਦਾ ਸਨਮਾਨ ਮਿਲਿਆ ਹੈ | ਇਸ ਤੋਂ ਇਲਾਵਾ ਕੰਪੈਨੀਅਨ ਆਫ਼ ਦ ਆਰਡਰ ਆਫ਼ ਸੇਂਟ ਮਾਈਕਲ ਐਂਡ ਸੇਂਟ ਜਾਰਜ (ਸੀ.ਐਮ.ਜੀ.) ਦਾ ਸਨਮਾਨ ਸਰਬਜੀਤ ਸਿੰਘ ਉੱਪਲ ਨੂੰ ਵਿਦੇਸ਼ ਵਿਭਾਗ ਵਿਚ ਰਾਸ਼ਟਰੀ ਸੁਰੱਖਿਆ ਵਿਚ ਸੇਵਾਵਾਂ ਲਈ ਦਿੱਤਾ ਗਿਆ | ਸਤਬਿੰਦਰ ਬੈਂਸ ਨੂੰ ਬੱਚਿਆਂ ਦੀ ਦੇਖਭਾਲ ਲਈ ਐਮ.ਬੀ.ਈ. ਨਾਮ ਸਨਮਾਨਿਤ ਕੀਤਾ ਗਿਆ ਹੈ | ਇਸ ਦੇ ਨਾਲ ਹੀ ਪ੍ਰੋਫੈਸਰ ਸਰ ਪੈਟਰਿਕ ਫਿਲਿਪ ਵਰਨਨ ਨੂੰ ਨਸਲੀ ਸਮਾਨਤਾ ਦੇ ਖੇਤਰ ਵਿੱਚ ਸੇਵਾਵਾਂ ਲਈ ਓ.ਬੀ.ਈ., ਲੀਆ ਰਾਣੀ ਚੌਧਰੀ ਨੂੰ ਸਮਾਜ ਸੇਵਾ ਲਈ ਐਮ.ਬੀ.ਈ. ਤੇ ਅਲਪਾ ਨੂੰ ਸਾਬਕਾ ਸੈਨਿਕਾਂ ਦੀ ਭਲਾਈ ਲਈ ਬੀ.ਈ.ਐਮ. ਨਾਲ ਨਿਵਾਜਿਆ ਗਿਆ ਹੈ |
ਮਹਾਰਾਜਾ ਚਾਰਲਸ ਦੇ ਜਨਮ ਦਿਨ ਮੌਕੇ ਪੰਜਾਬੀਆਂ ਦਾ ਸ਼ਾਹੀ ਖਿਤਾਬਾਂ ਨਾਲ ਸਨਮਾਨ
ਅਜੀਤ ਡੈਸਕ
15-06-2026