ਸਕਾਟਲੈਂਡ ਦੀਆਂ ਜਣੇਪਾ ਸੇਵਾਵਾਂ ਦੀ ਦੇਸ਼ ਪੱਧਰੀ ਸੁਤੰਤਰ ਜਾਂਚ ਸ਼ੁਰੂ
ਏਸ਼ਿਆਈ ਤੇ ਕਾਲੀਆਂ ਮੂਲ ਦੀਆਂ ਮਾਵਾਂ ਦੀ ਸਿਹਤ ਤੇ ਪੇਂਡੂ ਇਲਾਕਿਆਂ ਵਿਚ ਮਿਲਦੀਆਂ ਸਹੂਲਤਾਂ ’ਤੇ ਰਹੇਗਾ ਖ਼ਾਸ ਧਿਆਨ ਗਲਾਸਗੋ, 6 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਪੜਤਾਲ ਕਰਨ ਲਈ ਦੇਸ਼ ਪੱਧਰੀ ਸੁਤੰਤਰ ਜਾਂਚ ਸ਼ੁਰੂ ਕੀਤੀ ਗਈ ਹੈ। ਜਾਂਚ ਦੌਰਾਨ ਖ਼ਾਸ ਤੌਰ ’ਤੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਜਣੇਪਾ ਸਹੂਲਤਾਂ ਦੇ ਨਾਲ-ਨਾਲ ਏਸ਼ਿਆਈ ਅਤੇ ਕਾਲੀਆਂ ਮੂਲ ਦੀਆਂ ਔਰਤਾਂ ਦੀ ਸਿਹਤ ਨਾਲ ਜੁੜੀਆਂ ਅਸਮਾਨਤਾਵਾਂ ਦੀ ਵੀ ਡੂੰਘਾਈ ਨਾਲ ਘੋਖ ਕੀਤੀ ਜਾਵੇਗੀ।
ਅਜੀਤ ਡੈਸਕ
07-10-2026
ਗਲਾਸਗੋ, 6 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਪੜਤਾਲ ਕਰਨ ਲਈ ਦੇਸ਼ ਪੱਧਰੀ ਸੁਤੰਤਰ ਜਾਂਚ ਸ਼ੁਰੂ ਕੀਤੀ ਗਈ ਹੈ। ਜਾਂਚ ਦੌਰਾਨ ਖ਼ਾਸ ਤੌਰ ’ਤੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਜਣੇਪਾ ਸਹੂਲਤਾਂ ਦੇ ਨਾਲ-ਨਾਲ ਏਸ਼ਿਆਈ ਅਤੇ ਕਾਲੀਆਂ ਮੂਲ ਦੀਆਂ ਔਰਤਾਂ ਦੀ ਸਿਹਤ ਨਾਲ ਜੁੜੀਆਂ ਅਸਮਾਨਤਾਵਾਂ ਦੀ ਵੀ ਡੂੰਘਾਈ ਨਾਲ ਘੋਖ ਕੀਤੀ ਜਾਵੇਗੀ। ਸਕਾਟਿਸ਼ ਸਰਕਾਰ ਅਨੁਸਾਰ ਇਸ ਸੁਤੰਤਰ ਜਾਂਚ ਦੀ ਅਗਵਾਈ ਪ੍ਰੋਫੈਸਰ ਕ੍ਰਿਸਟੀਨ ਮੈਕਕੋਰਟ ਕਰਨਗੇ। ਜਾਂਚ ਵਿਚ ਗਰਭ ਅਵਸਥਾ ਤੋਂ ਲੈ ਕੇ ਜਣੇਪੇ ਅਤੇ ਉਸ ਤੋਂ ਬਾਅਦ ਮਾਂ ਤੇ ਬੱਚੇ ਨੂੰ ਮਿਲਣ ਵਾਲੀ ਦੇਖਭਾਲ ਦਾ ਜਾਇਜ਼ਾ ਲਿਆ ਜਾਵੇਗਾ। ਇਸ ਦੌਰਾਨ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਤਜਰਬਿਆਂ ਦੇ ਨਾਲ ਡਾਕਟਰਾਂ, ਦਾਈਆਂ ਅਤੇ ਹੋਰ ਸਿਹਤ ਕਰਮਚਾਰੀਆਂ ਦੇ ਵਿਚਾਰ ਵੀ ਸੁਣੇ ਜਾਣਗੇ।ਇਸ ਦੇ ਨਾਲ ਹੀ ਏਸ਼ਿਆਈ ਅਤੇ ਕਾਲੀਆਂ ਔਰਤਾਂ ਵਿੱਚ ਮਾਵਾਂ ਦੀ ਮੌਤ ਅਤੇ ਮਾਤਾ ਸਿਹਤ ਦੇ ਨਤੀਜਿਆਂ ਵਿੱਚ ਸਾਹਮਣੇ ਆਉਂਦੀਆਂ ਅਸਮਾਨਤਾਵਾਂ ਵੀ ਜਾਂਚ ਦਾ ਅਹਿਮ ਹਿੱਸਾ ਹੋਣਗੀਆਂ। ਜਾਂਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਵੱਖ-ਵੱਖ ਭਾਈਚਾਰਿਆਂ ਦੀਆਂ ਔਰਤਾਂ ਨੂੰ ਸਿਹਤ ਸੇਵਾਵਾਂ ਹਾਸਲ ਕਰਨ ਜਾਂ ਇਲਾਜ ਦੌਰਾਨ ਕਿਸ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ। ਇਹ ਸੁਤੰਤਰ ਜਾਂਚ ਲਗਭਗ ਨੌਂ ਮਹੀਨੇ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਸਕਾਟਲੈਂਡ ਦੇ 18 ਵੱਡੇ ਜਣੇਪਾ ਕੇਂਦਰਾਂ ਦੀਆਂ ਸੇਵਾਵਾਂ ਬਾਰੇ ਕੀਤੀ ਜਾ ਰਹੀ ਪੜਤਾਲ ਤੋਂ ਮਿਲੀ ਜਾਣਕਾਰੀ ਨੂੰ ਵੀ ਵਿਚਾਰਿਆ ਜਾਵੇਗਾ। ਜਾਂਚ ਪੂਰੀ ਹੋਣ ਤੋਂ ਬਾਅਦ ਸਰਕਾਰ ਨੂੰ ਸਿਫ਼ਾਰਸ਼ਾਂ ਸੌਂਪੀਆਂ ਜਾਣਗੀਆਂ, ਜਿਨ੍ਹਾਂ ਦਾ ਮਕਸਦ ਸਕਾਟਲੈਂਡ ਵਿੱਚ ਹਰ ਮਾਂ ਅਤੇ ਨਵਜੰਮੇ ਬੱਚੇ ਲਈ ਸੁਰੱਖਿਅਤ, ਬਰਾਬਰ ਅਤੇ ਉੱਚ ਪੱਧਰੀ ਜਣੇਪਾ ਸੇਵਾਵਾਂ ਯਕੀਨੀ ਬਣਾਉਣਾ ਹੋਵੇਗਾ।