ਏ . ਆਈ . ਬਰਤਾਨੀਆ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਸਕਦੀ ਹੈ - ਐੱਮਆਈ -5 ਮੁਖੀ ਦੀ ਚਿਤਾਵਨੀ
ਏ.ਆਈ. ਦੀ ਮਦਦ ਨਾਲ ਅੱਤਵਾਦੀ ਜੈਵਿਕ ਹਥਿਆਰ ਵਿਕਸਤ ਕਰ ਸਕਦੇ ਹਨ
ਲੰਡਨ, 13 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਘਰੇਲੂ ਖੁਫ਼ੀਆ ਏਜੰਸੀ ਐੱਮ. ਆਈ.
ਲੰਡਨ, 13 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਘਰੇਲੂ ਖੁਫ਼ੀਆ ਏਜੰਸੀ ਐੱਮ.ਆਈ.-5 ਦੇ ਮੁਖੀ ਸਰ ਕੇਨ ਮੈਕਕਾਲਮ ਨੇ ਚਿਤਾਵਨੀ ਦਿੱਤੀ ਹੈ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਤੇਜ਼ੀ ਨਾਲ ਵਿਕਾਸ ਕਾਰਨ ਦੇਸ਼ ਦੀ ਕੌਮੀ ਸੁਰੱਖਿਆ ਸਾਹਮਣੇ ਨਵੇਂ ਤੇ ਗੰਭੀਰ ਖ਼ਤਰੇ ਪੈਦਾ ਹੋ ਰਹੇ ਹਨ । ਅੱਜ ਮੰਗਲਵਾਰ, 13 ਅਕਤੂਬਰ ਨੂੰ ਲੰਡਨ ਸਥਿਤ ਐੱਮ ਆਈ-5 ਦੇ ਮੁੱਖ ਦਫ਼ਤਰ ਥੇਮਜ਼ ਹਾਊਸ ਵਿਖੇ ਆਪਣੇ ਸਾਲਾਨਾ ਸੁਰੱਖਿਆ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਏ.ਆਈ. ਦੀ ਦੁਰਵਰਤੋਂ ਨਾਲ ਅੱਤਵਾਦੀ ਸੰਗਠਨਾਂ ਅਤੇ ਵਿਰੋਧੀ ਦੇਸ਼ਾਂ ਦੀ ਘਾਤਕ ਜੈਵਿਕ ਹਥਿਆਰ ਵਿਕਸਤ ਕਰਨ ਦੀ ਸਮਰੱਥਾ ਵਧ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੱਤਵਾਦੀ ਪਹਿਲਾਂ ਹੀ ਏ.ਆਈ. ਦੀ ਵਰਤੋਂ ਕਰਕੇ ਹਮਲਿਆਂ ਦੀਆਂ ਯੋਜਨਾਵਾਂ, ਨਿਸ਼ਾਨਿਆਂ ਦੀ ਜਾਣਕਾਰੀ ਇਕੱਠੀ ਕਰਨ ਅਤੇ ਹਮਲਿਆਂ ਦੇ ਤਰੀਕਿਆਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਏ.ਆਈ. ਨਾਲ ਚੱਲਣ ਵਾਲੇ ਡਰੋਨ ਵੀ ਸੁਰੱਖਿਆ ਏਜੰਸੀਆਂ ਲਈ ਇੱਕ ਨਵੀਂ ਚੁਣੌਤੀ ਬਣ ਰਹੇ ਹਨ। ਸਰ ਕੇਨ ਮੈਕਕਾਲਮ ਨੇ ਕਿਹਾ ਕਿ ਸਭ ਤੋਂ ਗੰਭੀਰ ਸੰਭਾਵੀ ਖ਼ਤਰਿਆਂ ਵਿੱਚੋਂ ਇਕ ਏ.ਆਈ. ਦੀ ਮਦਦ ਨਾਲ ਮੌਜੂਦਾ ਜੈਵਿਕ ਹਥਿਆਰਾਂ ਨੂੰ ਹੋਰ ਖ਼ਤਰਨਾਕ ਬਣਾਉਣਾ ਜਾਂ ਨਵੇਂ ਜੈਵਿਕ ਹਥਿਆਰ ਵਿਕਸਤ ਕਰਨਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹਾ ਖ਼ਤਰਾ ਅਜੇ ਹਕੀਕਤ ’ਚ ਸਾਹਮਣੇ ਨਹੀਂ ਆਇਆ। ਐੱਮ ਆਈ-5 ਮੁਖੀ ਨੇ ਐਲਾਨ ਕੀਤਾ ਕਿ ਸਾਲ 2026 ਵਿੱਚ ਏ.ਆਈ. ਥ੍ਰੈੱਟ ਅਸੈੱਸਮੈਂਟ ਸੈਂਟਰ ਨਾਂਅ ਦਾ ਨਵਾਂ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਹ ਕੇਂਦਰ ਕੌਮੀ ਅਪਰਾਧ ਏਜੰਸੀ, ਕੌਮੀ ਸਾਈਬਰ ਸੁਰੱਖਿਆ ਕੇਂਦਰ ਅਤੇ ਏ.ਆਈ. ਸੁਰੱਖਿਆ ਸੰਸਥਾ ਦੇ ਮਾਹਿਰਾਂ ਨਾਲ ਮਿਲ ਕੇ ਉੱਭਰ ਰਹੇ ਖ਼ਤਰਿਆਂ ਦਾ ਮੁਲਾਂਕਣ ਕਰੇਗਾ। ਉਨ੍ਹਾਂ ਇੱਕ ਹੋਰ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਸੁਪਰ ਇੰਟੈਲੀਜੈਂਸ ਵਿਕਸਤ ਹੋਣ ਦੀ ਸੰਭਾਵਨਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਜੋ ਮਨੁੱਖਾਂ ਨਾਲੋਂ ਵੱਧ ਸਮਝਦਾਰ ਹੋਵੇ ਅਤੇ ਆਪਣੇ ਫ਼ੈਸਲੇ ਖ਼ੁਦ ਕਰਨ ਦੀ ਸਮਰੱਥਾ ਰੱਖਦੀ ਹੋਵੇ। ਮੈਕਕਾਲਮ ਨੇ ਕਿਹਾ ਕਿ ਮਨੁੱਖੀ ਇਤਿਹਾਸ ਵਿੱਚ ਅਜੇ ਤੱਕ ਅਜਿਹਾ ਕੋਈ ਤਜਰਬਾ ਨਹੀਂ ਹੋਇਆ, ਜਿੱਥੇ ਮਨੁੱਖ ਨੂੰ ਆਪਣੇ ਨਾਲੋਂ ਵੱਧ ਬੁੱਧੀਮਾਨ ਅਤੇ ਸੋਚਣ ਦੀ ਸਮਰੱਥਾ ਵਾਲੀ ਸ਼ਕਤੀ ਦਾ ਸਾਹਮਣਾ ਕਰਨਾ ਪਿਆ ਹੋਵੇ। ਉਨ੍ਹਾਂ ਕਿਹਾ ਕਿ ਏ ਆਈ ਦੇ ਵਿਕਾਸ ਨਾਲ ਸਿਰਫ਼ ਖ਼ਤਰੇ ਹੀ ਨਹੀਂ ਵਧ ਰਹੇ, ਸਗੋਂ ਇਸ ਤਕਨੀਕ ਰਾਹੀਂ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਵੇਂ ਮੌਕੇ ਵੀ ਪੈਦਾ ਹੋ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਸੁਰੱਖਿਆ ਏਜੰਸੀਆਂ ਇਸ ਤਕਨੀਕ ਦੀ ਦੁਰਵਰਤੋਂ ਕਰਨ ਵਾਲਿਆਂ ਤੋਂ ਇੱਕ ਕਦਮ ਅੱਗੇ ਰਹਿਣ।