ਇੰਡੋਨੇਸ਼ੀਆ ’ਚ ਭਾਰਤ ਦੀ ਨਵੀਂ ‘ਏ.ਆਈ. ਡਿਪਲੋਮੈਟ’ ਹੈ ‘ਦੇਵੀ’
ਜਕਾਰਤਾ, 17 ਅਕਤੂਬਰ (ਇੰਟ.) -ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਭਾਰਤੀ ਦੂਤਘਰ ਨੇ ਡਿਜੀਟਲ ਕੂਟਨੀਤੀ ’ਚ ਨਿਵੇਕਲੀ ਸ਼ੁਰੂਆਤ ਕੀਤੀ ਹੈ ।
ਜਕਾਰਤਾ, 17 ਅਕਤੂਬਰ (ਇੰਟ.)-ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਭਾਰਤੀ ਦੂਤਘਰ ਨੇ ਡਿਜੀਟਲ ਕੂਟਨੀਤੀ ’ਚ ਨਿਵੇਕਲੀ ਸ਼ੁਰੂਆਤ ਕੀਤੀ ਹੈ । ਇਸ ਨੇ ਆਪਣਾ ਨਵਾਂ ਡਿਜੀਟਲ ਚਿਹਰਾ ‘ਦੇਵੀ’, ਜੋ ਇਕ ‘ਆਰਟੀਫੀਸ਼ੀਅਲ ਇੰਟੈਲੀਜੈਂਸ’ (ਏ.ਆਈ.) ਅਵਤਾਰ ਹੈ, ਪੇਸ਼ ਕੀਤਾ ਹੈ, ਜੋ ਭਾਰਤੀ ਸੱਭਿਆਚਾਰ ਅਤੇ ਯਾਤਰਾ ਤੋਂ ਲੈ ਕੇ ਸਕਾਲਰਸ਼ਿਪ, ਵਪਾਰਕ ਮੌਕਿਆਂ ਅਤੇ ਕੌਂਸਲਰ ਸੇਵਾਵਾਂ ਤੱਕ ਹਰ ਚੀਜ਼ ਬਾਰੇ ਉਤਸੁਕ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੀ ਹੈ।ਨਵਰਾਤਰੇ ਅਤੇ ਦੁਰਗਾ ਪੂਜਾ ਦੇ ਤਿਉਹਾਰਾਂ ਦੌਰਾਨ ਲਾਂਚ ਕੀਤਾ ਗਿਆ ਏ.ਆਈ. ਅਵਤਾਰ ਦਾ ਐਲਾਨ ਦੂਤਘਰ ਵਲੋਂ ‘ਐਕਸ’ ਪੋਸਟ ਵਿਚ ਕੀਤਾ ਗਿਆ।ਇੰਡੋਨੇਸ਼ੀਆ ਵਿਚ ਭਾਰਤ ਦੇ ਰਾਜਦੂਤ ਸੰਦੀਪ ਚੱਕਰਵਰਤੀ ਨੇ ਵੀ ‘ਐਕਸ’ ਉਤੇ ਪਹਿਲਕਦਮੀ ਦਾ ਸਵਾਗਤ ਕਰਦੇ ਹੋਏ ਲਿਖਿਆ ਕਿ ‘ਨਵਰਾਤਰੀ ਅਤੇ ਦੁਰਗਾ ਪੂਜਾ ਦੇ ਸ਼ੁਭ ਮੌਕੇ ਸਾਡਾ ਏ.ਆਈ. ਅਵਤਾਰ ‘ਦੇਵੀ’ ਆਪਣੇ ‘ਫਾਲੋਵਰਸ’ ਦੇ ਮਾਰਗਦਰਸ਼ਨ ਲਈ ਆ ਗਈ ਹੈ। ‘ਦੇਵੀ’ ਅੰਗਰੇਜ਼ੀ ਅਤੇ ਬਹਾਸਾ (ਇੰਡੋਨੇਸ਼ੀਆਈ) ਵਿਚ ਵੇਰਵੇ ਸਾਂਝੇ ਕਰੇਗੀ, ਜਿਸ ਨਾਲ ਭਾਰਤ ਬਾਰੇ ਜਾਣਨ ਦੇ ਇੱਛਕ ਭਾਰਤੀਆਂ ਅਤੇ ਇੰਡੋਨੇਸ਼ੀਆਈ ਲੋਕਾਂ ਲਈ ਦੇਸ਼ ਬਾਰੇ ਜਾਣਨਾ ਆਸਾਨ ਹੋ ਜਾਵੇਗਾ।ਦੂਤਘਰ ਦੇ ਇਸ ਵਿਲੱਖਣ ਤਰੀਕੇ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਕ ‘ਯੂਜਰ’ ਨੇ ਲਿਖਿਆ ਕਿ ਸਰਕਾਰੀ ਸੇਵਾਵਾਂ ਵਿਚ ਏ.ਆਈ. ਦੀ ਵਰਤੋਂ ਕਰਨ ਦਾ ਇਹ ਸਭ ਤੋਂ ਵਧੀਆ ਵਿਹਾਰਕ ਤਰੀਕਾ ਹੈ।