ਅਮਰੀਕੀਆਂ ਤੋਂ 160 ਤੇ ਬਰਤਾਨਵੀ ਨਾਗਰਿਕਾਂ ਤੋਂ 484 ਡਾਲਰ ਦੀ ਕੀਤੀ ਜਾ ਰਹੀ ਵਸੂਲੀ-ਗਿੱਲ
ਲੈਸਟਰ (ਇੰਗਲੈਂਡ), 17 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਨੇ ਭਾਰਤ ਸਰਕਾਰ ਵਲੋਂ ਬਰਤਾਨਵੀ ਅਤੇ ਅਮਰੀਕੀ ਪਾਸਪੋਰਟ ਧਾਰਕਾਂ ਲਈ ਪੰਜ ਸਾਲਾ ਈ-ਟੂਰਿਸਟ ਵੀਜ਼ੇ ਦੀਆਂ ਫੀਸਾਂ ਵਿਚ ਰੱਖੇ ਗਏ ਵੱਡੇ ਫ਼ਰਕ ’ਤੇ ਗੰਭੀਰ ਸਵਾਲ ਉਠਾਉਂਦਿਆਂ ਵਿਦੇਸ਼ ਮੰਤਰੀ ਡਾ. ਐੱਸ . ਜੈਸ਼ੰਕਰ ਤੋਂ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਉਣ ਅਤੇ ਬਰਤਾਨਵੀ ਨਾਗਰਿਕਾਂ ਤੋਂ ਵਾਧੂ ਵਸੂਲੀ ਗਈ ਰਕਮ ਵਾਪਸ ਕਰਨ ਦੀ ਮੰਗ ਕੀਤੀ ਹੈ। ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਅਤੇ ਇਸ ਦੀ ਲੈਸਟਰਸ਼ਾਇਰ ਬ੍ਰਾਂਚ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਸਰਕਾਰ ਦੀ ਪ੍ਰਕਾਸ਼ਿਤ ਵੀਜ਼ਾ ਫੀਸ ਸੂਚੀ ਅਨੁਸਾਰ ਪੰਜ ਸਾਲਾ ਈ-ਟੂਰਿਸਟ ਵੀਜ਼ੇ ਲਈ ਅਮਰੀਕੀ ਪਾਸਪੋਰਟ ਧਾਰਕਾਂ ਤੋਂ 160 ਅਮਰੀਕੀ ਡਾਲਰ, ਜਦਕਿ ਬਰਤਾਨਵੀ ਪਾਸਪੋਰਟ ਧਾਰਕਾਂ ਤੋਂ 484 ਅਮਰੀਕੀ ਡਾਲਰ ਵਸੂਲੇ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਵੀਜ਼ਾ ਇਕੋ ਕਿਸਮ ਦਾ ਅਤੇ ਮਿਆਦ ਵੀ ਇਕੋ ਜਿਹੀ ਹੈ ਤਾਂ ਬਰਤਾਨਵੀ ਨਾਗਰਿਕਾਂ ਨੂੰ 324 ਡਾਲਰ ਵੱਧ ਕਿਉਂ ਅਦਾ ਕਰਨੇ ਪੈ ਰਹੇ ਹਨ? ਗਿੱਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ 30 ਦਿਨਾਂ ਅਤੇ ਇਕ ਸਾਲ ਦੇ ਈ-ਟੂਰਿਸਟ ਵੀਜ਼ਿਆਂ ਲਈ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੀਆਂ ਫੀਸਾਂ ਇਕੋ ਜਿਹੀਆਂ ਹਨ ਪਰ ਪੰਜ ਸਾਲਾ ਵੀਜ਼ੇ ਲਈ ਬਰਤਾਨਵੀ ਨਾਗਰਿਕਾਂ ਤੋਂ ਤਿੰਨ ਗੁਣਾ ਤੋਂ ਵੀ ਵੱਧ ਰਕਮ ਵਸੂਲੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵੀਜ਼ਾ ਫੀਸ ਬਿਨੈਕਾਰ ਦੇ ਪਾਸਪੋਰਟ ਦੀ ਨਾਗਰਿਕਤਾ ਦੇ ਆਧਾਰ ’ਤੇ ਨਿਰਧਾਰਤ ਹੁੰਦੀ ਹੈ, ਨਾ ਕਿ ਅਰਜ਼ੀ ਦੇਣ ਵਾਲੇ ਦੇਸ਼ ਦੇ ਆਧਾਰ ’ਤੇ। ਇਸ ਲਈ ਬਰਤਾਨਵੀ ਪਾਸਪੋਰਟ ਧਾਰਕ ਅਮਰੀਕਾ ਤੋਂ ਅਰਜ਼ੀ ਦੇਵੇ ਤਾਂ ਵੀ ਉਸ ਨੂੰ ਵੱਧ ਫੀਸ ਹੀ ਭਰਨੀ ਪਵੇਗੀ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਫ਼ਰਕ ਕਿਸੇ ਦਫ਼ਤਰੀ ਜਾਂ ਪ੍ਰਸ਼ਾਸਕੀ ਗ਼ਲਤੀ ਦਾ ਨਤੀਜਾ ਹੈ ਜਾਂ ਜਾਣਬੁੱਝ ਕੇ ਬਣਾਈ ਗਈ ਸਰਕਾਰੀ ਨੀਤੀ ਦਾ ਹਿੱਸਾ। ਜੇਕਰ ਇਹ ਗ਼ਲਤੀ ਹੈ ਤਾਂ ਇਸ ਨੂੰ ਤੁਰੰਤ ਦਰੁਸਤ ਕਰਕੇ ਪ੍ਰਭਾਵਿਤ ਲੋਕਾਂ ਦੇ ਪੈਸੇ ਵਾਪਸ ਕੀਤੇ ਜਾਣ ਅਤੇ ਜੇਕਰ ਇਹ ਸਰਕਾਰੀ ਨੀਤੀ ਹੈ ਤਾਂ ਇਸ ਦੇ ਕਾਰਨ ਜਨਤਕ ਕੀਤੇ ਜਾਣ।