29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

17-04-26

Ad Position 21
No active advertisement
ਅਜੀਤ ਡੈਸਕ 17-04-2026

 ਛੋਟੇ ਜ਼ਿਮੀਂਦਾਰ
ਛੋਟੇ ਜ਼ਿਮੀਂਦਾਰ (ਕਿਸਾਨ) ਭਾਰਤ ਦੀ ਖੇਤੀਬਾੜੀ ਦਾ ਅਹਿਮ ਹਿੱਸਾ ਹਨ। ਜਿਨ੍ਹਾਂ ਕੋਲ ਥੋੜ੍ਹੀ ਜ਼ਮੀਨ ਹੁੰਦੀ ਹੈ, ਘੱਟ ਜ਼ਮੀਨ ਹੋਣ ਕਰਕੇ ਉਨ੍ਹਾਂ ਦੀ ਆਮਦਨ ਵੀ ਸੀਮਤ ਹੁੰਦੀ ਹੈ। ਇਸ ਲਈ ਇਨ੍ਹਾਂ ਦੀ ਜ਼ਿੰਦਗੀ ਆਸਾਨ ਨਹੀਂ ਹੁੰਦੀ, ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਵੀ ਮੁਸ਼ਕਿਲ ਆਉਂਦੀ ਹੈ। ਮੌਸਮ ਵਿਚ ਆਉਣ ਵਾਲੀਆਂ ਅਚਾਨਕ ਤਬਦੀਲੀਆਂ ਜਿਵੇਂ ਕਿ ਬੇਮੌਸਮੀ ਬਾਰਿਸ਼, ਸੋਕਾ ਆਦਿ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਜਿਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਬੀਜ, ਖਾਦਾਂ ਤੇ ਸਿੰਚਾਈ ਦੇ ਸਾਧਨਾਂ ਦੀ ਵਧਦੀਆਂ ਕੀਮਤਾਂ ਵੀ ਜਿਮੀਦਾਰਾਂ ਲਈ ਵੱਡੀ ਚੁਣੌਤੀ ਹਨ। ਕਈ ਕਿਸਾਨ ਕਰਜ਼ਾ ਲੈ ਕੇ ਖੇਤੀ ਕਰਦੇ ਹਨ, ਪਰ ਜੇਕਰ ਫਸਲ ਚੰਗੀ ਨਾ ਹੋਵੇ, ਮੌਸਮ ਦੇ ਕਾਰਨ ਖਰਾਬ ਹੋਵੇ ਜਾਂ ਮੰਡੀ ਵਿਚ ਠੀਕ ਭਾਅ ਨਾ ਮਿਲੇ ਤਾਂ ਕਰਜ਼ਾ ਚੁਕਾਉਣਾ ਔਖਾ ਹੋ ਜਾਂਦਾ ਹੈ ਤੇ ਕਈ ਛੋਟੇ ਜਿਮੀਂਦਾਰ ਤਾਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਤੱਕ ਕਰ ਲੈਂਦੇ ਹਨ। ਜਿਸ ਨਾਲ ਉਨ੍ਹਾਂ ਦੇ ਪਰਿਵਾਰ ਤੇ ਹੋਰ ਵੀ ਦੁਖੀ ਹੁੰਦੇ ਹਨ। ਇਸ ਲਈ ਸਰਕਾਰ ਵਲੋਂ ਵਧੀਆ ਨੀਤੀਆਂ, ਸਸਤੇ ਕਰਜੇ, ਬੀਮਾ ਯੋਜਨਾਵਾਂ ਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਵੇ ਤਾਂ ਜੋ ਛੋਟੇ ਜ਼ਿਮੀਂਦਾਰਾਂ ਦੀ ਜ਼ਿੰਦਗੀ ਵਿਚ ਸੁਧਾਰ ਆ ਸਕੇ।

-ਅਵਨੀਤ ਕੌਰ,
ਨੌਧਰਾਣੀ (ਮਲੇਰਕੋਟਲਾ)

ਭੈ ਕਾਹੂ ਕਉ ਦੇਤ ਨਹਿ

ਸਿੱਖ ਧਰਮ ਅਤੇ ਸਿੱਖ ਸਿਧਾਂਤ ਮਨੁੱਖਤਾ ਦੀ ਸੇਵਾ ਕਰਨ ਦੇ ਨਾਲ-ਨਾਲ ਬੇਇਨਸਾਫ਼ੀ ਦੇ ਵਿਰੁੱਧ ਹੈ। ਸਰਬ ਸਾਂਝੀਵਾਲਤਾ ਅਤੇ ਗਰੀਬ ਮਜ਼ਲੂਮ ਦੇ ਹੱਕ ਵਿਚ ਖੜ੍ਹਨਾ ਸਿੱਖ ਸਿਧਾਂਤ ਹੈ। ਨੌਵੇਂ ਨਾਨਕ ਇਸ ਦੀ ਇਲਾਹੀ ਮਿਸਾਲ ਬਣੇ ਸਨ। ਜੇਕਰ ਪਹਿਲੇ ਗੁਰੂ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਮਨ੍ਹਾ ਕੀਤਾ, ਤਾਂ ਨੌਵੇਂ ਜਾਮੇ ਚ ਇਸ ਦੀ ਰੱਖਿਆ ਵੀ ਕੀਤੀ। 'ਜੀਓ ਅਤੇ ਜੀਊਣ ਦਿਓ ਹਰ ਬੰਦੇ ਨੂੰ' ਵਾਲੀ ਸੋਚ ਨਾਲ ਨੌਵੇਂ ਪਾਤਿਸ਼ਾਹ ਨੇ ਹੁਕਮ ਕੀਤਾ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥ ਸੱਚ ਉੱਤੇ ਪਹਿਰਾ ਦੇ ਕੇ ਨਾ ਡਰਨਾ ਨਾ ਹੀ ਡਰਾਉਣਾ ਹੈ। ਇਹ ਸਿਰਫ਼ ਤਾਂ ਹੀ ਸੰਭਵ ਹੈ ਜੇ ਮਨੁੱਖ ਨੂੰ ਆਤਮਿਕ ਗਿਆਨ ਹੋ ਜਾਵੇ। ਇਸ ਦਾ ਸਾਰਾਂਸ਼ ਅਤੇ ਬੁਨਿਆਦ ਇਸ ਬਾਣੀ ਵਿਚ ਮਿਲਦਾ ਹੈ, ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ॥

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ

ਆਧੁਨਿਕ ਜੀਵਨ ਦੇ ਲਾਭ ਤੇ ਨੁਕਸਾਨ

ਆਧੁਨਿਕ ਜੀਵਨ ਮਨੁੱਖ ਲਈ ਅਨੇਕਾਂ ਸੁਵਿਧਾਵਾਂ ਅਤੇ ਤਰੱਕੀ ਲੈ ਕੇ ਆਇਆ ਹੈ। ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਕਾਫੀ ਆਸਾਨ ਹੋ ਗਈ ਹੈ। ਆਵਾਜਾਈ ਦੇ ਸਾਧਨਾਂ ਨੇ ਦੂਰੀਆਂ ਘੱਟ ਕਰ ਦਿੱਤੀਆਂ ਹਨ ਅਤੇ ਸੰਚਾਰ ਦੇ ਮਾਧਿਅਮਾਂ ਨੇ ਪੂਰੀ ਦੁਨੀਆਂ ਨੂੰ ਇਕ ਪਿੰਡ ਵਾਂਗ ਬਣਾ ਦਿੱਤਾ ਹੈ। ਸਿੱਖਿਆ ਦੇ ਖੇਤਰ ਵਿਚ ਵੀ ਮਹੱਤਵਪੂਰਨ ਸੁਧਾਰ ਆਏ ਹਨ ਜਿਸ ਨਾਲ ਲੋਕ ਹੋਰ ਜਾਗਰੂਕ ਅਤੇ ਸੂਝਵਾਨ ਬਣੇ ਹਨ। ਚਿਕਿਤਸਾ ਖੇਤਰ ਵਿਚ ਨਵੀਆਂ ਦਵਾਈਆਂ ਅਤੇ ਇਲਾਜਾਂ ਨੇ ਮਨੁੱਖੀ ਜੀਵਨ ਦੀ ਆਯੂ ਵਿਚ ਵਾਧਾ ਕੀਤਾ ਹੈ ਅਤੇ ਬਿਮਾਰੀਆਂ ਤੋਂ ਬਚਾਅ ਨੂੰ ਆਸਾਨ ਬਣਾਇਆ ਹੈ। ਕੁੱਲ ਮਿਲਾ ਕੇ ਆਧੁਨਿਕ ਜੀਵਨ ਸਹੂਲਤਾਂ ਨਾਲ ਭਰਪੂਰ ਹੈ, ਜਿਸ ਨਾਲ ਮਨੁੱਖ ਦਾ ਸਮਾਂ ਅਤੇ ਮਿਹਨਤ ਦੋਵੇਂ ਬਚਦੇ ਹਨ। ਪਰ ਇਸ ਦੇ ਨਾਲ ਹੀ ਆਧੁਨਿਕ ਜੀਵਨ ਦੇ ਕੁਝ ਨੁਕਸਾਨ ਵੀ ਹਨ। ਬਹੁਤ ਜ਼ਿਆਦਾ ਮਸ਼ੀਨੀਕਰਨ ਕਾਰਨ ਮਨੁੱਖ ਦੀ ਸਰੀਰਕ ਸਰਗਰਮੀ ਘੱਟ ਹੋ ਗਈ ਹੈ, ਜਿਸ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਵਧ ਰਹੀਆਂ ਹਨ। ਜੀਵਨ ਦੀ ਤੇਜ਼ ਰਫ਼ਤਾਰ ਕਾਰਨ ਲੋਕ ਤਣਾਅ ਅਤੇ ਚਿੰਤਾ ਦਾ ਸ਼ਿਕਾਰ ਹੋ ਰਹੇ ਹਨ। ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਵੀ ਕਮਜ਼ੋਰ ਹੋ ਰਹੇ ਹਨ, ਕਿਉਂਕਿ ਲੋਕ ਇਕ-ਦੂਜੇ ਨਾਲ ਘੱਟ ਸਮਾਂ ਬਿਤਾਉਂਦੇ ਹਨ।

-ਸਤਵਿੰਦਰ ਕੌਰ ਮੱਲੇਵਾਲ

ਆਪਣੀ ਹਊਮੈ ਨੂੰ ਮਾਰੇ ਮਨੁੱਖ

ਇਨਸਾਨੀ ਬਿਰਤੀ ਹਊਮੈ ਨੂੰ ਪੱਠੇ ਪਾਉਣ ਵਾਲੀ ਹੈ। ਪਤਾ ਨਹੀਂ ਕਿਉਂ ਸਭ ਕੁਝ ਪਤਾ ਹੁੰਦੇ ਹੋਏ ਵੀ ਮਨੁੱਖ ਆਪਣੀ ਹਊਮੈ 'ਤੇ ਕਾਬੂ ਨਹੀਂ ਪਾਉਂਦਾ, ਜਿਸ ਨਾਲ ਉਸ ਦੇ ਜੀਵਨ ਵਿਚ ਸੁੱਖ ਸ਼ਾਂਤੀ ਦੀ ਬਜਾਏ ਦੁੱਖਾਂ ਦਾ ਆਉਣਾ ਸੁਭਾਵਿਕ ਹੈ। ਅਮਰੀਕਾ, ਇਜ਼ਰਾਈਲ ਤੇ ਈਰਾਨ 'ਚ ਛਿੜੀ ਜੰਗ ਵੀ ਮਨੁੱਖੀ ਹਊਮੈ ਨੂੰ ਉਜਾਗਰ ਕਰਦੀ ਗਈ। ਬੇਸ਼ੱਕ ਅਮਰੀਕਾ ਈਰਾਨ ਦੇ ਤੇਲ ਭੰਡਾਰ 'ਤੇ ਕਬਜ਼ਾ ਕਰਕੇ ਉਸ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨਾ ਚਾਹੁੰਦਾ ਹੈ ਪਰ ਇਹ ਅਸਲ 'ਚ ਹਊਮੈ ਹੀ ਹੈ। ਇਸੇ ਤਰ੍ਹਾਂ ਜੇ ਅਸੀਂ ਆਮ ਜਨਜੀਵਨ 'ਚ ਵੀ ਨਜ਼ਰ ਮਾਰੀਏ ਤਾਂ ਇਹ ਵਰਤਾਰਾ ਤੁਹਾਨੂੰ ਖ਼ੁਦ-ਬ-ਖ਼ੁਦ ਨਜ਼ਰੀਂ ਪਵੇਗੀ। ਇਹੀ ਕਾਰਨ ਹੈ ਕਿ ਮਨੁੱਖੀ ਜੀਵਨ ਦੁੱਖਾਂ 'ਚ ਘਿਰਿਆ ਰਹਿੰਦਾ ਹੈ। ਇਸ ਤੋਂ ਬਚਣ ਦੀ ਲੋੜ ਹੈ। ਮਨੁੱਖ ਨੂੰ ਆਪਣੀ ਅੰਦਰਲੀ ਈਗੋ ਜਾਂ ਹਊਮੈ ਨੂੰ ਮਾਰਨਾ ਚਾਹੀਦਾ ਹੈ, ਤਾਂ ਜੋ ਜ਼ਿੰਦਗੀ 'ਚ ਆਉਣ ਦਾ ਅਸਲ ਮਕਸਦ ਪੂਰਾ ਹੋ ਸਕੇ ਤੇ ਮਨੁੱਖੀ ਜੀਵਨ ਸੁਖਾਲਾ ਗੁਜ਼ਰੇ।

-ਲੈਕਚਰਾਰ ਅਜੀਤ ਖੰਨਾ
-ਐਮ.ਏ., ਐੱਮ.ਫਿਲ, ਐੱਮ.ਜੇ.ਐੱਮ.ਸੀ., ਬੀ.ਐੱਡ)

ਕੁੜੀਆਂ ਵੀ ਕਰਨ ਲੱਗੀਆਂ ਨਸ਼ੇ

ਬੀਤੇ ਦਿਨੀਂ ਗੋਲਡਨ ਟੈਂਪਲ ਗਲਿਆਰੇ ਦੇ ਨੇੜੇ ਨੌਜਵਾਨ ਕੁੜੀਆਂ ਤੇ ਮੁੰਡਿਆਂ ਦਾ ਨਸ਼ੇ ਦੀ ਹਾਲਤ ਵਿਚ ਮਿਲਣ ਦਾ ਮਾਮਲਾ ਬਹੁਤ ਹੀ ਚਿੰਤਾਜਨਕ ਹੈ। ਇਹ ਘਟਨਾ ਸਿਰਫ਼ ਇਕ ਇਲਾਕੇ ਦੀ ਸਮੱਸਿਆ ਨਹੀਂ, ਸਗੋਂ ਸਮਾਜ ਵਿਚ ਫੈਲ ਰਹੀ ਇਕ ਗੰਭੀਰ ਬਿਮਾਰੀ ਵੱਲ ਇਸ਼ਾਰਾ ਕਰਦੀ ਹੈ। ਪਹਿਲਾਂ ਜਿਥੇ ਨਸ਼ੇ ਦੀ ਸਮੱਸਿਆ ਜ਼ਿਆਦਾਤਰ ਮੁੰਡਿਆਂ ਤੱਕ ਸੀਮਿਤ ਮੰਨੀ ਜਾਂਦੀ ਸੀ, ਅੱਜਕੱਲ੍ਹ ਕੁੜੀਆਂ ਵੀ ਇਸ ਦੀ ਲਪੇਟ ਵਿਚ ਆ ਰਹੀਆਂ ਹਨ। ਇਹ ਸਾਡੀ ਸਮਾਜਿਕ ਬਣਤਰ ਅਤੇ ਪਰਿਵਾਰਕ ਕਦਰਾਂ-ਕੀਮਤਾਂ ਲਈ ਵੱਡਾ ਖ਼ਤਰਾ ਹੈ। ਨੌਜਵਾਨ ਪੀੜ੍ਹੀ, ਖ਼ਾਸ ਕਰਕੇ ਕੁੜੀਆਂ ਦਾ ਇਸ ਰਾਹ 'ਤੇ ਪੈਣਾ ਸਾਡੇ ਭਵਿੱਖ ਲਈ ਗੰਭੀਰ ਖ਼ਤਰਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ-ਮੰਦੀ ਸੰਗਤ, ਮਨੋਵਿਗਿਆਨਕ ਦਬਾਅ, ਪਰਿਵਾਰਕ ਲਾਪਰਵਾਹੀ ਅਤੇ ਆਸਾਨੀ ਨਾਲ ਨਸ਼ੇ ਦੀ ਸੌਖੀ ਉਪਲਬਧਤਾ। ਸੋਸ਼ਲ ਮੀਡੀਆ ਅਤੇ ਫ਼ਿਲਮਾਂ ਵਿਚ ਨਸ਼ੇ ਨੂੰ ਗਲੈਮਰਾਈਜ਼ ਕਰਨਾ ਵੀ ਇਸ ਸਮੱਸਿਆ ਨੂੰ ਵਧਾ ਰਿਹਾ ਹੈ। ਸਰਕਾਰ ਨਸ਼ੇ ਦੀ ਵਿਕਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਅਤੇ ਜਾਗਰੂਕਤਾ ਮੁਹਿੰਮਾਂ ਚਲਾਏ। ਸਮਾਜ ਦੇ ਹਰ ਵਰਗ ਨੂੰ ਇਕੱਠੇ ਹੋ ਕੇ ਇਸ ਸਮੱਸਿਆ ਦਾ ਹੱਲ ਲੱਭਣਾ ਪਵੇਗਾ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਬੁਰਾਈ ਤੋਂ ਬਚਾਇਆ ਜਾ ਸਕੇ।

-ਮਨਪ੍ਰੀਤ, ਜਲੰਧਰ।

Ad Position 22
No active advertisement
ਪਿਛਲੀ ਖ਼ਬਰ ਸਰੀਰਕ ਮਿਹਨਤ ਬਚਾਉਂਦੀ ਹੈ ਬਹੁਤ ਸਾਰੀਆਂ ਬਿਮਾਰੀਆਂ ਤੋਂ ਅਗਲੀ ਖ਼ਬਰ ਕੀ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਾਲ ਖੇਤੀ ਸੰਕਟ ਹੱਲ ਹੋ ਸਕੇਗਾ?
Ad Position 24