ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

16-06-26

Ad Position 21
No active advertisement
ਅਜੀਤ ਡੈਸਕ 16-06-2026

 ਸਿੱਖਿਆ ਕੋਈ ਵਪਾਰ ਨਹੀਂ

ਪਿਛਲੇ ਦਿਨੀਂ ਫੀਸ ਭਰਨ ਦੇ ਤਣਾਅ ਕਾਰਨ 17 ਸਾਲਾ ਵਿਦਿਆਰਥਣ ਅਮਨਜੋਤ ਕੌਰ ਵਲੋਂ ਕੀਤੀ ਗਈ ਖੁਦਕੁਸ਼ੀ ਦੀ ਦਰਦਨਾਕ ਘਟਨਾ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ 3 ਜੂਨ ਨੂੰ ਸੂਬੇ ਦੇ ਲਗਭਗ 7,800 ਨਿੱਜੀ ਸਕੂਲਾਂ ਦੀਆਂ ਫੀਸਾਂ 'ਤੇ ਸਾਲਾਨਾ 5 ਫੀਸਦੀ ਵਾਧੇ ਦੀ ਸਖ਼ਤ ਹੱਦ (ਕੈਪ) ਲਗਾਉਣ ਦਾ ਇਤਿਹਾਸਕ ਫ਼ੈਸਲਾ ਕੀਤਾ ਹੈ, ਜਿਸ ਨੂੰ ਜੂਨ ਮਹੀਨੇ ਦੇ ਵਿਧਾਨ ਸਭਾ ਸੈਸ਼ਨ ਦੌਰਾਨ ਕਾਨੂੰਨੀ ਰੂਪ ਦਿੱਤਾ ਜਾਵੇਗਾ। ਇਹ ਕਦਮ ਪੰਜਾਬ ਦੇ ਕਰੀਬ 32 ਲੱਖ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਟਿਊਸ਼ਨ, ਟਰਾਂਸਪੋਰਟ, ਕਿਤਾਬਾਂ ਅਤੇ ਵਰਦੀਆਂ ਦੇ ਨਾਂਅ 'ਤੇ ਹੋ ਰਹੇ ਬੇਲਗਾਮ ਆਰਥਿਕ ਬੋਝ ਤੋਂ ਰਾਹਤ ਪ੍ਰਦਾਨ ਕਰੇਗਾ। ਸਿੱਖਿਆ ਇਕ ਪਵਿੱਤਰ ਸੇਵਾ ਹੈ, ਕੋਈ ਕਾਰੋਬਾਰ ਨਹੀਂ ਹੈ। ਇਕ ਵਿਦਿਆਰਥਣ ਦੀ ਜਾਨ ਚਲੇ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਕੁਝ ਵਿੱਦਿਅਕ ਸੰਸਥਾਵਾਂ ਆਪਣੇ ਸਮਾਜਿਕ ਤੇ ਨੈਤਿਕ ਫ਼ਰਜ਼ਾਂ ਨੂੰ ਭੁੱਲਦੀਆਂ ਜਾ ਰਹੀਆਂ ਹਨ। ਫੀਸਾਂ ਦੀ ਅਦਾਇਗੀ ਨਾ ਹੋਣ ਕਾਰਨ ਬੱਚਿਆਂ ਨੂੰ ਪ੍ਰੀਖਿਆਵਾਂ ਤੋਂ ਵਾਂਝਾ ਕਰਨਾ ਜਾਂ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਕਿਸੇ ਵੀ ਸੱਭਿਅਕ ਤੇ ਸੰਵੇਦਨਸ਼ੀਲ ਸਮਾਜ ਵਿਚ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਕਾਨੂੰਨ ਕੇਵਲ ਫੀਸਾਂ ਨੂੰ ਨਿਯੰਤਰਿਤ ਕਰਨ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਸਿੱਖਿਆ ਦੇ ਖੇਤਰ ਵਿਚ ਮਨੁੱਖਤਾ, ਸੰਵੇਦਨਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਮੁੜ ਸਥਾਪਿਤ ਕਰਨ ਦਾ ਇਕ ਮਹੱਤਵਪੂਰਨ ਮੌਕਾ ਸਾਬਤ ਹੋਵੇਗਾ।

- ਪ੍ਰਭਜੋਤ ਕੌਰ, ਪਿੰਡ ਧੂੰਦਾ

ਬੁੱਧੀ ਦਾ ਸਰੂਪ

ਬੁੱਧੀ ਇਕ ਸਧਾਰਨ ਸ਼ਬਦ ਹੈ, ਜਿਸ ਦੀ ਵਰਤੋਂ ਅਸੀਂ ਆਪਣੀ ਰੋਜ਼ਾਨਾ ਦੀ ਬੋਲ-ਚਾਲ ਦੀ ਭਾਸ਼ਾ ਵਿਚ ਅਕਸਰ ਕਰਦੇ ਰਹਿੰਦੇ ਹਾਂ। ਜਿਹੜਾ ਵਿਅਕਤੀ ਤੇਜ਼ੀ ਨਾਲ ਯਾਦ ਕਰਦਾ ਹੈ, ਸਿੱਖਦਾ ਹੈ, ਸਮਝਦਾ ਹੈ ਅਤੇ ਤਰਕਵਾਦੀ ਚਿੰਤਨ ਕਰਦਾ ਹੈ, ਉਸ ਵਿਅਕਤੀ ਲਈ ਸਧਾਰਨ ਤੇ ਰੋਜ਼ਾਨਾ ਦੀ ਭਾਸ਼ਾ ਵਿਚ 'ਬੁੱਧੀ' ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਮਨੋਵਿਗਿਆਨੀਆਂ ਨੇ ਬੁੱਧੀ ਦੇ ਸਰੂਪ ਨੂੰ ਸਪੱਸ਼ਟ ਕਰਨ ਲਈ ਅਨੇਕਾਂ ਪਰਿਭਾਸ਼ਾਵਾਂ ਅਤੇ ਬੁੱਧੀ ਮਾਪਣ ਦੇ ਟੈਸਟਾਂ (ਪ੍ਰੀਖਣਾਂ) ਦੀ ਖੋਜ ਕੀਤੀ, ਪਰੰਤੂ ਫਿਰ ਵੀ ਬੁੱਧੀ ਦੇ ਸਰੂਪ ਬਾਰੇ ਨਿਸਚਿਤ ਤੇ ਅਟੱਲ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਮਨੋਵਿਗਿਆਨੀਆਂ ਨੇ ਬੁੱਧੀ ਨੂੰ ਭਿੰਨ-ਭਿੰਨ ਢੰਗਾਂ ਨਾਲ ਪਰਿਭਾਸ਼ਤ ਕੀਤਾ। ਇਨ੍ਹਾਂ ਪਰਿਭਾਸ਼ਾਵਾਂ ਨੂੰ ਪ੍ਰਮੁੱਖ ਰੂਪ ਵਿਚ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ ਕਿਸਮ ਦੀਆਂ ਪਰਿਭਾਸ਼ਾਵਾਂ ਦੇ ਅਨੁਸਾਰ ਜਿਹੜਾ ਵਿਅਕਤੀ ਜਿੰਨੀ ਜਲਦੀ ਨਾਲ ਵਾਤਾਵਰਨ ਦੇ ਨਾਲ ਸਮਾਯੋਜਨ ਕਰ ਲੈਂਦਾ ਹੈ, ਉਸ ਨੂੰ ਤੇਜ਼ ਬੁੱਧੀ ਵਾਲਾ ਮਨੁੱਖ ਸਮਝਿਆ ਜਾਂਦਾ ਹੈ। ਦੂਜੇ ਕਿਸਮ ਦੀਆਂ ਪਰਿਭਾਸ਼ਾਵਾਂ ਦੇ ਅਨੁਸਾਰ ਜਿਸ ਵਿਅਕਤੀ ਵਿਚ ਸਿਖਣ ਦੀ ਸਮਰੱਥਾ ਵਧੇਰੇ ਹੁੰਦੀ ਹੈ ਉਸ ਨੂੰ ਓਨੀ ਹੀ ਬੁੱਧੀ ਵਾਲਾ ਸਮਝਿਆ ਜਾਂਦਾ ਹੈ। ਤੀਜੀ ਕਿਸਮ ਦੀਆਂ ਪਰਿਭਾਸ਼ਾਵਾਂ ਦੇ ਅਨੁਸਾਰ ਜਿਹੜਾ ਵਿਅਕਤੀ ਅਮੂਰਤ ਚਿੰਤਨ ਵਧੇਰੇ ਕਰ ਸਕਦਾ ਹੈ, ਉਹ ਓਨੀ ਹੀ ਵਧੇਰੇ ਬੁੱਧੀ ਵਾਲਾ ਹੁੰਦਾ ਹੈ। ਬੁੱਧੀ ਦੇ ਸਰੂਪ ਨੂੰ ਸਪੱਸ਼ਟ ਕਰਨ ਲਈ ਤਿੰਨਾਂ ਹੀ ਕਿਸਮਾਂ ਦੀਆਂ ਪਰਿਭਾਸ਼ਾਵਾਂ ਵਿਚ ਕਮੀ ਹੈ, ਕਿਉਂਕਿ ਇਹ ਕੇਵਲ ਬੁੱਧੀ ਦੇ ਇਕ ਤੱਤ ਬਾਰੇ ਦੱਸਦੀਆਂ ਹਨ, ਜਦੋਂ ਕਿ ਬੁੱਧੀ ਇਕ ਸੰਗਠਨ, ਸਮੁੱਚੀ ਅਤੇ ਪੂਰਨ ਯੋਗਤਾ ਹੈ।

-ਕੁਲਵਿੰਦਰ ਸਿੰਘ ਹੁਸ਼ਿਆਰਪੁਰ।

ਨਾਜਾਇਜ਼ ਖਰਚੇ

ਨਾਜਾਇਜ਼ ਖਰਚੇ ਉਹ ਹੁੰਦੇ ਹਨ, ਜੋ ਲੋੜ ਤੋਂ ਬਿਨਾਂ ਜਾਂ ਸਿਰਫ਼ ਦਿਖਾਵੇ ਲਈ ਕੀਤੇ ਜਾਂਦੇ ਹਨ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਆਪਣੀ ਆਮਦਨ ਤੋਂ ਵੱਧ ਖਰਚ ਕਰਦੇ ਹਨ, ਜਿਸ ਕਾਰਨ ਆਰਥਿਕ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ। ਨਾਜਾਇਜ਼ ਖਰਚੇ ਨਾ ਸਿਰਫ਼ ਵਿਅਕਤੀ ਦੀ ਬੱਚਤ ਨੂੰ ਘਟਾਉਂਦੇ ਹਨ, ਸਗੋਂ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰਦੇ ਹਨ। ਵਿਆਹਾਂ, ਪਾਰਟੀਆਂ ਅਤੇ ਹੋਰ ਸਮਾਗਮਾਂ ਵਿਚ ਫਜ਼ੂਲ ਦਿਖਾਵੇ ਲਈ ਬੇਹਿਸਾਬ ਪੈਸਾ ਖਰਚ ਕੀਤਾ ਜਾਂਦਾ ਹੈ। ਮਹਿੰਗੇ ਕੱਪੜੇ, ਗਹਿਣੇ, ਮੋਬਾਈਲ ਫੋਨ ਅਤੇ ਹੋਰ ਸ਼ੌਕੀਨ ਚੀਜ਼ਾਂ ਖਰੀਦਣਾ ਵੀ ਨਾਜਾਇਜ਼ ਖਰਚਿਆਂ ਵਿਚ ਸ਼ਾਮਿਲ ਹੈ। ਕਈ ਲੋਕ ਦੂਜਿਆਂ ਦੀ ਨਕਲ ਕਰਦੇ ਹੋਏ ਅਜਿਹੇ ਖਰਚੇ ਕਰਦੇ ਹਨ, ਜਿਨ੍ਹਾਂ ਦੀ ਅਸਲ ਵਿਚ ਕੋਈ ਲੋੜ ਨਹੀਂ ਹੁੰਦੀ। ਨਾਜਾਇਜ਼ ਖਰਚਿਆਂ ਦੇ ਕਾਰਨ ਕਰਜ਼ਾ ਵੱਧ ਸਕਦਾ ਹੈ ਅਤੇ ਭਵਿੱਖ ਲਈ ਬੱਚਤ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਆਮਦਨ ਅਨੁਸਾਰ ਖਰਚ ਕਰਨਾ ਚਾਹੀਦਾ ਹੈ। ਅੰਤ ਵਿਚ ਨਾਜਾਇਜ਼ ਖਰਚਿਆਂ ਤੋਂ ਬਚਣਾ ਇਕ ਚੰਗੀ ਆਦਤ ਹੈ। ਇਹ ਸਾਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਂਦਾ ਹੈ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਸਾਨੂੰ ਸੋਚ-ਸਮਝ ਕੇ ਖਰਚ ਕਰਨਾ ਚਾਹੀਦਾ ਹੈ ਅਤੇ ਫਜ਼ੂਲ ਖਰਚੀ ਤੋਂ ਦੂਰ ਰਹਿਣਾ ਚਾਹੀਦਾ ਹੈ।

-ਹਰਪ੍ਰੀਤ ਕੌਰ ਸੇਖੋਂ ਬਾਗ ਸਿਕੰਦਰ।

ਮਿੱਠਾ ਜ਼ਹਿਰ ਹੈ ਨਸ਼ਾ

ਨਸ਼ਾ ਇਕ ਬਹੁਤ ਹੀ ਵੱਡੀ ਲਾਹਨਤ ਅਤੇ ਘਾਤਕ ਆਦਤ ਹੈ। ਨਸ਼ਾ ਮਨ ਦੀ ਕਮਜ਼ੋਰੀ, ਸਰੀਰ ਦੀ ਕਮਜ਼ੋਰੀ, ਦਿਮਾਗ ਦੀ ਸੁਸਤੀ, ਜੇਬ ਦੀ ਬਰਬਾਦੀ, ਘਰ ਦੀ ਤਬਾਹੀ ਅਤੇ ਸਮਾਜਿਕ ਸਨਮਾਨ ਖ਼ਤਮ ਕਰਦਾ ਹੈ। ਔਸਤਨ ਹਰ ਦੇਸ਼ ਵਿਚ ਘੱਟ ਤੋਂ ਘੱਟ 1 ਫ਼ੀਸਦੀ ਤੋਂ 10 ਫ਼ੀਸਦੀ ਲੋਕ ਕਿਸੇ ਨਾ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕਰਦੇ ਹਨ। ਸ਼ੁਰੂ-ਸ਼ੁਰੂ ਵਿਚ ਨਸ਼ੇ ਦਾ ਆਕਰਸ਼ਨ ਇਸ ਤੋਂ ਪ੍ਰਾਪਤ ਵਿਅਕਤੀ ਦੀ ਸ਼ੌਕ ਜਾਂ ਲਾਲਸਾ ਹੁੰਦੀ ਹੈ। ਖਾਸ ਕਰਕੇ ਖਾਂਦੇ-ਪੀਂਦੇ ਘਰਾਂ ਦੇ ਮੁੰਡੇ-ਕੁੜੀਆਂ ਵਿਚ ਸ਼ੌਂਕ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ, ਜੋ ਆਪਣੀ ਮਿੱਤਰ ਮੰਡਲੀ ਵਿਚ ਬੈਠ ਕੇ ਇਸ ਨਵੇਂ ਤਜਰਬੇ ਦਾ ਅਨੁਭਵ ਕਰਦੇ ਹਨ। ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੱਧ ਵਰਗ ਅਤੇ ਗ਼ਰੀਬ ਵਰਗ ਦੇ ਲੋਕ ਵੀ ਇਨ੍ਹਾਂ ਦੀ ਰੀਸ ਕਰਨ ਲੱਗੇ ਹਨ। ਪਰ ਗਰੀਬ ਵਰਗ ਦੇ ਲੋਕ ਬਹੁਤ ਜ਼ਿਆਦਾ ਇਸ ਦੇ ਚੁੰਗਲ ਵਿਚ ਫਸ ਗਏ ਹਨ। ਹਰ ਸਾਲ ਲੱਖਾਂ ਮੌਤਾਂ ਨਸ਼ਿਆਂ ਕਾਰਨ ਹੋ ਰਹੀਆਂ ਹਨ। ਕਤਲ ਅਤੇ ਜੁਰਮਾਂ ਦਾ ਮੁੱਖ ਕਾਰਨ ਨਸ਼ਾ ਹੀ ਹੈ। ਹਰ ਰੋਜ਼ ਕਿਧਰੇ ਨਾ ਕਿਧਰੇ ਫੜੇ ਜਾ ਰਹੇ ਨਸ਼ਿਆਂ ਦੇ ਟਰੱਕ, ਬੈਗ, ਗੋਲੀਆਂ, ਦਵਾਈਆਂ ਫੜੇ ਜਾ ਰਹੇ ਹਨ। ਆਓ, ਮਿੱਤਰੋ ਨਸ਼ੇ ਦਾ ਕੋਹੜ ਖ਼ਤਮ ਕਰੀਏ। ਆਪਣੇ ਤੌਰ-ਤਰੀਕਿਆਂ ਨਾਲ ਨਸ਼ਾ ਛੁਡਾਓ ਕਮੇਟੀਆਂ ਨੂੰ ਸਹਿਯੋਗ ਦੇਈਏ, ਤਾਂ ਜੋ ਨਸ਼ੇ ਦੀ ਲਾਹਨਤ ਨੂੰ ਖ਼ਤਮ ਕਰ ਸਕੀਏ।

-ਨਰਿੰਦਰ ਭੱਪਰ
ਸ੍ਰੀ ਮੁਕਤਸਰ ਸਾਹਿਬ।

Ad Position 22
No active advertisement
ਪਿਛਲੀ ਖ਼ਬਰ ਅਮਾਨੀ ਰੋਡ 'ਤੇ ਭਿਆਨਕ ਬੱਸ ਹਾਦਸਾ: ਓਵਰਲੋਡ ਬੱਸ, ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨੇ ਲਈਆਂ ਤਿੰਨ ਜਾਨਾਂ, ਲੋਕਾਂ ਨੇ ਲਾ... ਅਗਲੀ ਖ਼ਬਰ ਔਰਤਾਂ ਦਾ ਸ਼ੋਸ਼ਣ ਕਰਦੀ ਹੈ ਦਾਜ ਪ੍ਰਥਾ
Ad Position 24
No active advertisement