ਨਵੀਂ ਦਿੱਲੀ, 2 ਫਰਵਰੀ (ਮਿਸਰਦੀਪ ਭਾਟੀਆ)-ਗੁਰੂ ਰਵਿਦਾਸ ਜੀ ਦਾ 649ਵਾਂ ਜਨਮ ਉਤਸਵ ਦਿੱਲੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਗੁਰੂ ਰਵਿਦਾਸ ਜਨਮ ਉਤਸਵ ਕਮੇਟੀ ਦਿੱਲੀ ਦੇ ਪ੍ਰਧਾਨ ਤੇਜ ਸਿੰਘ ਰਾਜੇਸ਼ ਨੇ ਦੱਸਿਆ ਕਿ ਇਸ ਮੌਕੇ ਇਕ ਸ਼ਾਨਦਾਰ ਸ਼ੋਭਾ ਯਾਤਰਾ ਲਾਲ ਕਿਲ੍ਹੇ ਤੋਂ ਚੱਲ ਕੇ ਚਾਂਦਨੀ ਚੌਕ, ਫ਼ਤਹਿਪੁਰੀ, ਖਾਰੀ ਬਾਵਲੀ, ਸਦਰ ਬਾਜ਼ਾਰ, ਬਾੜਾ ਹਿੰਦੂ ਰਾਓ, ਮਾਨਕਪੁਰਾ, ਆਰੀਆ ਸਮਾਜ ਰੋਡ ਤੋਂ ਹੁੰਦੇ ਹੋਏ ਗੁਰੂ ਰਵਿਦਾਸ ਵਿਸ਼ਰਾਮਧਾਮ ਮੰਦਰ, ਦੇਵਨਗਰ, ਕਰੋਲ ਬਾਗ਼ ਪਹੁੰਚ ਕੇ ਸਮਾਪਤ ਹੋਈ | ਸ਼ੋਭਾ ਯਾਤਰਾ ਦੇ ਸਵਾਗਤ ਲਈ ਥਾਂ-ਥਾਂ ਸਵਾਗਤ ਮੰਚ ਬਣਾਏ ਗਏ | ਇਥੇ ਗੁਰੂ ਜੀ ਦੇ ਜੀਵਨ ਦਰਸ਼ਨ 'ਤੇ ਆਧਾਰਿਤ ਝਾਕੀਆਂ ਦਾ ਸਵਾਗਤ ਕੀਤਾ ਅਤੇ ਪ੍ਰਸ਼ਾਦ ਵੀ ਵੰਡਿਆ ਗਿਆ |