ਸਿਰਸਾ, 24 ਮਈ (ਭੁਪਿੰਦਰ ਪੰਨੀਵਾਲੀਆ)- ਬਾਬਾ ਸਰਸਾਈਨਾਥ ਬੁੱਕ ਬੈਂਕ ਦਾ ਸੱਤਵਾਂ ਪੁਸਤਕ ਵੰਡ ਅਤੇ ਸਾਲ 2026-27 ਲਈ ਪਹਿਲਾ ਪ੍ਰਤਿਭਾ ਪੁਰਸਕਾਰ ਸਮਾਗਮ ਐਤਵਾਰ ਨੂੰ ਗਊਸ਼ਾਲਾ ਦੇ ਕਾਨਫਰੰਸ ਹਾਲ ਵਿੱਚ ਕੀਤਾ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਗਊਸ਼ਾਲਾ ਦੇ ਮੁਖੀ ਰਾਜਿੰਦਰ ਕੁਮਾਰ ਰਾਤੂਸਰੀਆ ਸਨ ਜਦੋਂਕਿ ਇਸ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਗੁਰਦੀਪ ਸੈਣੀ ਨੇ ਕੀਤੀ | ਇਸ ਮੌਕੇ ਬਾਬਾ ਸਰਸਾਈਨਾਥ ਬੁੱਕ ਬੈਂਕ ਤੋਂ ਸਲੈਬਸ ਦੀਆਂ ਪੁਸਤਕਾਂ ਪ੍ਰਾਪਤ ਕਰਕੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਗੁਰਦੀਪ ਸੈਣੀ ਨੇ ਕਿਹਾ ਕਿ ਸਫਲਤਾ ਸਿਰਫ਼ ਸਖ਼ਤ ਮਿਹਨਤ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਸਮਾਜ ਨੂੰ ਸਿੱਖਿਅਤ ਕਰਕੇ ਹੀ ਤਰੱਕੀ ਕਰ ਸਕਦਾ ਹੈ | ਬੁੱਕ ਬੈਂਕ ਦਾ ਇੱਕੋ ਇੱਕ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਦਿਆਰਥੀ ਕਿਤਾਬਾਂ ਅਤੇ ਸਟੇਸ਼ਨਰੀ ਦੀ ਘਾਟ ਕਾਰਨ ਸਕੂਲ ਨਾ ਛੱਡੇ | ਗੁਰਦੀਪ ਸੈਣੀ ਨੇ ਦੱਸਿਆ ਕਿ ਬੁੱਕ ਬੈਂਕ ਨੇ ਪਿਛਲੇ 5 ਸਾਲਾਂ ਵਿੱਚ 15000 ਵਿਦਿਆਰਥੀਆਂ ਨੂੰ ਲਾਭ ਪਹੁੰਚਾਇਆ ਹੈ, ਜਿਸ ਵਿੱਚ ਪਾਠ ਪੁਸਤਕਾਂ ਦੇ ਸੈੱਟ, ਮੁਫ਼ਤ ਐਨਕਾਂ, ਸਟੇਸ਼ਨਰੀ, ਸਕੂਲ ਜੁੱਤੇ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕਿਤਾਬਾਂ ਵੰਡਣਾ ਸ਼ਾਮਲ ਹੈ | ਜਨਰਲ ਸਕੱਤਰ ਪ੍ਰੇਮ ਕੰਡੋਈ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿੱਚ 21 ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਦੇ ਸੈੱਟ ਵੰਡੇ ਗਏ ਅਤੇ ਦੋ ਵਿਦਿਆਰਥੀਆਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਹਨ | ਸਟੇਜ ਦਾ ਸੰਚਾਲਨ ਅਨਿਲ ਸੈਣੀ ਨੇ ਕੀਤਾ | ਪ੍ਰੋਗਰਾਮ ਵਿੱਚ ਸਮਾਜ ਸੇਵਕ ਰਤਨ ਸਿੰਘ , ਰਣਜੀਤ ਸਿੰਘ ਟੱਕਰ, ਪਵਨ ਕੁਮਾਰ ਟਰੱਸਟੀ ਤੇ ਵਿਦਿਆਰਥੀ ਮੌਜੂਦ ਸਨ |