ਲਾਂਬੜਾ, 25 ਮਈ (ਗੁਰਮੇਲ ਸਿੰਘ)-ਅੱਜ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਲਾਂਬੜਾ ਵਿਖੇ ਹਰ ਸਾਲ ਦੀ ਤਰ੍ਹਾਂ ਮਿਤੀ 23.05.2026 ਨੂੰ 40ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਨਿਰਮਲ ਸਿੰਘ ਯੂ.ਕੇ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਆਰੰਭਤਾ ਪਰੰਪਰਾ ਅਨੁਸਾਰ ਗੁਰਬਾਣੀ ਦੇ ਸ਼ਬਦ ਕੀਰਤਨ ਦੁਆਰਾ ਕੀਤੀ ਗਈ | ਉਪਰੰਤ ਮੁੱਖ ਮਹਿਮਾਨ ਵੱਲੋਂ ਸ਼ਮਾ ਰੌਸ਼ਨ ਕੀਤੀ ਗਈ | ਸਕੂਲ ਦੇ ਪਿ੍ੰਸੀਪਲ ਭਗਵੰਤ ਸਿੰਘ ਨੇ ਸਲਾਨਾ ਰਿਪੋਰਟ ਪੜ੍ਹੀ ਅਤੇ ਡਾ. ਨਿਰਮਲ ਸਿੰਘ ਨੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ | ਸਮਾਗਮ ਨੂੰ ਰੋਚਕ ਅਤੇ ਦਿਲ ਖਿੱਚਵਾਂ ਬਣਾਉਣ ਲਈ ਲੋਕ ਨਾਚ, ਗੀਤ, ਗਿੱਦਾ, ਭੰਗੜਾ ਆਦਿ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਮੁੱਖ ਮਹਿਮਾਨ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਜਮਾਤਾਂ ਵਿੱਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਵ. ਅਵਤਾਰ ਸਿੰਘ ਚਿੱਟੀ ਦੀ ਯਾਦ ਵਿੱਚ ਨਕਦ ਇਨਾਮ ਦਿੱਤੇ ਗਏ ਅਤੇ ਸਕੂਲ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ | ਇਸ ਦੇ ਨਾਲ ਹੀ ਬੋਰਡ ਜਮਾਤਾਂ ਵਿੱਚੋਂ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਧੂ ਸਿੰਘ ਯਾਦਗਾਰੀ ਵਜ਼ੀਫੇ ਦਿੱਤੇ ਗਏ | ਸਕੂਲ ਦੀ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਨਿਰਮਲ ਸਿੰਘ ਯੂ.ਕੇ. ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਉਨਾਂ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਬੱਚਿਆਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿੱਧੂ ਵੱਲੋਂ ਸਮਾਗਮ ਦੇ ਮੁੱਖ ਮਹਿਮਾਨ, ਆਏ ਪਤਵੰਤੇ ਸੱਜਣ ਅਤੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਸਮਾਗਮ ਵਿੱਚ ਕਮੇਟੀ ਮੈਂਬਰ ਸੁਖਦੇਵ ਸਿੰਘ ਅਠਵਾਲ ਖਜਾਨਚੀ, ਡਾਕਟਰ ਨਿਰਮਲ ਸਿੰਘ ਸਕੱਤਰ, ਹਿੰਦਪਾਲ ਸਿੰਘ ਚਿੱਟੀ, ਗੁਰਪੁਰਸ਼ੋਤਮ ਸਿੰਘ, ਕੁਲਵੰਤ ਕੌਰ ਸਿੱਧੂ, ਬਖਸ਼ੋ, ਵਾਈਸ ਪਿ੍ੰਸੀਪਲ ਰਵਿੰਦਰ ਕੌਰ ਗਰੋਵਰ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |