ਟੋਹਾਣਾ, 30 ਮਈ (ਮਨਜੀਤ ਸਿੰਘ) - ਹਰਿਆਣਾ ਗ੍ਰਾਮੀਣ ਸਫ਼ਾਈ ਕਰਮਚਾਰੀ ਯੂਨੀਅਨ ਬਲਾਕ ਟੋਹਾਣਾ ਦੇ ਕਰੀਬ 100 ਸਫ਼ਾਈ ਕਰਮਚਾਰੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਕਰਮਚਾਰੀ ਵੀ ਸ਼ਾਮਲ ਸਨ, ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਟੋਹਾਣਾ ਤੋਂ ਕੁਰੂਕਸ਼ੇਤਰ ਲਈ ਪੈਦਲ ਯਾਤਰਾ ਸ਼ੁਰੂ ਕੀਤੀ | ਇਸ ਦੌਰਾਨ ਕਰਮਚਾਰੀਆਂ ਨੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਗ਼ਰੀਬ ਅਤੇ ਦਲਿਤ ਪਰਿਵਾਰਾਂ ਨਾਲ ਧੋਖਾ ਕਰਨ ਦੇ ਦੋਸ਼ ਲਗਾਏ | ਹਰਿਆਣਾ ਗ੍ਰਾਮੀਣ ਸਫ਼ਾਈ ਕਰਮਚਾਰੀ ਯੂਨੀਅਨ ਦੇ ਟੋਹਾਣਾ ਬਲਾਕ ਪ੍ਰਧਾਨ ਅਮਿਤ ਕੁਮਾਰ ਚੰਦੜ੍ਹ ਖ਼ੁਰਦ ਨੇ ਕਿਹਾ ਕਿ ਗ੍ਰਾਮੀਣ ਸਫ਼ਾਈ ਕਰਮਚਾਰੀਆਂ ਨਾਲ ਸਰਕਾਰ ਵੱਲੋਂ ਬਦਲੇ ਦੀ ਭਾਵਨਾ ਵਾਲਾ ਵਰਤਾਓ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਲੰਬੇ ਸਮੇਂ ਤੋਂ ਪੱਕੀ ਨੌਕਰੀ ਅਤੇ 25 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਦੇਣ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਹੈ, ਪਰ ਅੱਜ ਤੱਕ ਇਹ ਵਾਅਦੇ ਪੂਰੇ ਨਹੀਂ ਹੋਏ | ਉਨ੍ਹਾਂ ਦੋਸ਼ ਲਗਾਇਆ ਕਿ ਨਰਵਾਣਾ ਦੇ ਵਿਧਾਇਕ ਨੇ ਕਰੀਬ 14 ਦਿਨ ਪਹਿਲਾਂ ਸਫ਼ਾਈ ਕਰਮਚਾਰੀਆਂ ਨੂੰ ਬੁਲਾ ਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਸਰਕਾਰੀ ਦਬਾਅ ਕਾਰਨ ਉਨ੍ਹਾਂ ਦੀਆਂ ਮੰਗਾਂ 'ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ | ਇਸ ਕਾਰਨ ਕਰਮਚਾਰੀਆਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਾ ਪਿਆ ਹੈ | ਯੂਨੀਅਨ ਦੇ ਬਲਾਕ ਪ੍ਰਧਾਨ ਅਮਿਤ ਕੁਮਾਰ ਨੇ ਦੱਸਿਆ ਕਿ 4 ਜੂਨ ਨੂੰ ਕੁਰੂਕਸ਼ੇਤਰ ਵਿੱਚ ਹਰਿਆਣਾ ਗ੍ਰਾਮੀਣ ਸਫ਼ਾਈ ਕਰਮਚਾਰੀਆਂ ਦਾ ਮਹਾਂਪੜਾਅ ਹੋਣ ਜਾ ਰਿਹਾ ਹੈ, ਜਿਸ ਵਿੱਚ ਸੂਬੇ ਭਰ ਤੋਂ ਕਰਮਚਾਰੀ ਪੈਦਲ ਪਹੁੰਚਣਗੇ | ਇਸ ਮਹਾਂਪੜਾਅ ਦੌਰਾਨ ਅਗਲੇ ਸੰਘਰਸ਼ ਦੀ ਰੂਪ-ਰੇਖਾ ਦਾ ਐਲਾਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੈਦਲ ਯਾਤਰਾ ਦੌਰਾਨ ਰਸਤੇ ਵਿੱਚ ਪੈਂਦੇ ਪਿੰਡਾਂ ਦੇ ਲੋਕਾਂ ਵੱਲੋਂ ਜਥਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਰਹਿਣ, ਭੋਜਨ, ਚਾਹ-ਨਾਸ਼ਤੇ ਆਦਿ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ | ਮਹਿਲਾ ਅਤੇ ਪੁਰਸ਼ ਸਫ਼ਾਈ ਕਰਮਚਾਰੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕਾਂ ਨੂੰ ਆਪਣੇ ਸੰਘਰਸ਼ ਅਤੇ ਮੰਗਾਂ ਬਾਰੇ ਜਾਣਕਾਰੀ ਵੀ ਦੇ ਰਹੇ ਹਨ |