ਸਿਰਸਾ, 30 ਮਈ (ਭੁਪਿੰਦਰ ਪੰਨੀਵਾਲੀਆ)- ਸਾਂਝਾ ਮੋਰਚਾ ਹਰਿਆਣਾ ਰੋਡਵੇਜ਼ ਦੇ ਸੱਦੇ 'ਤੇ ਸਿਰਸਾ ਡਿਪੂ 'ਚ ਬਕਾਇਆ ਭੱਤਿਆਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ | ਕਰਮਚਾਰੀਆਂ ਨੇ ਰਾਤ ਦਾ ਭੱਤਾ, ਵਾਧੂ ਡਿਊਟੀ ਭੱਤਾ, ਮੈਡੀਕਲ ਬਿੱਲ, ਸਿੱਖਿਆ ਭੱਤਾ ਅਤੇ ਹੋਰ ਬਕਾਏ ਦੀਆਂ ਮੰਗਾਂ ਨੂੰ ਲੈ ਡਿਪੂ ਪ੍ਰਸ਼ਾਸਨ ਤੇ ਸਬਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਕਰਮਚਾਰੀਆਂ ਆਗੂਆਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਿਰਸਾ ਡਿਪੂ ਕਰਮਚਾਰੀਆਂ ਦਾ 2024 ਦਾ ਰਾਤ ਦਾ ਭੱਤਾ ਬਕਾਇਆ ਹੈ | ਇਸੇ ਤਰ੍ਹਾਂ 8-9 ਮਹੀਨਿਆਂ ਦਾ ਓਵਰਟਾਈਮ ਬਕਾਇਆ ਹੈ | ਮੈਡੀਕਲ ਬਿੱਲ, ਐਲ.ਟੀ.ਸੀ. ਅਤੇ ਸਿੱਖਿਆ ਅਲਾਇੰਸ ਭੱਤਿਆਂ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਰਮਚਾਰੀਆਂ ਵਿੱਚ ਵਿਆਪਕ ਰੋਸ ਹੈ | ਕਰਮਚਾਰੀ ਹੁਣ ਆਪਣੀ ਤਨਖਾਹ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ | ਮੁਲਾਜ਼ਮਾਂ ਨੇ ਸਾਂਝੇ ਤੌਰ 'ਤੇ ਸਿਰਸਾ ਡਿਪੂ ਟਰੈਫਿਕ ਮੈਨੇਜਰ ਸੁਧੀਰ ਅਤੇ ਇੰਸਟੀਚਿਊਟ ਮੈਨੇਜਰ ਰਤਨ ਲਾਲ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ | ਦੋਵਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇਗਾ | ਇਸ ਦੌਰਾਨ ਸਾਂਝਾ ਮੋਰਚਾ ਸਿਰਸਾ ਨੇ ਡਿਪੂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਅਗਲੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਜਾਵੇਗੀ | ਇਸ ਮੌਕੇ 'ਤੇ ਕੲਾ ਕਰਮਚਾਰੀ ਮੌਜੂਦ ਸਨ |