ਯਮੁਨਾਨਗਰ, 30 ਮਈ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਸਰਕਾਰ ਦੀ ਜਨ ਭਲਾਈ ਪਹਿਲ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਦੇ ਤਹਿਤ 'ਸੋਮਨਾਥ ਸਵੈਭਿਮਾਨ ਪਰਵ' ਨੂੰ ਸਮਰਪਿਤ ਬਜ਼ੁਰਗ ਸ਼ਰਧਾਲੂਆਂ ਨੂੰ ਪਵਿੱਤਰ ਤੀਰਥ ਅਸਥਾਨ ਸ੍ਰੀ ਸੋਮਨਾਥ ਮੰਦਰ ਪ੍ਰਭਾਸ ਪਾਟਨ ਵੇਰਾਵਲ (ਗੁਜਰਾਤ) ਲਿਜਾਇਆ ਜਾਵੇਗਾ | ਇਸ ਉਪਰਾਲੇ ਤਹਿਤ 8 ਜੂਨ ਨੂੰ ਇਕ ਵਿਸ਼ੇਸ਼ ਰੇਲ ਗੱਡੀ ਕੁਰੂਕਸ਼ੇਤਰ ਤੋਂ ਰਵਾਨਾ ਹੋਵੇਗੀ, ਜਿਸ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਹਰੀ ਝੰਡੀ ਦਿਖਾਈ ਜਾਵੇਗੀ | ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਯਾਤਰਾ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ ਅਤੇ ਸ਼ਰਧਾਲੂਆਂ ਨੂੰ ਰਿਹਾਇਸ਼ ਅਤੇ ਭੋਜਨ ਸਮੇਤ ਸਾਰੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਚਾਹਵਾਨ ਸ਼ਰਧਾਲੂ 6 ਜੂਨ ਤੱਕ ਸਰਲ ਹਰਿਆਣਾ ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਹੋਵੇਗੀ, ਇਸ ਲਈ ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਅਰਜ਼ੀ ਦੇਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦਾ ਸਾਰਾ ਖ਼ਰਚਾ ਹਰਿਆਣਾ ਸਰਕਾਰ ਵਲੋਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਕੁਝ ਨਿਯਮ ਨਿਰਧਾਰਤ ਕੀਤੇ ਗਏ, ਜਿਨ੍ਹਾਂ ਅਨੁਸਾਰ ਬਿਨੈਕਾਰਾਂ ਦੀ ਉਮਰ 60 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਪਰਿਵਾਰ ਦੀ ਸਾਲਾਨਾ ਆਮਦਨ 1.80 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਨਿਯਮਾਂ ਅਨੁਸਾਰ ਇਕ ਵਿਅਕਤੀ ਇਸ ਸਹੂਲਤ ਦਾ ਲਾਭ ਹਰ ਤਿੰਨ ਸਾਲਾਂ 'ਚ ਸਿਰਫ਼ ਇਕ ਵਾਰ ਹੀ ਲੈ ਸਕਦਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਸਾਰੇ ਰਜਿਸਟਰਡ ਲਾਭਪਾਤਰੀਆਂ ਨੂੰ ਆਪਣੀ ਜਾਣਕਾਰੀ 6 ਜੂਨ ਤੱਕ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਦਫ਼ਤਰ 'ਚ ਜਮ੍ਹਾਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਯਾਤਰਾ ਦੇ ਪ੍ਰਬੰਧ ਸਮੇਂ ਸਿਰ ਕੀਤੇ ਜਾ ਸਕਣ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਅਰਜ਼ੀ ਦੇਣ ਲਈ ਕੁਝ ਦਸਤਾਵੇਜ਼ ਲਾਜ਼ਮੀ ਹਨ, ਜਿਨ੍ਹਾਂ 'ਚ ਇਕ ਫੋਟੋ ਪਛਾਣ ਪੱਤਰ (ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ ਜਾਂ ਹੋਰ ਸਰਕਾਰੀ ਪਛਾਣ ਪੱਤਰ), ਇਕ ਪਰਿਵਾਰਕ ਪਛਾਣ ਪੱਤਰ, ਦੋ ਪਾਸਪੋਰਟ-ਸਾਈਜ਼ ਫੋਟੋਆਂ, ਇਕ ਫਿਟਨੈੱਸ ਸਰਟੀਫਿਕੇਟ ਅਤੇ ਇਕ ਸਵੈ-ਘੋਸ਼ਣਾ ਪੱਤਰ (ਜਿਸ 'ਚ ਇਹ ਦਰਜ ਹੋਵੇਗਾ ਕਿ ਲਾਭਪਾਤਰੀ ਨੇ ਪਿਛਲੇ ਤਿੰਨ ਸਾਲਾਂ 'ਚ ਇਸ ਯੋਜਨਾ ਦਾ ਲਾਭ ਨਹੀਂ ਲਿਆ) ਦੇਣਾ ਪਵੇਗਾ | ਉਨ੍ਹਾਂ ਦੱਸਿਆ ਕਿ ਬਿਨੈਕਾਰ ਹਰਿਆਣਾ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਪਰਿਵਾਰਕ ਪਛਾਣ ਪੱਤਰ ਹੋਣਾ ਚਾਹੀਦਾ ਹੈ |