ਨਵੀਂ ਦਿੱਲੀ, 30 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਅੰਤਾਂ ਦੀ ਪੈ ਰਹੀ ਗਰਮੀ ਤੇ ਧੁੱਪ ਤੋਂ ਬਚਣ ਲਈ ਆਮ ਲੋਕਾਂ ਨੂੰ ਰਾਹਤ ਦੇਣ ਲਈ ਦਿੱਲੀ ਸਰਕਾਰ ਨੇ ਕੁਝ ਪਬਲਿਕ ਥਾਵਾਂ 'ਤੇ ਵਿਸ਼ੇਸ਼ 'ਕੂਲਿੰਗ ਕੇਂਦਰ' ਸਥਾਪਿਤ ਕੀਤੇ ਹਨ ਤਾਂ ਕਿ ਉਥੋਂ ਲੰਘਦੇ ਲੋਕ ਇਨ੍ਹਾਂ ਕੇਂਦਰਾਂ ਵਿਚ ਬੈਠ ਕੇ ਕੁਝ ਦੇਰ ਅਰਾਮ ਕਰਦੇ ਹੋਏ ਠੰਢਾ ਪਾਣੀ ਪੀ ਸਕਣ | ਸਰਕਾਰ ਨੇ ਇਨ੍ਹਾਂ ਕੇਂਦਰਾਂ ਵਿਚ ਕੂਲਰ, ਪੱਖੇ ਤੇ ਠੰਢੇ ਪਾਣੀ ਦਾ ਪ੍ਰਬੰਧ ਕੀਤਾ ਹੈ ਅਤੇ ਇਸਦੇ ਨਾਲ ਹੀ ਇਨ੍ਹਾਂ ਕੇਂਦਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਓ.ਆਰ.ਐਸ., ਗਮਛਾ ਤੇ ਟੋਪੀ ਦਿੱਤੀ ਜਾ ਰਹੀ ਹੈ | ਦਿੱਲੀ ਸਰਕਾਰ ਵਲੋਂ ਇਹ ਕੰਮ ਲੋਕਾਂ ਦੀ ਸਹੂਲਤ ਲਈ ਕੀਤਾ ਗਿਆ ਹੈ, ਪ੍ਰੰਤੂ ਚੋਰ-ਲੁਟੇਰੇ ਵੀ ਇਨ੍ਹਾਂ ਕੇਂਦਰਾਂ 'ਤੇ ਆ ਕੇ ਚੋਰੀ ਕਰ ਲੈਂਦੇ ਹਨ ਕਿਉਂਕਿ ਜੋ ਥੱਕੇ ਟੁੱਟੇ ਲੋਕ ਕੇਂਦਰ ਵਿਚ ਆਉਂਦੇ ਹਨ, ਉਨ੍ਹਾਂ ਨੂੰ ਕਈ ਵਾਰ ਹਲਕੀ ਨੀਂਦ ਵੀ ਆ ਜਾਂਦੀ ਹੈ ਅਤੇ ਚੋਰ ਇਸ ਦਾ ਲਾਭ ਉਠਾਉਂਦੇ ਹੋਏ ਉਨ੍ਹਾਂ ਦਾ ਸਾਮਾਨ, ਮੋਬਾਈਲ ਤੇ ਪਰਸ ਚੋਰੀ ਕਰਕੇ ਫ਼ਰਾਰ ਹੋ ਰਹੇ ਹਨ | ਸਮਾਜ ਕਲਿਆਣ ਤੇ ਵਿਕਾਸ ਮੰਚ ਦਿੱਲੀ ਦੇ ਪ੍ਰਧਾਨ ਅਸ਼ੋਕ ਸੱਭਰਵਾਲ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ, ਪ੍ਰੰਤੂ ਚੋਰ ਤੇ ਲੁਟੇਰੇ ਇਸ ਦਾ ਲਾਭ ਉਠਾਉਂਦੇ ਹੋਏ ਆਪਣਾ ਕੰਮ ਕਰਦੇ ਹਨ ਜੋ ਬਹੁਤ ਗ਼ਲਤ ਹੈ | ਸੱਭਰਵਾਲ ਨੇ ਸਲਾਹ ਦਿੱਤੀ ਹੈ ਕਿ ਇਨ੍ਹਾਂ ਕੇਂਦਰਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਨਾਲ-ਨਾਲ ਗਾਰਡ ਦੀ ਵਿਵਸਥਾ ਵੀ ਕਰ ਦੇਣੀ ਚਾਹੀਦੀ ਹੈ |