ਨਵੀਂ ਦਿੱਲੀ, 30 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਅਤੇ ਐਨ.ਸੀ.ਆਰ. ਵਿਚ ਦੁਪਹਿਰ ਤੋਂ ਬਾਅਦ ਅਚਾਨਕ ਮੌਸਮ ਬਦਲ ਗਿਆ ਅਤੇ ਅਸਮਾਨ ਵਿਚ ਬੱਦਲ ਛਾ ਜਾਣ ਨਾਲ ਥੋੜ੍ਹੀ ਬਾਰਿਸ਼ ਹੋਣ 'ਤੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ ਅਤੇ ਠੰਢੀ ਹਵਾ ਵੀ ਚੱਲਣੀ ਸ਼ੁਰੂ ਹੋਈ | ਸੜਕਾਂ 'ਤੇ ਪਾਣੀ ਵੀ ਖੜ੍ਹ ਗਿਆ | ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਤੱਕ ਹਲਕੀ ਬਾਰਿਸ਼ ਹੋਣ ਦੇ ਨਾਲ-ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ | ਇਸ ਪ੍ਰਤੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਦੋ ਦਿਨ ਤਾਪਮਾਨ 35 ਤੋਂ 37 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ | ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਇਕ ਜੂਨ ਤੋਂ ਬਾਅਦ ਅਸਮਾਨ ਸਾਫ਼ ਰਹੇਗਾ | ਇਸ ਨਾਲ ਹੀ ਪਾਰਾ ਵਧਣ ਦੀ ਸੰਭਾਵਨਾ ਹੈ | ਇਹ ਵੀ ਅਨੁਮਾਨ ਹੈ ਕਿ 4 ਜੂਨ ਤੱਕ ਪਾਰਾ 40 ਤੋਂ 42 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ | 29 ਮਈ ਤੱਕ ਲੋਕਾਂ ਨੂੰ ਗਰਮੀ ਨੇ ਬਹੁਤ ਜ਼ਿਆਦਾ ਪ੍ਰੇਸ਼ਾਨ ਕੀਤਾ ਹੋਇਆ ਹੈ ਅਤੇ ਇਸ ਤੋਂ ਬਚਣ ਲਈ ਲੋਕਾਂ ਕੋਲ ਏ.ਸੀ., ਕੂਲਰ ਤੇ ਪੱਖਿਆਂ ਦਾ ਸਹਾਰਾ ਤਾਂ ਹੈ ਪ੍ਰੰਤੂ ਇਸਦੇ ਨਾਲ ਹੀ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ | ਬਿਜਲੀ ਕੰਪਨੀਆਂ ਨੂੰ ਬਿਜਲੀ ਪ੍ਰਤੀ ਏਧਰ ਉਧਰੋਂ ਬਿਜਲੀ ਪੂਰੀ ਕਰਨੀ ਪੈ ਰਹੀ ਹੈ |