ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਥਾਣਾ ਮੰਡਾਵਲੀ ਪੁਲਿਸ ਨੇ ਚੋਰੀ ਦੇ ਮਾਮਲੇ ਵਿਚ ਇਕ ਦੀਪਕ (27) ਨਾਂਅ ਦੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ, ਜੋ ਕਿ ਮੰਡਾਵਲੀ ਇਲਾਕੇ ਦਾ ਰਹਿਣ ਵਾਲਾ ਹੈ | ਇਹ ਵਿਅਕਤੀ ਪਹਿਲਾਂ ਵੀ 10 ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹੈ | ਪੁਲਿਸ ਨੇ ਇਸ ਕੋਲੋਂ ਇਕ ਲੈਪਟਾਪ, ਇਕ ਮੋਬਾਈਲ ਫੋਨ, 7570 ਰੁਪਏ, 230 ਨੇਪਾਲੀ ਕਰੰਸੀ ਅਤੇ ਹੋਰ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਹੈ | ਇਸ ਵਿਅਕਤੀ ਨੇ ਇਕ ਘਰ ਵਿਚੋਂ ਕੁਝ ਸਾਮਾਨ ਚੋਰੀ ਕਰ ਲਿਆ ਸੀ, ਜਿਸ ਦੀ ਸ਼ਿਕਾਇਤ ਘਰ ਵਾਲਿਆਂ ਨੇ ਪੁਲਿਸ ਕੋਲ ਕੀਤੀ ਸੀ ਅਤੇ ਪੁਲਿਸ ਨੇ ਚੋਰ ਨੂੰ ਫੜਨ ਲਈ ਆਪਣੀ ਕਾਰਵਾਈ ਕਰਦੇ ਹੋਏ ਇਕ ਟੀਮ ਬਣਾਈ ਜਿਸ ਦੀ ਅਗਵਾਈ ਮੰਡਾਵਲੀ ਥਾਣੇ ਦੇ ਐਸ.ਐਚ.ਓ. ਨੇ ਕੀਤੀ | ਚੋਰ ਨੂੰ ਫੜਨ ਲਈ ਸੀ.ਸੀ.ਟੀ.ਵੀ. ਫੁਟੇਜ, ਤਕਨੀਕੀ ਜਾਣਕਾਰੀ, ਲੋਕਾਂ ਤੋਂ ਪੁੱਛ-ਪੜਤਾਲ ਨਾਲ ਲੋਕਲ ਇੰਟੈਲੀਜੈਂਸੀ ਦੀ ਸਹਾਇਤਾ ਲਈ | ਅਖੀਰ ਪੁਲਿਸ ਨੇ ਚੋਰ ਦੀ ਪਹਿਚਾਣ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਜਦੋਂ ਪੁਲਿਸ ਨੇ ਫੜੇ ਗਏ ਚੋਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਖੁਲਾਸਾ ਕਰ ਦਿੱਤਾ | ਪੁਲਿਸ ਨੇ ਇਸ ਕੋਲੋਂ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ | ਪੁਲਿਸ ਇਸ ਦੀਆਂ ਅਪਰਾਧੀ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਲੈ ਰਹੀ ਹੈ |