ਰਤੀਆ, 13 ਜੂਨ (ਬੇਅੰਤ ਕੌਰ ਮੰਡੇਰ)- ਰਤੀਆ ਵਿਧਾਨ ਸਭਾ ਹਲਕੇ ਦੇ ਚੋਣ ਰਜਿਸਟਰੇਸ਼ਨ ਅਫ਼ਸਰ ਤੇ ਐਸ.ਡੀ.ਐਮ. ਸੁਰੇਂਦਰ ਸਿੰਘ ਨੇ ਇਲਾਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਮੁਹਿੰਮ ਦੌਰਾਨ ਉਨ੍ਹਾਂ ਦੇ ਘਰਾਂ ਦਾ ਦੌਰਾ ਕਰਨ ਵਾਲੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼.) ਨੂੰ 2 ਰੰਗੀਨ ਪਾਸਪੋਰਟ-ਆਕਾਰ ਦੀਆਂ ਫ਼ੋਟੋਆਂ ਪ੍ਰਦਾਨ ਕਰਨ, ਤਾਂ ਜੋ ਉਨ੍ਹਾਂ ਦੀਆਂ ਫ਼ੋਟੋਆਂ ਅਤੇ ਹੋਰ ਜਾਣਕਾਰੀ ਵੋਟਰ ਸੂਚੀ 'ਚ ਸਹੀ ਢੰਗ ਨਾਲ ਦਰਜ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਵੋਟਰ ਸੂਚੀ ਗਲਤੀ-ਮੁਕਤ, ਅੱਪ-ਟੂ-ਡੇਟ ਅਤੇ ਪਾਰਦਰਸ਼ੀ ਹੋਣ ਨੂੰ ਯਕੀਨੀ ਬਣਾਉਣ ਲਈ ਹਰੇਕ ਨਾਗਰਿਕ ਦਾ ਸਹਿਯੋਗ ਜ਼ਰੂਰੀ ਹੈ | ਬੀ.ਐਲ.ਓਜ਼. ਦੁਆਰਾ ਮੰਗੀ ਗਈ ਜਾਣਕਾਰੀ ਪ੍ਰਦਾਨ ਕਰਨਾ ਹਰੇਕ ਵੋਟਰ ਦੀ ਜ਼ਿੰਮੇਵਾਰੀ ਹੈ | ਐਸ.ਡੀ.ਐਮ. ਸੁਰਿੰਦਰ ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਆਪਣੇ ਦਫ਼ਤਰ 'ਚ ਕਰਵਾਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਸਾਲ 2026 ਲਈ ਇੱਕ ਵਿਸ਼ੇਸ਼ ਤੀਬਰ ਸੋਧ ਮੁਹਿੰਮ ਚਲਾ ਰਿਹਾ ਹੈ, ਜਿਸ ਤਹਿਤ ਵੋਟਰ ਸੂਚੀ ਦੀ ਵਿਆਪਕ ਤਸਦੀਕ ਕੀਤੀ ਜਾਵੇਗੀ | ਮੁਹਿੰਮ ਦਾ ਮੁੱਖ ਉਦੇਸ਼ ਵੋਟਰ ਸੂਚੀ 'ਚ ਯੋਗ ਨਾਗਰਿਕਾਂ ਨਾਂਅ ਸ਼ਾਮਿਲ ਕਰਨਾ ਅਤੇ ਅਯੋਗ, ਮਿ੍ਤਕ ਜਾਂ ਤਬਦੀਲ ਕੀਤੇ ਗਏ ਵੋਟਰਾਂ ਦੇ ਨਾਂਅ ਹਟਾ ਕੇ ਸੂਚੀ ਨੂੰ ਹੋਰ ਸਹੀ ਤੇ ਭਰੋਸੇਯੋਗ ਬਣਾਉਣਾ ਹੈ | ਐਸ.ਡੀ.ਐਮ. ਨੇ ਕਿਹਾ ਕਿ ਨਾਗਰਿਕਾਂ ਨੂੰ ਬੀ.ਐਲ.ਓ. ਨਾਲ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਸਹੀ ਤੇ ਪ੍ਰਮਾਣਿਤ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ | ਉਨ੍ਹਾਂ ਅਪੀਲ ਕੀਤੀ ਕਿ ਹਰੇਕ ਵੋਟਰ ਕੋਲ 2 ਰੰਗੀਨ ਪਾਸਪੋਰਟ-ਆਕਾਰ ਦੀਆਂ ਫ਼ੋਟੋਆਂ ਤਿਆਰ ਹੋਣ ਤਾਂ ਜੋ ਵੋਟਰ ਸੂਚੀ 'ਚ ਫ਼ੋਟੋਆਂ ਨੂੰ ਅੱਪਡੇਟ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਜਾ ਸਕੇ | ਉਨ੍ਹਾਂ ਹਦਾਇਤ ਦਿੱਤੀ ਕਿ ਡਰਾਫ਼ਟ ਵੋਟਰ ਸੂਚੀ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਾਰੇ ਨਾਗਰਿਕਾਂ ਨੂੰ ਆਪਣਾ ਨਾਂਅ, ਪਤਾ, ਫ਼ੋਟੋ ਅਤੇ ਹੋਰ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ | ਜੇਕਰ ਕੋਈ ਗ਼ਲਤੀਆਂ, ਭੁੱਲ ਜਾਂ ਇਤਰਾਜ਼ ਹਨ, ਤਾਂ ਉਨ੍ਹਾਂ ਨੂੰ ਨਿਰਧਾਰਿਤ ਸਮੇਂ 'ਚ ਦਾਅਵੇ ਅਤੇ ਇਤਰਾਜ਼ ਜਮਾ ਕਰਵਾਉਣੇ ਚਾਹੀਦੇ ਹਨ ਤਾਂ ਜੋ ਅੰਤਿਮ ਵੋਟਰ ਸੂਚੀ ਪੂਰੀ ਤਰ੍ਹਾਂ, ਸਹੀ ਅਤੇ ਅੱਪ-ਟੂ-ਡੇਟ ਤਿਆਰ ਕੀਤੀ ਜਾ ਐਸ.ਡੀ.ਐਮ. ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਸਹੀ ਅਤੇ ਗਲਤੀ-ਮੁਕਤ ਵੋਟਰ ਸੂਚੀ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਇੱਕ ਵਿਸ਼ੇਸ਼ ਤੀਬਰ ਸੋਧ ਅਧੀਨ ਤਿਆਰ ਕੀਤੀ ਗਈ ਵੋਟਰ ਸੂਚੀ ਦਾ ਖਰੜਾ 21 ਜੁਲਾਈ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ | ਇਸ ਤੋਂ ਬਾਅਦ 21 ਜੁਲਾਈ ਤੋਂ 20 ਅਗਸਤ ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ, ਤਾਂ ਜੋ ਯੋਗ ਵੋਟਰਾਂ ਦੇ ਨਾਂਅ ਸ਼ਾਮਲ ਕੀਤੇ ਜਾ ਸਕਣ ਅਤੇ ਗ਼ਲਤੀਆਂ ਨੂੰ ਸਮੇਂ ਸਿਰ ਹੱਲ ਕੀਤਾ ਜਾ ਸਕੇ | ਅੰਤਿਮ ਵੋਟਰ ਸੂਚੀ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ | ਉਨ੍ਹਾਂ ਇਲਾਕੇ ਦੇ ਨਾਗਰਿਕਾਂ, ਸਮਾਜਿਕ ਸੰਗਠਨਾਂ, ਜਨ ਪ੍ਰਤੀਨਿਧੀਆਂ ਅਤੇ ਨੌਜਵਾਨਾਂ ਨੂੰ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਤੇ ਚੋਣ ਵਿਭਾਗ ਨਾਲ ਸਹਿਯੋਗ ਕਰਨ ਦਾ ਸੱਦਾ ਦਿੱਤਾ |