ਤੂਫਾਨ ਨਾਲ ਦਰੱਖਤ, ਟੀਨ ਦੀਆਂ ਚਾਦਰਾਂ, ਸੋਲਰ ਪੈਨਲ ਅਤੇ ਬਿਜਲੀ ਦੇ ਖੰਭੇ ਡਿੱਗੇ
ਅਜੀਤ ਡੈਸਕ
14-06-2026
ਬਿਜਲੀ ਦੇ ਖੰਭੇ ਡਿਗਣ ਕਰਕੇ ਕਈ ਪਿੰਡਾਂ ਵਿੱਚ ਵਾਟਰ ਵਰਕਸ ਅਤੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਕਾਰਨ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਬਿਜਲੀ ਨਿਗਮ ਦੀਆਂ ਟੀਮਾਂ ਨੇ ਤੇਜ਼ੀ ਨਾਲ ਰਾਹਤ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ | ਬੜਾਗੁੜ੍ਹਾ ਬਿਜਲੀਘਰ ਅਧੀਨ ਪੈਂਦੇ ਪਿੰਡਾਂ ਵਿੱਚ ਕਰਮਚਾਰੀਆਂ ਨੇ ਲਗਾਤਾਰ ਫੀਲਡ ਗਸ਼ਤ ਕੀਤੀ, ਨੁਕਸ ਪਛਾਣੇ ਅਤੇ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਕੀਤੀ | ਇਸ ਤੋਂ ਬਾਅਦ ਦੁਪਹਿਰ ਤੱਕ ਬੜਾਗੁੜ੍ਹਾ, ਝਿੜੀ ਅਤੇ ਨਾਗੋਕੀ ਆਦਿ ਪਿੰਡਾਂ ਵਿੱਚ ਬਿਜਲੀ ਸਪਲਾਈ ਬਹਾਲ ਹੋਣ 'ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ |
ਇਸੇ ਤਰ੍ਹਾਂ ਪੰਜੂਆਣਾ ਸਬ-ਯੂਨਿਟ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਨੂਹੀਆਂਵਾਲੀ, ਘੁੱਕਿਆਂਵਾਲੀ, ਕਿਰਾੜਕੋਟ, ਸਵਾਈਪੁਰ, ਮੱਲੇਵਾਲਾ, ਬੁਢਾਭਾਣਾ, ਸੂਬਾਖੇੜਾ ਆਦਿ ਵਿੱਚ ਵੱਖ-ਵੱਖ ਥਾਵਾਂ 'ਤੇ ਲਗਭਗ 100 ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ | ਕਰਮਚਾਰੀ ਬਿਜਲੀ ਸਪਲਾਈ ਬਹਾਲ ਕਰਨ ਲਈ ਲਗਾਤਾਰ ਮਿਹਨਤ ਕਰ ਰਹੇ ਹਨ | ਇਸੇ ਤਰ੍ਹਾਂ ਕੁਰੰਗਾਂਵਾਲੀ ਵਿਖੇ 132 ਕੇਵੀ ਪਾਵਰ ਸਟੇਸ਼ਨ ਤੋਂ ਪੰਜਮਾਲਾ 33 ਕੇਵੀ ਪਾਵਰ ਸਟੇਸ਼ਨ ਤੱਕ ਮੁੱਖ ਸਪਲਾਈ ਲੈ ਜਾਣ ਵਾਲੇ ਕਈ ਖੰਭਿਆਂ ਦੇ ਡਿੱਗਣ ਨਾਲ ਵੀ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ, ਜਿਨ੍ਹਾਂ ਵਿੱਚ ਪੰਜਮਾਲਾ, ਅਲੀਕਾਂ, ਰੰਗਾ, ਲਹਿੰਗੇਵਾਲਾ, ਮੱਤੜ, ਰੰਗਾ ਆਦਿ ਸ਼ਾਮਲ ਹਨ | ਪੰਜਮਾਲਾ ਪਾਵਰ ਸਟੇਸ਼ਨ ਤੋਂ ਅਲੀਕਾਂ-ਰੰਗਾ ਰੋਡ ਰਾਹੀਂ ਪਿੰਡ ਲਹਿੰਗੇਵਾਲਾ ਵਿੱਚ 33 ਕੇਵੀ ਪਾਵਰ ਸਟੇਸ਼ਨ ਤੱਕ ਹਾਈ-ਵੋਲਟੇਜ ਪਾਵਰ ਲਾਈਨ ਦੇ ਲਗਭਗ 20 ਖੰਭੇ ਵੀ ਨੁਕਸਾਨੇ ਗਏ | ਇਸ ਕਾਰਨ ਰੰਗਾ, ਮੱਤੜ ਅਤੇ ਲਹੰਗੇਵਾਲਾ ਵਰਗੇ ਪਿੰਡਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ | ਇਸ ਤੋਂ ਪਹਿਲਾਂ ਆਏ ਤੂਫਾਨ ਕਾਰਨ ਇਸੇ ਲਾਈਨ 'ਤੇ ਲਗਭਗ ਦੋ ਦਰਜਨ ਬਿਜਲੀ ਦੇ ਖੰਭੇ ਡਿੱਗ ਗਏ ਸਨ | ਇਹਨਾਂ ਡਿਗੇ ਖੰਭਿਆਂ ਦੀ ਥਾਂ ਨਵੇਂ ਖੰਭੇ ਲਗਾਉਣ ਦਾ ਕੰਮ ਅਜੇ ਵੀ ਜਾਰੀ ਹੈ | ਉਮੀਦ ਹੈ ਕਿ ਕੱਲ੍ਹ ਤੱਕ ਬਿਜਲੀ ਸਪਲਾਈ ਬਹਾਲ ਹੋ ਜਾਵੇਗੀ | ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨਾਲ ਲੋਕਾਂ ਨੂੰ ਬਿਜਲੀ ਅਤੇ ਪਾਣੀ ਤੋਂ ਬਿਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਬਿਜਲੀ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਭਾਵਿਤ ਬਿਜਲੀ ਘਰਾਂ ਦੇ ਅਧੀਨ ਵੱਖ-ਵੱਖ ਪਿੰਡਾਂ ਵਿੱਚ ਕਰਮਚਾਰੀਆਂ ਦੁਆਰਾ ਹਾਈਡਰੌਲਿਕ ਮਸ਼ੀਨਾਂ ਦੀ ਮਦਦ ਨਾਲ ਨਵੇਂ ਬਿਜਲੀ ਦੇ ਖੰਭੇ ਲਗਾਉਣ ਦਾ ਕੰਮ ਜਾਰੀ ਹੈ | ਕੰਮ ਪੂਰਾ ਹੋਣ ਤੋਂ ਬਾਅਦ ਹੀ ਬਿਜਲੀ ਸਪਲਾਈ ਬਹਾਲ ਕੀਤੀ ਜਾਵੇਗੀ |